ਪਾਇਲ (ਵਿਨਾਇਕ) : ਪਾਇਲ ਦੀ ਅਨਾਜ ਮੰਡੀ 'ਚ ਰੰਗਦਾਰੀ ਲਈ ਕੀਤੀ ਗਈ ਸਨਸਨੀਖੇਜ਼ ਫਾਇਰਿੰਗ ਮਾਮਲੇ 'ਚ ਜ਼ਿਲ੍ਹਾ ਪੁਲਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਨੇ ਇਸ ਮਾਮਲੇ ਦੇ ਮੁੱਖ ਸਥਾਨਕ ਸੂਤਰ/ਸਹਿਯੋਗੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਨਾਲ ਹੀ ਉਸਦੇ ਕਬਜ਼ੇ ਤੋਂ 5 ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮਾਮਲੇ 'ਚ ਵਿਸਥਾਰ ਨਾਲ ਖ਼ੁਲਾਸਾ ਕਰਨ ਲਈ ਪੁਲਸ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਪ੍ਰਸਤਾਵਿਤ ਹੈ। ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਪਹਿਲਾਂ ਫੜ੍ਹੇ ਗਏ ਦੋਸ਼ੀਆਂ ਤੋਂ ਹੋਈ ਡੂੰਘੀ ਪੁੱਛਗਿੱਛ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਗ੍ਰਿਫ਼ਤਾਰ ਦੋਸ਼ੀ ਨਾ ਸਿਰਫ਼ ਸਥਾਨਕ ਪੱਧਰ ’ਤੇ ਗਿਰੋਹ ਲਈ ਕੰਮ ਕਰ ਰਿਹਾ ਸੀ, ਸਗੋਂ ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ, ਰੇਕੀ ਅਤੇ ਟਿਕਾਣੇ ਉਪਲੱਬਧ ਕਰਵਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ।
ਜ਼ਿਕਰਯੋਗ ਹੈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਅਨਾਜ ਮੰਡੀ 'ਚ ਇੱਕ ਆੜ੍ਹਤੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਕੇ ਖੇਤਰ 'ਚ ਦਹਿਸ਼ਤ ਫੈਲਾ ਦਿੱਤੀ ਸੀ। ਇਸ ਘਟਨਾ ਨੂੰ ਰੰਗਦਾਰੀ ਵਸੂਲੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕੇਸ ਦਰਜ ਕਰ ਕੇ ਵਿਸ਼ੇਸ਼ ਟੀਮਾਂ ਗਠਿਤ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਪੁਲਸ ਗੈਂਗਸਟਰ ਨੈੱਟਵਰਕ ਨਾਲ ਜੁੜੇ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ 'ਚ ਸਾਹਮਣੇ ਆਇਆ ਸੀ ਕਿ ਇਸ ਵਾਰਦਾਤ ਨੂੰ ਪੂਰੀ ਯੋਜਨਾ, ਰੇਕੀ ਅਤੇ ਸੁਨਿਯੋਜਿਤ ਢੰਗ ਨਾਲ ਅੰਜਾਮ ਦਿੱਤਾ ਗਿਆ ਸੀ। ਗ੍ਰਿਫ਼ਤਾਰ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਸੀ ਕਿ ਗਿਰੋਹ ਦੇ ਤਾਰ ਵਿਦੇਸ਼ 'ਚ ਬੈਠੇ ਮਾਸਟਰਮਾਈਂਡਾਂ ਨਾਲ ਜੁੜੇ ਹੋਏ ਹਨ, ਜੋ ਫੋਨ ਕਾਲਾਂ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਧਮਕੀਆਂ ਦੇ ਕੇ ਫ਼ਿਰੌਤੀ ਦੀ ਮੰਗ ਕਰਵਾਉਂਦੇ ਸਨ।
ਪੁਲਸ ਸੂਤਰਾਂ ਅਨੁਸਾਰ ਤਾਜ਼ਾ ਗ੍ਰਿਫ਼ਤਾਰੀ ਤੋਂ ਬਾਅਦ ਇਸ ਨੈੱਟਵਰਕ ਦੀਆਂ ਜੜ੍ਹਾਂ ਹੋਰ ਵੀ ਡੂੰਘਾਈ ਤੱਕ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਰਾਮਦ ਹਥਿਆਰਾਂ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦਾ ਇਸਤੇਮਾਲ ਕਿਹੜੀਆਂ-ਕਿਹੜੀਆਂ ਵਾਰਦਾਤਾਂ 'ਚ ਹੋਇਆ ਹੈ।ਜ਼ਿਲ੍ਹਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਹਨ ਕਿ ਆਉਣ ਵਾਲੀ ਪ੍ਰੈੱਸ ਕਾਨਫਰੰਸ 'ਚ ਇਸ ਕੇਸ ਨਾਲ ਜੁੜੇ ਕਈ ਅਹਿਮ ਖ਼ੁਲਾਸੇ ਕੀਤੇ ਜਾਣਗੇ, ਜਿਨ੍ਹਾਂ ਨਾਲ ਪੂਰੇ ਨੈੱਟਵਰਕ ਦਾ ਪਰਦਾਫ਼ਾਸ਼ ਹੋ ਸਕਦਾ ਹੈ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਖੇਤਰ 'ਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ, ਜਦੋਂ ਕਿ ਵਪਾਰੀਆਂ ਅਤੇ ਆਮ ਜਨਤਾ ਵਿੱਚ ਵੀ ਰਾਹਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ।
ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY