ਬਠਿੰਡਾ, (ਵਿਜੈ ਵਰਮਾ)- ਸ਼ਹਿਰ ਦੇ ਸਿਰਕੀ ਬਾਜ਼ਾਰ 'ਚ 70 ਸਾਲਾ ਬਜ਼ੁਰਗ ਮਹਿਲਾ ਤੋਂ ਦਿਨ-ਦਿਹਾੜੇ ਸੋਨੇ ਦੇ ਕੁੰਡਲ ਖੋਹ ਕੇ ਤਲਵਾਰ ਦੀ ਨੋਕ 'ਤੇ ਫਰਾਰ ਹੋਏ ਗਿਰੋਹ ਦਾ ਬਠਿੰਡਾ ਪੁਲਸ ਨੇ ਮਹਿਜ਼ 24 ਘੰਟਿਆਂ ਵਿੱਚ ਪਰਦਾਫਾਸ਼ ਕਰ ਦਿੱਤਾ ਹੈ। ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਗਿਆ ਸੋਨਾ, ਵਾਰਦਾਤ ਵਿੱਚ ਵਰਤੀ ਗਈ ਤਲਵਾਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਅਜਿਹੇ ਸ਼ਾਤਰ ਅਪਰਾਧੀ ਵੀ ਹਨ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਤੋਂ ਹੀ ਕਤਲ, ਕਤਲ ਦੀ ਕੋਸ਼ਿਸ਼, ਧੋਖਾਧੜੀ ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਮਾਮਲੇ ਦਰਜ ਹਨ।
ਜਾਣਕਾਰੀ ਅਨੁਸਾਰ ਸਿਰਕੀ ਬਾਜ਼ਾਰ ਨਿਵਾਸੀ 70 ਸਾਲਾ ਗੁਰਜੀਤ ਕੌਰ ਸੋਮਵਾਰ ਸ਼ਾਮ ਆਪਣੇ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ ਕਾਲੇ ਰੰਗ ਦੀ ਪਲੇਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਫਿਰ ਅਚਾਨਕ ਉਨ੍ਹਾਂ ਦੇ ਕੰਨਾਂ ਵਿੱਚ ਪਹਿਨੇ ਕਰੀਬ ਸਵਾ ਦੋ ਤੋਲੇ ਸੋਨੇ ਦੇ ਕੁੰਡਲ ਖੋਹ ਲਏ। ਜਦੋਂ ਮਹਿਲਾ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਕਿਰਪਾਨਨੁਮਾ ਤਲਵਾਰ ਦਿਖਾ ਕੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਲੁੱਟੇ ਗਏ ਸੋਨੇ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਐਸਐਸਪੀ ਜੋਤੀ ਯਾਦਵ, ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਸਿਟੀ-1 ਅੰਮ੍ਰਿਤਪਾਲ ਸਿੰਘ ਭਾਟੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਮੁਖਬਿਰ ਤੰਤਰ ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿੱਚ ਮੁਲਜ਼ਮਾਂ ਤੱਕ ਪਹੁੰਚ ਬਣਾਉਂਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਮਿੱਡੂਖੇੜਾ, ਸੁਖਵਿੰਦਰ ਸਿੰਘ ਉਰਫ਼ ਸੁੱਖੀ ਉਰਫ਼ ਨਿੱਕਾ ਵਾਸੀ ਸੁਖਲੱਧੀ ਅਤੇ ਰਵੀ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਸੋਨੇ ਦੇ ਕੁੰਡਲ, ਵਾਰਦਾਤ ਵਿੱਚ ਵਰਤੀ ਗਈ ਕਿਰਪਾਨਨੁਮਾ ਤਲਵਾਰ ਅਤੇ ਪਲੇਟੀਨਾ ਮੋਟਰਸਾਈਕਲ ਬਰਾਮਦ ਕੀਤੀ ਹੈ। ਬਰਾਮਦ ਸਮਾਨ ਦੀ ਕੁੱਲ ਕੀਮਤ ਕਰੀਬ ਦੋ ਲੱਖ ਰੁਪਏ ਅੰਕਿਤ ਕੀਤੀ ਗਈ ਹੈ।
ਪੁਲਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਠਿੰਡਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਇੱਕ ਦਿਨ ਪਹਿਲਾਂ ਮੁਲਜ਼ਮਾਂ ਨੇ ਹਰਿਆਣਾ ਦੇ ਕਾਲਾਂਵਾਲੀ ਖੇਤਰ ਵਿੱਚ ਵੀ ਇੱਕ ਅਪਰਾਧਿਕ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਥਾਣਾ ਕਾਲਾਂਵਾਲੀ ਵਿੱਚ ਮਾਮਲਾ ਦਰਜ ਹੈ ਅਤੇ ਹਰਿਆਣਾ ਪੁਲਿਸ ਵੀ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨਾਂ ਮੁਲਜ਼ਮਾਂ ਤੋਂ ਡੂੰਘੀ ਪੁੱਛਗਿੱਛ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਤੋਂ ਹੋਰ ਵਾਰਦਾਤਾਂ ਸਬੰਧੀ ਵੀ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ। ਦਿਨ ਦਿਹਾੜੇ ਹੋਈ ਇਸ ਖੋਹ ਦੀ ਗੁੱਥੀ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਕੇ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਸ਼ਹਿਰ ਵਾਸੀਆਂ ਵਿੱਚ ਰਾਹਤ ਅਤੇ ਸੰਤੁਸ਼ਟੀ ਦੀ ਭਾਵਨਾ ਵੇਖੀ ਜਾ ਰਹੀ ਹੈ।
ਸੜਕ ਹਾਦਸੇ ਦਾ ਸ਼ਿਕਾਰ ਹੋਏ ਅਗਨੀਵੀਰ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
NEXT STORY