ਲੁਧਿਆਣਾ (ਰਾਜ) : ਇਨ੍ਹੀਂ ਦਿਨੀਂ ਸ਼ਹਿਰ ’ਚ ਚੋਰਾਂ-ਲੁਟੇਰਿਆਂ ਦੀ ਬੋਲਬਾਲਾ ਹੈ। ਰੋਜ਼ਾਨਾ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। 2 ਦਿਨ ਪਹਿਲਾਂ ਝੰਡੂ ਚੌਂਕ ਕੋਲੋਂ ਗੰਨ ਪੁਆਇੰਟ ’ਤੇ ਕਾਰ ਲੁੱਟਣ ਦਾ ਕੇਸ ਅਜੇ ਹੱਲ ਵੀ ਨਹੀਂ ਹੋਇਆ ਸੀ ਕਿ ਪੱਖੋਵਾਲ ਰੋਡ ’ਤੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਗੰਨ ਪੁਆਇੰਟ ’ਤੇ ਇਕ ਕਾਰ ਸਵਾਰ ਨੂੰ ਅਗਵਾ ਕਰ ਲਿਆ। ਮੁਲਜ਼ਮ ਉਸ ਨੂੰ ਆਪਣੇ ਨਾਲ ਪਿੰਡ ਝਾਂਡੇ ਲੈ ਗਏ, ਜਿੱਥੇ ਲੁੱਟ ਦੀ ਨੀਅਤ ਨਾਲ 3 ਫਾਇਰ ਕੀਤੇ, ਜਿਸ ’ਚੋਂ ਇਕ ਗੋਲੀ ਵਿਅਕਤੀ ਦੀ ਪਿੱਠ ਦੇ ਖੱਬੇ ਪਾਸੇ ਥੱਲੇ ਜਾ ਲੱਗੀ। ਵਿਅਕਤੀ ਜ਼ਖਮੀ ਹੋ ਕੇ ਡਿੱਗ ਗਿਆ ਅਤੇ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।
ਮੁਲਜ਼ਮ ਜਾਂਦੇ ਹੋਏ ਕਾਰ ਦੀ ਚਾਬੀ ਵੀ ਨਾਲ ਲੈ ਗਏ। ਜ਼ਖਮੀ ਵਿਅਕਤੀ ਨੇ ਆਪਣੇ ਪੁੱਤਰ ਨੂੰ ਕਾਲ ਕਰ ਕੇ ਬੁਲਾਇਆ। ਪੁੱਤਰ ਨੇ ਪਿਤਾ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਅਗਲੀ ਸਵੇਰ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਤੋਂ ਬਾਅਦ ਏ. ਡੀ. ਸੀ. ਪੀ., ਏ. ਸੀ. ਪੀ., ਸੀ. ਆਈ. ਏ. ਦੀਆਂ ਟੀਮਾਂ ਸਮੇਤ ਥਾਣਾ ਪੁਲਸ ਮੌਕੇ ’ਤੇ ਪੁੱਜੀ। ਜ਼ਖਮੀ ਵਿਅਕਤੀ ਸੰਜੀਵ ਵਰਮਾ ਹੈ, ਜੋ ਕਿਰਨ ਵਿਹਾਰ ਕਾਲੋਨੀ ’ਚ ਰਹਿੰਦਾ ਹੈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ 3 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦੇ ਯਤਨ, ਆਰਮਜ਼ ਐਕਟ ਅਤੇ ਅਗਵਾ ਦੇ ਯਤਨ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਸੰਜੀਵ ਵਰਮਾ (54) ਬਿਲਡਿੰਗ ਕੰਟ੍ਰੈਕਟਰ ਹਨ, ਜੋ ਸ਼ਨੀਵਾਰ ਦੀ ਰਾਤ ਕਰੀਬ ਸਾਢੇ 8 ਵਜੇ ਘਰੋਂ ਆਪਣੀ ਕਾਰ ਆਈ-10 ’ਤੇ ਸਬਜ਼ੀ ਲੈਣ ਲਈ ਨਿਕਲੇ ਸਨ।
ਜਦੋਂ ਉਹ ਸਬਜ਼ੀ ਲੈ ਕੇ ਘਰ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਲੋਨੀ ਕੋਲ ਹੀ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਗੱਡੀ ਰੋਕ ਲਈ ਅਤੇ ਸ਼ੀਸ਼ੇ ਥੱਲੇ ਕਰ ਕੇ ਪੁੱਛਣ ਲੱਗੇ ਤਾਂ ਉਸੇ ਸਮੇਂ ਇਕ ਨੌਜਵਾਨ ਨੇ ਗੰਨ ਪੁਆਇੰਟ ’ਤੇ ਲੈ ਕੇ ਗੱਡੀ ਦੀ ਚਾਬੀ ਕੱਢ ਲਈ। ਉਸ ਦੇ ਪਿਤਾ ਨੂੰ ਬਾਹਰ ਕੱਢ ਲਿਆ। ਇਸ ਤੋਂ ਬਾਅਦ ਦੂਜਾ ਨੌਜਵਾਨ ਉਸ ਦੇ ਪਿਤਾ ਨੂੰ ਲੈ ਕੇ ਪਿਛਲੀ ਸੀਟ ’ਤੇ ਬੈਠ ਗਿਆ, ਜਦੋਂ ਕਿ ਇਕ ਕਾਰ ਚਲਾਉਣ ਲੱਗਾ ਅਤੇ ਤੀਜਾ ਨੌਜਵਾਨ ਮੋਟਰਸਾਈਕਲ ਲੈ ਕੇ ਪਿੱਛੇ ਆ ਰਿਹਾ ਸੀ। ਤਿੰਨੋਂ ਮੁਲਜ਼ਮ ਉਸ ਦੇ ਪਿਤਾ ਨੂੰ ਪਿੰਡ ਝਾਂਡੇ ਸਥਿਤ ਇਕ ਆਸ਼ਰਮ ਕੋਲ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਨ੍ਹਾਂ ਨੂੰ ਲੁੱਟਣਾ ਚਾਹਿਆ ਪਰ ਉਸ ਕੋਲ ਕੋਈ ਕੈਸ਼ ਨਹੀਂ ਸੀ। ਇਸ ’ਤੇ ਉਸ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਪਿਤਾ ’ਤੇ ਗੋਲੀ ਚਲਾ ਦਿੱਤੀ।
ਮੁਲਜ਼ਮਾਂ ਵੱਲੋਂ ਕੀਤੇ ਗਏ 3 ਫਾਇਰਾਂ ’ਚੋਂ ਇਕ ਗੋਲੀ ਉਸ ਦੇ ਪਿਤਾ ਦੀ ਪਿੱਠ ਦੇ ਖੱਬੇ ਪਾਸੇ ਜਾ ਕੇ ਲੱਗੀ। ਮੁਲਾਜ਼ਮਾਂ ਨੇ ਕਾਰ ਦੀ ਚਾਬੀ ਕੱਢੀ ਅਤੇ ਮੋਟਰਸਾਈਕਲ ’ਤੇ ਬੈਠ ਕੇ ਫ਼ਰਾਰ ਹੋ ਗਏ। ਅਭਿਸ਼ੇਕ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਕਿਸੇ ਤਰ੍ਹਾਂ ਮੋਬਾਇਲ ਲੈ ਕੇ ਉਸ ਨੂੰ ਕਾਲ ਕੀਤੀ ਅਤੇ ਉਹ ਤੁਰੰਤ ਮੌਕੇ ’ਤੇ ਪੁੱਜਾ। ਉਸ ਦੇ ਪਿਤਾ ਜ਼ਖਮੀ ਹਾਲਤ ਵਿਚ ਡਿੱਗੇ ਪਏ ਸਨ। ਉਸ ਨੇ ਪਿਤਾ ਨੂੰ ਚੁੱਕਿਆ ਅਤੇ ਡੀ. ਐੱਮ. ਸੀ. ਹਸਪਤਾਲ ਲਿਆ ਕੇ ਦਾਖ਼ਲ ਕਰਵਾਇਆ। ਪਰੇਸ਼ਾਨ ਹੋਣ ਕਾਰਨ ਉਸ ਨੇ ਐਤਵਾਰ ਸਵੇਰ ਨੂੰ ਪੁਲਸ ਨੂੰ ਸੂਚਨਾ ਦਿੱਤੀ। ਉਧਰ, ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਐਤਵਾਰ ਸਵੇਰ ਨੂੰ ਮਿਲੀ ਸੀ।
ਸੰਜੀਵ ਨਾਂ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ। ਸੰਜੀਵ ਦਾ ਕਹਿਣਾ ਸੀ ਕਿ ਮੁਲਜ਼ਮ ਉਸ ਦੀ ਕਾਰ ਖੋਹਣ ਲਈ ਆਏ ਸਨ। ਜਾਂਦੇ ਸਮੇਂ ਸਿਰਫ ਗੋਲੀ ਮਾਰੀ ਅਤੇ ਕੁੱਝ ਵੀ ਨਹੀਂ ਲੈ ਕੇ ਗਏ। ਉਸ ਦੀ ਕਹਾਣੀ ਕੁੱਝ ਸਾਫ ਨਹੀਂ ਕਰ ਪਾ ਰਹੀ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਰਸਤੇ ’ਚ ਉਸ ਨਾਲ ਕੀ ਗੱਲ ਕੀਤੀ ਅਤੇ ਮੁਲਜ਼ਮ ਇਕ-ਦੂਜੇ ਨੂੰ ਕਿਸ ਨਾਂ ਨਾਲ ਬੁਲਾ ਰਹੇ ਸਨ। ਇਨ੍ਹਾਂ ਸਾਰੇ ਸਵਾਲਾਂ ਦੇ ਸੰਜੀਵ ਜਵਾਬ ਨਹੀਂ ਦੇ ਪਾ ਰਿਹਾ। ਇਸ ਲਈ ਮਾਮਲਾ ਕੁੱਝ ਸ਼ੱਕੀ ਲੱਗਦਾ ਹੈ। ਫਿਰ ਵੀ ਗੋਲੀ ਲੱਗੀ ਹੈ। ਇਸ ਲਈ ਮੁੱਢਲੇ ਤੌਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਰਾਓਂ ਪੁਲਸ ਨੂੰ ਮਿਲੀ ਵੱਡੀ ਸਫਲਤਾ, ਖ਼ਤਰਨਾਕ ਗੈਂਗਸਟਰ ਸਾਥੀਆਂ ਸਮੇਤ ਗ੍ਰਿਫ਼ਤਾਰ
NEXT STORY