ਲੁਧਿਆਣਾ (ਰਾਜ) : ਗਿਆਸਪੁਰਾ ਦੇ ਸੂਆ ਰੋਡ ਵਿਖੇ ਹੋਈ ਗੈਸ ਲੀਕ ਘਟਨਾ ਦੇ ਦੂਜੇ ਦਿਨ ਵੀ ਦਹਿਸ਼ਤ ਬਰਕਰਾਰ ਹੈ। ਲੋਕਾਂ ਦੀਆਂ ਅੱਖਾਂ ’ਚ ਡਰ ਦਿਖਾਈ ਦੇ ਰਿਹਾ ਸੀ। ਘਟਨਾ ਸਥਾਨ ਕੋਲ ਜਾਣ ਤੋਂ ਲੋਕ ਘਬਰਾ ਰਹੇ ਸਨ। ਹਾਲਾਂਕਿ ਪੁਲਸ ਪ੍ਰਸ਼ਾਸਨ ਵਲੋਂ ਘਟਨਾ ਤੋਂ ਬਾਅਦ ਤੋਂ ਹੀ ਕਰੀਬ 300 ਮੀਟਰ ਦਾ ਇਲਾਕਾ ਸੀਲ ਕੀਤਾ ਹੋਇਆ ਸੀ। ਸੋਮਵਾਰ ਸਵੇਰ ਤੋਂ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੀਆਂ-ਆਪਣੀਆਂ ਟੀਮਾਂ ਨਾਲ ਇਲਾਕੇ ਦੀ ਗਲੀ-ਗਲੀ ’ਚ ਜਾ ਕੇ ਜਾਂਚ ’ਚ ਲੱਗੇ ਹੋਏ ਸਨ। ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੇ ਕਰੀਬ 100 ਤੋਂ 150 ਮੀਟਰ ਦੇ ਇਲਾਕੇ ਦੀ ਪੂਰੀ ਤਰ੍ਹਾਂ ਸਰਚ ਕੀਤੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਗੈਸ ਕਿਵੇਂ ਬਣੀ ਅਤੇ ਕਿਸ ਤਰ੍ਹਾਂ ਸੀਵਰੇਜ ਅੰਦਰ ਪੁੱਜੀ ਕਿਉਂਕਿ ਉਨ੍ਹਾਂ ਦੇ ਡਿਵਾਈਸ ’ਚ ਜ਼ਿਆਦਾਤਰ 100 ਮੀਟਰ ਦੇ ਏਰੀਆ ’ਚ ਗੈਸ ਦਾ ਜ਼ਿਆਦਾ ਪ੍ਰਭਾਵ ਨਾਪਿਆ ਗਿਆ ਸੀ। ਉੱਧਰ, ਨਗਰ ਨਿਗਮ ਦੇ ਅਧਿਕਾਰੀ ਆਪਣੀਆਂ ਟੀਮਾਂ ਨਾਲ ਆਸ-ਪਾਸ ਦੇ ਇਲਾਕੇ ਅਤੇ ਗਲੀਆਂ ਦੇ ਸੀਵਰੇਜ ਦੇ ਢੱਕਣ ਚੁੱਕ ਕੇ ਪਾਣੀ ਦੇ ਸੈਂਪਲ ਲੈ ਰਹੀਆਂ ਸਨ। ਇਸ ਤੋਂ ਇਲਾਵਾ ਸੀਵਰੇਜ ਦੇ ਅੰਦਰ ਕਾਸਟਿਕ ਸੋਢਾ ਪਾਇਆ ਜਾ ਰਿਹਾ ਸੀ ਤਾਂ ਕਿ ਜ਼ਹਿਰੀਲੀ ਗੈਸ ਦਾ ਅਸਰ ਘੱਟ ਹੋ ਸਕੇ।
ਇਹ ਵੀ ਪੜ੍ਹੋ : ਮੌਤ ਦੇ ਮੂੰਹ ’ਚੋਂ ਬਾਹਰ ਆਏ ਗੌਰਵ ਨੇ ਪ੍ਰਸ਼ਾਸਨ ਨੂੰ ਠਹਿਰਾਇਆ ਮੌਤਾਂ ਦਾ ਜ਼ਿੰਮੇਵਾਰ, ਬੋਲਿਆ-ਸੋਚ ਕੇ ਕੰਭ ਜਾਂਦੀ ਹੈ ਰੂਹ
ਆਸ-ਪਾਸ ਦੀਆਂ ਫੈਕਟਰੀਆਂ ਤੇ ਇੰਡਸਟਰੀਆਂ ਦੇ ਲਏ ਗਏ ਸੈਂਪਲ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਂਪਲ ਲੈਣ ਲਈ ਫੋਰੈਂਸਿਕ ਟੀਮਾਂ ਬੁਲਾਈਆਂ ਗਈਆਂ ਹਨ, ਜੋ ਘਟਨਾ ਸਥਾਨ ਨੇੜੇ ਅਤੇ ਆਸ-ਪਾਸ ਦੇ ਇਲਾਕੇ ’ਚ ਮੌਜੂਦ ਫੈਕਟਰੀ ਅਤੇ ਇੰਡਸਟਰੀਆਂ ਤੋਂ ਸੈਂਪਲ ਇਕੱਠੇ ਕਰ ਰਹੀਆਂ ਸਨ, ਜਿਨ੍ਹਾਂ ਨੂੰ ਟੈਸਟ ਲਈ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਨਗਰ ਨਿਗਮ ਦੀਆਂ ਟੀਮਾਂ ਵੀ ਲਗਾਤਾਰ ਸੀਵਰੇਜ ਦੀਆਂ ਪਾਈਪਾਂ ਨੂੰ ਸਾਫ ਕਰਨ ’ਚ ਲੱਗੀਆਂ ਹੋਈਆਾਂ ਹਨ।
ਮ੍ਰਿਤਕਾਂ ਦੇ ਘਰਾਂ ਦੇ ਅੰਦਰ ਬਣੀਆਂ ਹੌਦੀਆਂ ਦੇ ਵੀ ਭਰੇ ਗਏ ਸੈਂਪਲ
ਜਾਂਚ ਟੀਮਾਂ ਵਲੋਂ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਘਰਾਂ ਦੇ ਅੰਦਰ ਬਣੀਆਂ ਹੌਦੀਆਂ ਖੋਲ੍ਹ ਕੇ ਉਨ੍ਹਾਂ ਦੇ ਵੀ ਸੈਂਪਲ ਭਰੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਅੰਦਰ ਵੀ ਜਾਂਚ ਕੀਤੀ ਗਈ ਹੈ।
300 ਮੀਟਰ ਦੇ ਘੇਰੇ ਅੰਦਰ ਦੁਕਾਨਾਂ ਰਹੀਆਂ ਬੰਦ, ਲੋਕਾਂ ’ਚ ਦਹਿਸ਼ਤ
ਪੁਲਸ ਪ੍ਰਸ਼ਾਸਨ ਵਲੋਂ ਸੀਲ ਕੀਤੇ ਇਲਾਕੇ ਦੇ ਦਾਇਰੇ ’ਚ ਆਉਣ ਵਾਲੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਹਾਦਸੇ ਦੇ ਦੂਜੇ ਦਿਨ ਵੀ ਲੋਕਾਂ ’ਚ ਦਹਿਸ਼ਤ ਝਲਕ ਰਹੀ ਸੀ। ਕਈ ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਸਨ ਪਰ ਰਸੂਖਦਾਰ ਫੈਕਟਰੀ ਮਾਲਕਾਂ ਦੇ ਅੱਗੇ ਕਿਸੇ ਦੀ ਨਹੀਂ ਚਲਦੀ। ਉਨ੍ਹਾਂ ਵਲੋਂ ਦਿੱਤੀਆਂ ਸ਼ਿਕਾਇਤਾਂ ’ਤੇ ਅੱਜ ਤੱਕ ਕਾਰਵਾਈ ਨਹੀਂ ਹੋਈ। ਲੋਕਾਂ ’ਚ ਰੋਸ ਹੈ ਕਿ ਅੱਜ ਹਾਦਸਾ ਵਾਪਰਿਆ ਤਾਂ ਸਾਰੇ ਵਿਭਾਗਾਂ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਇਹੀ ਕਾਰਵਾਈ ਪਹਿਲਾਂ ਕੀਤੀ ਹੁੰਦੀ ਤਾਂ 11 ਵਿਅਕਤੀਆਂ ਦੀ ਜਾਨ ਨਾ ਜਾਂਦੀ।
ਸੀ. ਪੀ. ਨੇ ਜਾਂਚ ਲਈ ਬਣਾਈ 5 ਮੈਂਬਰੀ ਐੱਸ. ਆਈ. ਟੀ.
ਦੂਜੇ ਦਿਨ ਵੀ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਘਟਨਾ ਸਥਾਨ ’ਤੇ ਹੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇੰਡਸਟ੍ਰੀਅਲ ਵੇਸਟ ਪਹਿਲਾਂ ਵੀ ਸੀਵਰੇਜ ਲਾਈਨਾਂ ’ਚ ਪਾਈ ਜਾਂਦੀ ਹੈ, ਜਿਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਲਾਜ਼ਮਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ’ਚ ਪ੍ਰਦੂਸ਼ਣ ਬੋਰਡ ਦੇ ਮੁਲਾਜ਼ਮਾਂ ਦੀ ਕਿਤੇ ਗਲਤੀ ਆਉਂਦੀ ਹੈ ਜਾਂ ਫਿਰ ਉਹ ਸਹਿਯੋਗ ਨਹੀਂ ਦਿੰਦੇ ਤਾਂ ਉਨ੍ਹਾਂ ’ਤੇ ਕਾਰਵਾਈ ਕਰਨ ਤੋਂ ਉਹ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਡੀ. ਸੀ. ਪੀ. ਹਰਮੀਤ ਹੁੰਦਲ ਦੀ ਅਗਵਾਈ ’ਚ ਏ. ਡੀ. ਸੀ. ਪੀ.-2 ਸੁਹੇਲ ਮੀਰ ਕਾਸਿਮ, ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ, ਏ. ਸੀ. ਪੀ. ਸਾਊਥ ਅਤੇ ਥਾਣਾ ਸਾਹਨੇਵਾਲ ਦੇ ਐੱਸ. ਐੱਚ. ਓ. ਸ਼ਾਮਲ ਹੋਣਗੇ। ਟੀਮ ਜਲਦ ਹੀ ਪੂਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਵੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਤੋਂ ਲੈ ਕੇ ਅਕਾਲੀ ਦਲ ’ਤੇ ਬੇਬਾਕੀ ਨਾਲ ਬੋਲੇ ਕੇਂਦਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
WAPSOS ਦੇ ਸਾਬਕਾ ਸੀ. ਐੱਮ. ਡੀ. ਦੇ ਟਿਕਾਣਿਆਂ ’ਤੇ CBI ਦੀ ਛਾਪੇਮਾਰੀ, 20 ਕਰੋੜ ਦੀ ਨਕਦੀ ਬਰਾਮਦ
NEXT STORY