ਲੁਧਿਆਣਾ,(ਜ.ਬ.)- ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ 86 ਵਿਅਕਤੀ ਪਾਜ਼ੇਟਿਵ ਆਏ ਹਨ, ਜਦੋਂਕਿ ਇਕ 75 ਸਾਲਾ ਬਜ਼ੁਰਗ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਗਈ ਹੈ। ਉਕਤ ਮ੍ਰਿਤਕ ਵਿਅਕਤੀ ਰਾਮ ਨਗਰ ਖੰਨਾ ਦਾ ਰਹਿਣ ਵਾਲਾ ਸੀ ਅਤੇ ਫੋਰਟਿਸ ਹਸਪਤਾਲ ਵਿਚ ਦਾਖਲ ਸੀ। ਇਸ ਤੋਂ ਇਲਾਵਾ ਦੋਰਾਹਾ ’ਚ ਸਥਿਤ ਦਸਮੇਸ਼ ਚੈਰੀਟੇਬਲ ਹਸਪਤਾਲ ਦੇ 2 ਡਾਕਟਰ ਕੋਰੋਨਾ ਪਾਜ਼ੇਟਿਵ ਆਏ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ 86 ਪਾਜ਼ੇਟਿਵ ਮਰੀਜ਼ਾਂ ’ਚੋਂ 72 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 14 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ 86 ਮਰੀਜ਼ਾਂ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 27367 ਹੋ ਗਈ ਹੈ। ਇਨ੍ਹਾਂ ’ਚੋਂ 1031 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਮੁਤਾਬਕ ਜ਼ਿਲੇ ਤੋਂ ਇਲਾਵਾ 4268 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਅਤੇ ਸੂਬਿਆਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 510 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 25673 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ’ਚ ਜ਼ਿਲੇ ਵਿਚ 663 ਐਕਟਿਵ ਮਰੀਜ਼ ਹਨ।
4 ਵਿਦਿਆਰਥੀ, 3 ਸਕੂਲ ਟੀਚਰ ਆਏ ਪਾਜ਼ੇਟਿਵ
ਜ਼ਿਲ੍ਹੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 4 ਵਿਦਿਆਰਥੀ, 3 ਸਕੂਲ ਅਧਿਆਪਕ ਵੀ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ ਇਕ-ਇਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ, ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਅਤੇ 2 ਵਿਦਿਆਰਥੀ ਏ. ਐੈੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਹਨ, ਜਦੋਂਕਿ 3 ਪਾਜ਼ੇਟਿਵ ਅਧਿਆਪਕਾਂ ’ਚ ਇਕ ਹਾਰਵੈਸਟ ਸਕੂਲ ਜੱਸੋਵਾਲ ਅਤੇ ਦੋ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਦੱਸੇ ਜਾਂਦੇ ਹਨ। ਹੁਣ ਤੱਕ ਜ਼ਿਲ੍ਹੇ ਵਿਚ ਵੱਖ-ਵੱਖ ਸਕੂਲਾਂ ਦੇ 113 ਵਿਦਿਆਰਥੀਆਂ ਅਤੇ 65 ਟੀਚਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ।
ਜ਼ਿਲ੍ਹੇ ’ਚ 1175 ਸੀਨੀਅਰ ਨਾਗਰਿਕਾਂ ਨੇ ਲਈ ਵੈਕਸੀਨ ਦੀ ਡੋਜ਼
ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ 2765 ਵਿਅਕਤੀਆਂ ਨੇ ਵੈਕਸੀਨ ਦਾ ਇੰਜੈਕਸ਼ਨ ਲਗਵਾਇਆ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਗਿਣਤੀ 60 ਸਾਲ ਤੋਂ ਜ਼ਿਆਦਾ ਸੀਨੀਅਰ ਨਾਗਰਿਕਾਂ ਦੀ ਰਹੀ, ਜਿਸ ਵਿਚ 1175 ਸੀਨੀਅਰ ਨਾਗਰਿਕ ਵੈਕਸੀਨ ਲਗਵਾਉਣ ਲਈ ਹਾਜ਼ਰ ਹੋਏ। ਇਸ ਤੋਂ ਇਲਾਵਾ 327 ਵਿਅਕਤੀ 45 ਤੋਂ 60 ਸਾਲ ਦੀ ਉਮਰ ਵਰਗ ਦੇ ਲੋਕਾਂ ਨੇ ਟੀਕਾ ਲਗਵਾਇਆ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਨਾ ਕੋਈ ਗੰਭੀਰ ਰੋਗ ਹੈ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਵਿਚ 297 ਨੇ ਪਹਿਲੀ ਡੋਜ਼ ਲਗਵਾਈ ਅਤੇ 729 ਦੂਜੀ ਡੋਜ਼ ਲਗਵਾਉਣ ਲਈ ਹਾਜ਼ਰ ਹੋਏ, ਜਦਕਿ 235 ਫਰੰਟਲਾਈਨ ਵਰਕਰਾਂ ਨੇ ਵੱਖ-ਵੱਖ ਸੋਸ਼ਲ ਸਾਈਟ ’ਤੇ ਪੁੱਜ ਕੇ ਆਪਣੀ ਟੀਕਾਕਰਨ ਕਰਵਾਇਆ। ਹੁਣ ਤੱਕ ਜ਼ਿਲ੍ਹੇ ਵਿਚ 45,768 ਵਿਅਕਤੀ ਟੀਕੇ ਲਗਵਾ ਚੁੱਕੇ ਹਨ।
ਆਈਸੋਲੇਸ਼ਨ ’ਚ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਜਾਰੀ
ਸਿਹਤ ਵਿਭਾਗ ਦੀ ਟੀਮ ਨੇ ਅੱਜ 89 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ, ਜਦੋਂਕਿ 162 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਗਿਆ ਹੈ। ਹੋਮ ਆਈਸੋਲੇਸ਼ਨ ਵਿਚ 517 ਪਾਜ਼ੇਟਿਵ ਮਰੀਜ਼ ਹੋ ਗਏ ਹਨ, ਜਦੋਂਕਿ ਕੁਆਰੰਟਾਈਨ ਵਿਚ ਰਹਿ ਰਹੇ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 1210 ਹੋ ਗਈ ਹੈ।
ਹਸਪਤਾਲਾਂ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 152 ਹੋਈ, 8 ਦੀ ਹਾਲਤ ਗੰਭੀਰ
ਜ਼ਿਲ੍ਹੇ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 152 ਹੋ ਗਈ ਹੈ। ਇਨ੍ਹਾਂ ’ਚੋਂ 11 ਮਰੀਜ਼ ਸਰਕਾਰੀ ਹਸਪਤਾਲਾਂ ਵਿਚ, ਜਦੋਂਕਿ 141 ਮਰੀਜ਼ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ। ਇਨ੍ਹਾਂ ’ਚੋਂ 8 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 4 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 4 ਬਾਹਰੀ ਮਰੀਜ਼ ਸ਼ਾਮਲ ਹਨ।
ਸੈਂਪਲਿੰਗ ਦੀ ਗਿਣਤੀ ਵਧਾਈ
ਜ਼ਿਲ੍ਹੇ ਵਿਚ ਸੈਂਪਲਿੰਗ ਦੀ ਗਿਣਤੀ ਵਧਾਉਂਦੇ ਹੋਏ ਅੱਜ 3904 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 2993 ਸੈਂਪਲ ਸਿਹਤ ਵਿਭਾਗ ਵੱਲੋਂ, ਜਦੋਂਕਿ 911 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ। ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 1543 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾ ਰਹੀ ਹੈ।
38 ਮਰੀਜ਼ ਹੋਏ ਡਿਸਚਾਰਜ
ਜ਼ਿਲ੍ਹੇ ਵਿਚ ਅੱਜ 38 ਮਰੀਜ਼ਾਂ ਨੂੰ ਕੋਰੋਨਾ ਮੁਕਤ ਹੋਣ ’ਤੇ ਡਿਸਚਾਰਜ ਕੀਤਾ ਗਿਆ ਹੈ ਪਰ ਦੂਜੇ ਪਾਸੇ ਇਸ ਤੋਂ ਲਗਭਗ ਦੁੱਗਣੇ ਦੇ ਕਰੀਬ ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।
ਸੰਤ ਅਸ਼ਵਨੀ ਬੇਦੀ ਜੀ ਨੇ ਲਗਵਾਈ ਵੈਕਸੀਨ ਦੀ ਪਹਿਲੀ ਡੋਜ਼
ਜ਼ਿਲ੍ਹੇ ’ਚ ਚੱਲ ਰਹੀ ਵੈਕਸੀਨੇਸ਼ਨ ਦੀ ਮੁਹਿੰਮ ਤਹਿਤ ਅੱਜ ਦੀਪਕ ਹਸਪਤਾਲ ਵਿਚ ਸ਼ੁਰੂ ਹੋਈ ਸੈਸ਼ਨ ਸਾਈਟ ’ਤੇ ਸ਼੍ਰੀ ਰਾਮ ਸ਼ਰਣਮ, ਸ਼੍ਰੀ ਰਾਮ ਪਾਰਕ ਦੇ ਮੁਖੀ ਸੰਤ ਸ਼੍ਰੀ ਅਸ਼ਵਨੀ ਬੇਦੀ ਜੀ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮਾਂ ਰੇਖਾ ਬੇਦੀ ਵੀ ਟੀਕਾਕਰਨ ਲਈ ਹਾਜ਼ਰ ਹੋਏ। ਦੀਪਕ ਚੈਬੀਟੇਬਲ ਹਸਪਤਾਲ ਦੇ ਸੰਚਾਲਕ ਸ਼ਿਵ ਪ੍ਰਸਾਦ ਮਿੱਤਲ ਦੀ ਅਗਵਾਈ ’ਚ ਵੈਕਸੀਨੇਸ਼ਨ ਦਾ ਕਾਰਜ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਸੰਤ ਸ਼੍ਰੀ ਅਸ਼ਵਨੀ ਬੇਦੀ ਜੀ ਮਹਾਰਾਜ ਵੱਲੋਂ ਪੂਜਾ-ਪਾਠ ਅਤੇ ਜਾਪ ਕੀਤਾ ਗਿਆ।
ਸੰਤ ਜੀ ਨੇ ਭਗਵਾਨ ਤੋਂ ਸਾਰਿਆਂ ਦੀ ਮੰਗਲ ਹੋਣ ਅਤੇ ਰੋਗ ਮੁਕਤ ਰਹਿਣ ਦੀ ਅਰਦਾਸ ਕੀਤੀ ਗਈ। ਔਰਤਾਂ ਵਿਚ ਵੀ ਪਹਿਲਾਂ ਇੰਜੈਕਸ਼ਨ ਮਾਂ ਰੇਖਾ ਬੇਦੀ ਜੀ ਨੂੰ ਲਗਾਇਆ ਗਿਆ। ਸੰਤ ਬੇਦੀ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਵਾਉਣਾ ਚਾਹੀਦਾ ਹੈ ਤਾਂ ਕਿ ਸਾਰੇ ਇਸ ਮਹਾਮਾਰੀ ਤੋਂ ਬਚੇ ਰਹਿਣ।
ਕੈਪਟਨ ਲੋਕਾਂ ਨਾਲ ਪੁਰਾਣੇ ਬਿਜਲੀ ਸਮਝੌਤੇ ਰੱਦ ਕਰਨ ਦਾ ਵਾਅਦਾ ਕਰ ਕੇ ਮੁਕਰੇ : ਚੀਮਾ
NEXT STORY