ਲੁਧਿਆਣਾ (ਰਾਜ/ਗੌਤਮ): ਕਮਿਸ਼ਨਰ ਪੁਲਸ ਲੁਧਿਆਣਾ ਸਵਪਨ ਸ਼ਰਮਾ ਦੀ ਅਗਵਾਈ ਹੇਠ ਲੁਧਿਆਣਾ ਪੁਲਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਏ.ਡੀ.ਸੀ.ਪੀ ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਵੱਲੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਜ ਵਿਰੋਧੀ ਅਨਸਰਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਘੁਮਾਰ ਮੰਡੀ ਸਥਿਤ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਵਿਸ਼ੇਸ਼ ਚੈਕਿੰਗ ਅਤੇ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਏ.ਡੀ.ਸੀ.ਪੀ. ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਨੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਨਾਲ ਮਿਲ ਕੇ ਕੀਤੀ। ਮੁਹਿੰਮ ਦੌਰਾਨ ਵੱਖ-ਵੱਖ ਉਲੰਘਣਾਵਾਂ ਲਈ ਕੁੱਲ 14 ਚਾਲਾਨ ਕੱਟੇ ਗਏ, ਜਿਨ੍ਹਾਂ ਵਿੱਚ ਮੋਡੀਫਾਈਡ ਸਾਈਲੈਂਸਰ ਵਰਤਣਾ ਅਤੇ ਦਸਤਾਵੇਜ਼ਾਂ ਦੀ ਘਾਟ ਸ਼ਾਮਲ ਹੈ।
ਮਹਿਲਾ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖੇਤਰ ’ਚ ਨਿਗਰਾਨੀ ਕੀਤੀ ਗਈ ਅਤੇ ਬਿਨਾ ਕਿਸੇ ਵਾਜਬ ਕਾਰਨ ਘੁੰਮਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ। ਇਸ ਦੌਰਾਨ ਬੁਲੇਟ ਦੇ ਪਟਾਕੇ ਪਵਾਉਣ ਵਾਲੇ ਮੋਡੀਫਾਈਡ ਸਾਈਲੈਂਸਰ ਲੱਗੇ ਮੋਟਰਸਾਈਕਲਾਂ ਦੀ ਸਖ਼ਤ ਜਾਂਚ ਕੀਤੀ ਗਈ, ਜੋ ਪੜ੍ਹਾਈ ਦੇ ਮਾਹੌਲ ਨੂੰ ਖ਼ਰਾਬ ਕਰਦੇ ਹਨ। ਕਾਲਜ ਦੇ ਬਾਹਰ ਲੱਗੇ ਠੇਲਿਆਂ ਅਤੇ ਫੜੀਆਂ ਦੀ ਜਾਂਚ ਕੀਤੀ ਗਈ ਤਾਂ ਜੋ ਨੌਜਵਾਨਾਂ ਨੂੰ ਕੋਈ ਗੈਰ-ਕਾਨੂੰਨੀ ਜਾਂ ਨਸ਼ੀਲਾ ਸਮਾਨ ਨਾ ਵੇਚਿਆ ਜਾ ਰਿਹਾ ਹੋਵੇ। ਲੁਧਿਆਣਾ ਪੁਲਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਛੇੜਛਾੜ ਦੀ ਸੂਚਨਾ ਤੁਰੰਤ ਪੁਲਸ ਹੈਲਪਲਾਈਨ ਨੰਬਰਾਂ ’112 ਤੇ ਦੇਣ।
ਪੰਜਾਬ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਖ਼ਤਰਨਾਕ ਸ਼ੂਟਰਾਂ ਨਾਲ ਹੋਇਆ ਮੁਕਾਬਲਾ
NEXT STORY