ਲੁਧਿਆਣਾ,(ਸਹਿਗਲ): ਜ਼ਿਲੇ 'ਚ ਕੋਰੋਨਾ ਵਾਇਰਸ ਨਾਲ 8ਵੀਂ ਮੌਤ ਹੋ ਗਈ ਹੈ। 51 ਸਾਲਾ ਮਰੀਜ਼ ਸ਼ੁੱਕਰਵਾਰ ਸਵੇਰੇ ਦਯਾਨੰਦ ਹਸਪਤਾਲ ਵਿਚ ਭਰਤੀ ਹੋਇਆ ਸੀ। ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ। ਅੱਜ ਸ਼ਾਮ 7.30 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਮ੍ਰਿਤਕ ਛਾਉਣੀ ਮੁਹੱਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸ਼ਾਮ ਨੂੰ ਆਈ ਰਿਪੋਰਟ 'ਚ ਉਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
ਇਸ ਤੋਂ ਮਹਾਨਗਰ ਵਿਚ ਐੱਨ. ਆਰ. ਆਈ. ਔਰਤ ਸਮੇਤ 3 ਵਿਅਕਤੀਆਂ 'ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸਿਹਤ ਵਿਭਾਗ ਕੋਲ ਪੁੱਜੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 33 ਸਾਲਾ ਐੱਨ. ਆਰ. ਆਈ. ਔਰਤ ਵਿਦੇਸ਼ ਯਾਤਰਾ ਤੋਂ ਮੁੰਬਈ ਪੁੱਜੀ ਸੀ। ਉਥੇ 2 ਮਹੀਨੇ ਰਹਿਣ ਤੋਂ ਬਾਅਦ ਜਦੋਂ 25 ਮਈ ਨੂੰ ਵਾਪਸ ਆਈ ਤਾਂ ਜਾਂਚ ਵਿਚ ਉਸ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਔਰਤ ਨੂੰ ਐੱਮ. ਸੀ. ਐੱਚ. ਵਰਧਮਾਨ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਹੈ ਅਤੇ ਦੂਜਾ ਮਰੀਜ਼ 57 ਸਾਲਾ ਮਾਡਲ ਟਾਊਨ ਦੇ ਇਕ ਨਿੱਜੀ ਹਸਪਤਾਲ ਵਿਚ ਕਿਸੇ ਹੋਰ ਰੋਗ ਦੇ ਇਲਾਜ ਲਈ ਭਰਤੀ ਹੋਇਆ ਸੀ। ਜਾਂਚ 'ਚ ਉਸ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਕਤ ਮਰੀਜ਼ ਅਜੇ ਵੀ ਹਸਪਤਾਲ ਵਿਚ ਭਰਤੀ ਹੈ, ਜਦਕਿ ਤੀਜਾ 27 ਸਾਲਾ ਮਰੀਜ਼ ਸਮਰਾਲਾ ਦਾ ਰਹਿਣ ਵਾਲਾ ਹੈ, ਜੋ 20 ਮਈ ਨੂੰ ਨਵੀਂ ਦਿੱਲੀ ਤੋਂ ਵਾਪਸ ਮੁੜਿਆ ਸੀ। ਉਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ 217 ਸੈਂਪਲਾਂ ਦੀ ਜਾਂਚ ਲਈ ਜੀ. ਐੱਮ. ਸੀ. ਪਟਿਆਲਾ ਭੇਜਿਆ ਸੀ, ਜਿਸ ਵਿਚ 196 ਦੀ ਰਿਪੋਰਟ ਨੈਗੇਟਿਵ ਹੈ ਅਤੇ 20 ਸੈਂਪਲ ਦੀ ਰਿਪੋਰਟ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 66 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 6363 ਦੀ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ ਹਨ ਅਤੇ 6091 ਲੋਕਾਂ ਦੇ ਟੈਸਟ ਨੈਗੇਟਿਵ ਹਨ।
ਕਦੋਂ-ਕਦੋਂ ਜਾਨਲੇਵਾ ਹੋਇਆ ਕੋਰੋਨਾ ਵਾਇਰਸ
30 ਮਾਰਚ ਨੂੰ ਅਮਰਪੁਰਾ ਦੀ 42 ਸਾਲਾਂ ਔਰਤ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ
5 ਅਪ੍ਰੈਲ ਨੂੰ ਸ਼ਿਮਲਾਪੁਰੀ ਨਿਵਾਸੀ 69 ਸਾਲਾਂ ਔਰਤ
17 ਅਪ੍ਰੈਲ ਨੂੰ 58 ਸਾਲਾ ਕਾਨੂੰਨਗੋ
18 ਅਪ੍ਰੈਲ ਨੂੰ ਪੁਲਸ ਦੇ ਏ. ਸੀ. ਪੀ.
3 ਮਈ ਨੂੰ ਬਸਤੀ ਜੋਧੇਵਾਲ ਦੀ 62 ਸਾਲਾ ਔਰਤ
9 ਮਈ ਨੂੰ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਇਸ ਵਾਇਰਸ ਦਾ ਸ਼ਿਕਾਰ ਹੋਏ
16 ਮਈ ਨੂੰ ਹੈਬੋਵਾਲ ਕਲਾਂ ਦਾ 6 ਸਾਲਾ ਲੜਕਾ ਵਾਇਰਸ ਦਾ 7ਵਾਂ ਸ਼ਿਕਾਰ ਬਣਿਆ।
ਮਾਸਕ ਨਾ ਪਹਿਨਿਆ ਤਾਂ ਹੋਵੇਗਾ 500 ਜ਼ੁਰਮਾਨਾ
ਸਿਵਲ ਸਰਜਨ ਨੇ ਦੱਸਿਆ ਕਿ ਮਾਸਕ ਨਾ ਪਹਿਨਣ 'ਤੇ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ, ਜਦੋਂਕਿ ਹੋਮ ਕਾਅਰੰਟਾਈਨ ਦੀ ਉਲੰਘਣਾ ਕਰਨ 'ਤੇ 2000 ਰੁਪਏ ਅਤੇ ਪਬਲਿਕ ਪਲੇਸ 'ਤੇ ਥੁੱਕਣ 'ਤੇ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਨ।
110 ਵਿਅਕਤੀਆਂ ਨੂੰ ਕੀਤਾ ਹੋਮ ਕੁਅਰੰਟਾਈਨ
ਜ਼ਿਲੇ ਵਿਚ ਸਿਹਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮਾਂ 'ਚ ਅੱਜ 133 ਵਿਅਕਤੀਆਂ ਦੀ ਸਕ੍ਰੀਨਿੰਗ ਕਰ ਕੇ ਉਨ੍ਹਾਂ 'ਚੋਂ 110 ਨੂੰ ਘਰ ਵਿਚ ਇਕਾਂਤਵਾਸ ਰਹਿਣ ਲਈ ਕਿਹਾ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ 6603 ਵਿਅਕਤੀਆਂ ਨੂੰ ਹੋਮ ਕੁਅਰੰਟਾਈਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 1741 ਅਜੇ ਵੀ ਵੱਖਰੇ ਰਹਿ ਰਹੇ ਹਨ।
ਲੁਧਿਆਣਾ ਸਿਵਲ ਹਸਪਤਾਲ 'ਚ ਨਹੀਂ ਭਰਤੀ ਹੋਣਗੇ ਕੋਰੋਨਾ ਦੇ ਨਵੇਂ ਮਰੀਜ਼
NEXT STORY