ਜਲੰਧਰ, (ਚੋਪੜਾ)-ਜਲੰਧਰ ਲੋਕ ਸਭਾ ਹਲਕਾ ਦੇ ਟਿਕਟ ਦਾ ਵਿਵਾਦ ਰਾਹੁਲ ਗਾਂਧੀ ਦੇ ਦਰਬਾਰ ’ਚ ਪਹੁੰਚਣ ਉਪਰੰਤ ਇਸ ਸੀਟ ਨੂੰ ਰੀਵਿਊ ’ਚ ਪਾ ਦਿੱਤਾ ਗਿਆ ਤੇ ਰੀਵਿਊ ’ਤੇ ਫੈਸਲਾ 11 ਅਪ੍ਰੈਲ ਨੂੰ ਹੋਣ ਜਾ ਰਹੀ ਨੈਸ਼ਨਲ ਸਕ੍ਰੀਨਿੰਗ ਕਮੇਟੀ ਦੀ ਬੈਠਕ ’ਚ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸੇ ਕੜੀ ’ਚ ਟਿਕਟ ਦੇ ਦਾਅਵੇਦਾਰ ਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ. ਪੀ. ਨੇ ਅੱਜ ਦਿੱਲੀ ’ਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਹਿਮਦ ਪਟੇਲ ਤੇ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਦੇ ਨਾਲ ਵੱਖ-ਵੱਖ ਬੈਠਕਾਂ ਕੀਤੀਆਂ, ਜਦਕਿ ਕਲ ਕੇ. ਪੀ. ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨਗੇ।
ਆਸ਼ਾ ਕੁਮਾਰੀ ਨਾਲ ਚੱਲੀ ਲੰਮੀ ਗੱਲਬਾਤ ’ਚ ਕੇ. ਪੀ. ਨੇ ਟਿਕਟ ਵੰਡ ’ਚ ਜਲੰਧਰ ਦੀ ਗਰਾਊਂਡ ਰਿਆਲਿਟੀ, ਸਾਰੇ ਸਰਵੇ ਰਿਪੋਰਟਾਂ ਤੇ ਮੌਜੂਦਾ ਸੰਸਦ ਮੈਂਬਰ ਦੇ ਸਟਿੰਗ ਆਪ੍ਰੇਸ਼ਨ ਨੂੰ ਦਰਕਿਨਾਰੇ ਕਰ ਕੇ ਉਨ੍ਹਾਂ ਨੂੰ ਦੋਬਾਰਾ ਉਮੀਦਵਾਰ ਬਣਾਏ ਜਾਣ ’ਤੇ ਆਪਣਾ ਵਿਰੋਧ ਪ੍ਰਗਟਾਇਆ। ਕੇ. ਪੀ. ਨੇ ਕਿਹਾ ਕਿ ਉਹ ਸ਼ਹੀਦ ਪਰਿਵਾਰ ਨਾਲ ਸਬੰਧਤ ਹਨ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਸੂਬਾ ਕਾਂਗਰਸ ਦੇ ਪ੍ਰਧਾਨ ਤੇ 2009 ਤੋਂ ਲੈ ਕੇ 2014 ਤੱਕ ਜਲੰਧਰ ਦੇ ਸੀਟਿੰਗ ਸੰਸਦ ਮੈਂਬਰ ਵੀ ਰਹੇ ਹਨ। ਉਨ੍ਹਾਂ ਦਾ ਸਿਆਸੀ ਕਰੀਅਰ ਪੂਰੀ ਤਰ੍ਹਾਂ ਨਾਲ ਬੇਦਾਗ ਰਿਹਾ ਹੈ। ਉਨ੍ਹਾਂ ਤਾਂ ਸਿਰਫ ਪਾਰਟੀ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ ਹਾਈਕਮਾਨ ਦੇ ਨਿਰਦੇਸ਼ ਦੀ ਪਾਲਣਾ ਕੀਤੀ ਤੇ ਹੁਸ਼ਿਆਰਪੁਰ ਤੋਂ ਚੋਣ ਜੰਗ ਲੜੀ। ਚੋਣਾਂ ਤੋਂ ਐਨ ਪਹਿਲਾਂ ਹਲਕਾ ਬਦਲ ਕੇ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਉਨ੍ਹਾਂ ਨੂੰ ਨਵੇਂ ਹਲਕੇ ’ਚ ਭੇਜਿਆ ਗਿਆ। ਮੋਦੀ ਲਹਿਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ 13000 ਵੋਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੇ. ਪੀ. ਨੇ ਕਿਹਾ ਕਿ ਆਸ਼ਾ ਕੁਮਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਂਝ ਫੈਸਲਾ ਕੈਪਟਨ ਅਮਰਿੰਦਰ ਸਿੰਘ ਤੇ ਨੈਸ਼ਨਲ ਸਕ੍ਰੀਨਿੰਗ ਕਮੇਟੀ ਨੇ ਲੈਣਾ ਹੈ ਪਰ ਸੂਬਾ ਇੰਚਾਰਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਪਾਰਟੀ ਉਨ੍ਹਾਂ ਨਾਲ ਕੋਈ ਅਨਿਆ ਨਹੀਂ ਹੋਣ ਦੇਵੇਗੀ।
ਕੇ. ਪੀ. ਨੇ ਕਿਹਾ ਕਿ ਦਿੱਲੀ ਦਰਬਾਰ ’ਚ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਸੰਸਦ ਮੈਂਬਰ ਦੇ ਕਾਰਜਕਾਲ ਦੇ 5 ਸਾਲਾਂ ਦੇ ਕੀਤੇ ਕੰਮਾਂ ਦੀ ਬਦੌਲਤ ਹੀ ਉਮੀਦਵਾਰ ਸੰਤੋਖ ਚੌਧਰੀ ਨੂੰ ਜਿੱਤ ਹਾਸਲ ਹੋਈ ਸੀ ਨਹੀਂ ਤਾਂ ਉਹ ਤਾਂ ਫਿਲੌਰ ਹਲਕਾ ਤੋਂ ਲਗਾਤਾਰ 2 ਵਾਰ ਚੋਣ ਹਾਰ ਗਏ ਸਨ। ਕੇ. ਪੀ. ਨੇ ਕਿਹਾ ਕਿ ਐੱਮ. ਪੀ. ਫੰਡ ਦਾ ਜ਼ਿਆਦਾਤਰ ਪੈਸਾ ਫਿਲੌਰ ਵਿਧਾਨਸਭਾ ਹਲਕਾ ’ਚ ਖਰਚ ਕਰਨ ਦੇ ਬਾਵਜੂਦ ਸੰਸਦ ਮੈਂਬਰ ਸੰਤੋਖ ਚੌਧਰੀ ਆਪਣੇ ਪੁੱਤਰ ਨੂੰ ਫਿਲੌਰ ਵਿਧਾਨਸਭਾ ਹਲਕਾ ਤੋਂ ਚੋਣ ਨਹੀਂ ਜਿੱਤਵਾ ਸਕੇ ਤੇ ਇਸ ਹਲਕੇ ਤੋਂ ਜਿੱਥੇ ਉਨ੍ਹਾਂ ਦੀ ਲਗਾਤਾਰ ਤੀਜੀ ਹਾਰ ਹੋਈ ਉਥੇ ਸੰਸਦ ਮੈਂਬਰ ਚੋਣਾਂਦੇ ਮੁਕਾਬਲੇ ਸੰਸਦ ਮੈਂਬਰ ਪੁੱਤਰ ਦੀ ਵੋਟ ਦੀ ਫੀਸਦੀ ਵੀ ਖਾਸੀ ਘੱਟ ਹੋ ਕੇ ਰਹਿ ਗਈ ਸੀ।
ਕੇ. ਪੀ. ਨੇ ਕਿਹਾ ਕਿ ਚੌਧਰੀ ਪਰਿਵਾਰ ਕੋਲ ਇਸ ਸਮੇਂ ਜਲੰਧਰ ਹਲਕੇ ਤੋਂ 3 ਸੀਟਾਂ ਹਾਸਲ ਹਨ, ਜਦਕਿ ਉਨ੍ਹਾਂ ਦੇ ਸ਼ਹੀਦ ਪਰਿਵਾਰ ਦੀ ਇਕ ਸੀਟ ਨੂੰ ਵੀ ਕੱਟ ਕੇ ਉਨ੍ਹਾਂ ਦਾ ਜਾਣਬੁੱਝ ਕੇ ਸਿਆਸੀ ਕਤਲ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੇ. ਪੀ. ਵਲੋਂ ਦਿੱਲੀ ਦਰਬਾਰ ’ਚ ਅਪਰੋਚ ਕਰਨ ਦੇ ਬਾਅਦ ਰੀਵਿਊ ਮੀਟਿੰਗ ਕੀ ਰੰਗਤ ਲੈ ਕੇ ਆਉਂਦੀ ਹੈ ਪਰ ਜੋ ਵੀ ਹੋਵੇ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਟਿਕਟ ਵੰਡ ਦੀ ਲੜਾਈ ਬੇਹੱਦ ਨਾਜ਼ੁਕ ਦੌਰ ’ਚ ਪਹੁੰਚ ਚੁਕੀ ਹੈ।
ਮੁੱਖ ਮੰਤਰੀ ਨੇ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲਾ ਕੀਤਾ ਜਾਂਚ ਬਿਊਰੋ ਹਵਾਲੇ
NEXT STORY