ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਵਿਰੁੱਧ ਬਿਆਨਬਾਜ਼ੀ ਤੋਂ ਇਲਾਵਾ ਉਸ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਜੋ 14 ਦਿਨਾਂ ਦਾ ਜਵਾਬ ਤਲਬੀ ਨੋਟਿਸ ਭੇਜਣ ਦਾ ਰੌਲਾ ਪਿਆ ਸੀ, ਲੱਗਦਾ ਹੈ ਉਸ ਦਾ ਰਾਜਸੀ ਭੋਗ ਪੈ ਗਿਆ ਹੈ। ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਅਕਾਲੀ ਦਲ ਵਲੋਂ ਘੱਲਿਆ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਮਿਲਣ ਦੀ ਆਸ ਹੈ। ਉਨ੍ਹਾਂ ਦੇ ਸ਼ਬਦਾਂ ਤੋਂ ਲੱਗ ਰਿਹਾ ਸੀ ਕਿ ਢੀਂਡਸਾ ਨੂੰ ਨੋਟਿਸ 'ਤੇ ਪਾਰਟੀ 'ਚੋਂ ਕੱਢਣਾ ਅਕਾਲੀ ਦਲ ਲਈ 'ਖਾਲਾ ਜੀ ਦਾ ਵਾੜਾ' ਨਹੀਂ ਹੋਵੇਗਾ।
ਡਾ. ਚੀਮਾ ਦੇ ਬੋਲਾਂ ਤੋਂ ਲੱਗ ਰਿਹਾ ਸੀ ਕਿ ਅਜੇ ਵੀ ਨੋਟਿਸ ਦੇਣ 'ਚ ਦੇਰ ਹੋ ਸਕਦੀ ਹੈ। ਜਦੋਂਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ 2 ਫਰਵਰੀ ਨੂੰ ਢੀਂਡਸਿਆਂ ਦੇ ਗੜ੍ਹ ਸੰਗਰੂਰ 'ਚ ਵੱਡੀ ਰੈਲੀ ਕਰ ਕੇ ਆਪਣੀ ਰਾਜਸੀ ਤਾਕਤ ਦਿਖਾਉਣ ਲਈ ਪੰਜਾਬ ਭਰ ਤੋਂ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਅੰਦਰਖਾਤੇ ਸੰਗਰੂਰ ਪੁੱਜਣ ਦੇ ਹੁਕਮ ਦੇ ਚੁੱਕੇ ਹਨ। ਢੀਂਡਸਾ ਖਿਲਾਫ ਕਾਰਵਾਈ ਬਾਰੇ ਰਾਜਸੀ ਪੰਡਤਾਂ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਢੀਂਡਸਾ ਕੋਈ ਆਮ ਨੇਤਾ ਨਹੀਂ, ਉਹ ਰਾਜ ਸਭਾ ਦੇ ਮੈਂਬਰ ਹਨ ਅਤੇ ਕੇਂਦਰ ਵਿਚਲੀ ਭਾਜਪਾ ਨਾਲ ਉਸ ਦੀ ਬਾਦਲ ਵਾਂਗ ਗੂੜ੍ਹੀ ਸਾਂਝ ਹੈ।
ਬਾਕੀ ਜਿਸ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਅੱਜ-ਕੱਲ ਤਲਖੀ ਵਾਲੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਅਕਾਲੀ ਦਲ ਕੋਈ ਹੋਰ ਮੁਸੀਬਤ ਗਲ਼ ਪੈਣ ਤੋਂ ਡਰੇਗਾ ਕਿਉਂਕਿ ਪੰਜਾਬ ਅਤੇ ਦਿੱਲੀ 'ਚ ਇਹ ਰਾਜਸੀ ਹਵਾ ਉੱਡ ਰਹੀ ਹੈ ਕਿ ਕਿਧਰੇ ਭਾਜਪਾ ਢੀਂਡਸਾ ਨੂੰ ਕੇਂਦਰੀ ਮੰਤਰੀ ਨਾ ਬਣਾ ਦੇਵੇ। ਭਾਵੇਂ ਇਸ ਵਿਚ ਭੋਰਾ ਵੀ ਸੱਚਾਈ ਲੱਗਦੀ ਨਹੀਂ ਪਰ ਅਕਾਲੀਆਂ ਨੂੰ ਡਰ ਜ਼ਰੂਰ ਲਗ ਰਿਹਾ ਹੋਵੇਗਾ। ਇਸ ਲਈ ਪੰਡਤਾਂ ਨੇ ਕਿਹਾ ਕਿ ਢੀਂਡਸਾ ਖਿਲਾਫ ਅਜੇ ਇਹ ਬਿਆਨਬਾਜ਼ੀ ਤਾਂ ਚੱਲਦੀ ਰਹਿ ਸਕਦੀ ਹੈ ਪਰ ਪਿਉ-ਪੁੱਤਰ ਨੂੰ ਮੱਖਣ 'ਚੋਂ ਵਾਲ ਵਾਂਗ ਕੱਢਣਾ ਅਕਾਲੀ ਦਲ ਲਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ।
ਪਰਮਿੰਦਰ ਨੂੰ ਜਲਦੀ ਭੇਜ ਰਹੇ ਹਾਂ ਨੋਟਿਸ : ਡਾ. ਚੀਮਾ
ਜਦੋਂ ਨੋਟਿਸ ਦੀ ਪੁਸ਼ਟੀ ਲਈ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਸਭ ਵਿਚਾਰ ਅਧੀਨ ਹੈ ਅਤੇ ਨੋਟਿਸ ਜਲਦੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਕਿ 15 ਦਿਨ ਹੋ ਗਏ ਹਨ ਹੁਣ ਤੱਕ ਨੋਟਿਸ ਜਾਰੀ ਕਿਉਂ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੌੜੀਂਦੀ ਕਾਰਵਾਈ ਜ਼ਰੂਰੀ ਹੁੰਦੀ ਹੈ।
ਪੰਜਾਬ 'ਚ ਹੋ ਰਹੀ ਦਰਮਿਆਨੀ ਬਾਰਸ਼, ਮੁੜ ਜ਼ੋਰ ਫੜ੍ਹਨ ਲੱਗੀ ਠੰਡ
NEXT STORY