ਚੰਡੀਗੜ੍ਹ : ਸਾਲ 2025 'ਚ ਪੰਜਾਬ ਅੰਦਰ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਕਿ ਪੰਜਾਬੀਆਂ ਦੇ ਪੱਲੇ ਉਮਰਾਂ ਦਾ ਰੋਣਾ ਪਾ ਗਈਆਂ। ਕਈ ਘਰਾਂ 'ਚ ਸੱਥਰ ਵਿੱਛ ਗਏ, ਆਪਣਿਆਂ ਨੂੰ ਹੱਥੀਂ ਤੋਰਨਾ ਪਿਆ ਅਤੇ ਪਰਿਵਾਰ ਰੋਂਦੇ ਹੀ ਰਹਿ ਗਏ। ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸਾਲ ਉਨ੍ਹਾਂ ਦੀ ਰੌਸ਼ਨ ਜ਼ਿੰਦਗੀ 'ਚ ਅਚਾਨਕ ਹਨ੍ਹੇਰਾ ਕਰ ਦੇਵੇਗਾ। ਹਨ੍ਹੇਰੀ ਬਣ ਕੇ ਝੁੱਲੀਆਂ ਵੱਡੀਆਂ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਕਾਂਬਾ ਛੇੜ ਦਿੱਤਾ। ਜਿੱਥੇ ਇਸ ਸਾਲ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲ ਕੌਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉੱਥੇ ਹੀ ਕਬੱਡੀ ਖਿਡਾਰੀਆਂ ਲਈ ਵੀ ਇਹ ਸਾਲ ਭਾਰੀ ਰਿਹਾ। ਹੁਸ਼ਿਆਰਪੁਰ 'ਚ 5 ਸਾਲਾ ਮਾਸੂਮ ਨਾਲ ਦਰਿੰਦਗੀ ਮਗਰੋਂ ਕਤਲ ਨੇ ਪੰਜਾਬੀਆਂ ਦੀ ਰੂਹ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤੀ ਤਾਂ ਫ਼ਰੀਦਕੋਟ ਦੇ ਗੁਰਵਿੰਦਰ ਸਿੰਘ ਕਤਲਕਾਂਡ ਨੇ ਸਭ ਨੂੰ ਹਿਲਾ ਦਿੱਤਾ। ਸਾਲ ਦੇ ਅਖ਼ੀਰ 'ਚ ਰਾਣਾ ਬਲਾਚੌਰੀਆ ਦੇ ਕਤਲ ਨੇ ਵਿਆਹ ਵਾਲੇ ਘਰ ਸੋਗ ਪਾ ਦਿੱਤਾ।
ਪੜ੍ਹੋ ਸਾਲ 2025 ਦੇ ਵੱਡੇ ਕਤਲਕਾਂਡ
ਭਾਬੀ ਕਮਲ ਕੌਰ ਦਾ ਕਤਲ
ਬੀਤੇ ਜੂਨ ਮਹੀਨੇ ਦੀ 10 ਤਾਰੀਖ਼ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜ੍ਹੀ ਇਕ ਕਾਰ 'ਚੋਂ ਬਰਾਮਦ ਹੋਈ ਸੀ। ਇਸ ਕਤਲ ਦੀ ਸਾਜ਼ਿਸ਼ ਰਚਣ ਵਾਲਾ ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ ਭੱਜ ਗਿਆ, ਜਦੋਂ ਕਿ ਕਤਲ ਦੇ 2 ਹੋਰ ਮੁਲਜ਼ਮ ਜੇਲ੍ਹ 'ਚ ਬੰਦ ਹਨ।

ਹੁਸ਼ਿਆਰਪੁਰ 'ਚ 5 ਸਾਲਾ ਮਾਸੂਮ ਦਾ ਕਤਲ
ਹੁਸ਼ਿਆਰਪੁਰ ਦੇ ਨਿਊ ਦੀਪ ਨਗਰ 'ਚ 5 ਸਾਲਾ ਬੱਚੇ ਨੂੰ ਅਗਵਾ ਕਰਕੇ ਦਰਿੰਦਗੀ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਬੱਚੇ ਦੇ ਅਗਵਾ ਦੀ ਫੁਟੇਜ ਸਾਹਮਣੇ ਆਉਣ ਮਗਰੋਂ ਪੁਲਸ ਨੇ ਅਗਵਾਕਾਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ, ਜੋ ਕਿ ਨਸ਼ੇ ਦਾ ਆਦੀ ਸੀ।

ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (17) ਦਾ ਬਸਤੀ ਦਾਨਿਸ਼ਮੰਦਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਅਤੇ ਮੁੱਖ ਮੁਲਜ਼ਮ ਕਾਲੂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕਤਲ ਦਾ ਕਾਰਨ ਆਪਸੀ ਰਜਿੰਸ਼ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 5 ਦਿਨਾਂ ਲਈ ਵੱਡੀ ਚਿਤਾਵਨੀ ਜਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
RSS ਆਗੂ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ
ਫਿਰੋਜ਼ਪੁਰ 'ਚ ਸੀਨੀਅਰ ਆਰ. ਐੱਸ. ਐੱਸ. ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਨਵੇਂ ਬਣੇ ਸਮੂਹ, ਜਿਸ ਨੇ ਖ਼ੁਦ ਨੂੰ ਸ਼ੇਰ-ਏ-ਪੰਜਾਬ ਬ੍ਰਿਗੇਡ ਕਿਹਾ, ਨੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਹਾਲਾਂਕਿ ਪੁਲਸ ਨੇ ਇਸ ਕਤਲ ਦੇ ਮੁੱਖ ਸ਼ੂਟਰ ਬਾਦਲ ਦਾ ਐਨਕਾਊਂਟਰ ਕਰਕੇ ਉਸ ਨੂੰ ਢੇਰ ਕਰ ਦਿੱਤਾ।

ਅਬੋਹਰ ਕੋਰਟ ਕੰਪਲੈਕਸ 'ਚ ਮੁੰਡੇ ਦਾ ਕਤਲ
ਅਬੋਹਰ ਸੀਤੋ ਗੁੰਨੋ ਰੋਡ 'ਤੇ ਸਥਿਤ ਤਹਿਸੀਲ ਕੰਪਲੈਕਸ 'ਚ ਤਾਰੀਖ਼ ਭੁਗਤਣ ਆਏ ਗੋਲੂ ਪੰਡਤ ਨਾਂ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਅਦ 'ਚ ਪਤਾ ਲੱਗਿਆ ਕਿ ਇਹ ਗੈਂਗਵਾਰ ਸੀ ਅਤੇ ਗੋਲੂ ਪੰਡਤ ਦੇ ਕਤਲ ਦੀ ਜ਼ਿੰਮੇਵਾਰੀ ਗੱਗੀ ਲਾਹੌਰੀਆ ਨਾਂ ਦੇ ਗੈਂਗਸਟਰ ਵਲੋਂ ਲਈ ਗਈ ਸੀ।

ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਕਤਲ
ਸਮਰਾਲਾ ਦੇ ਪਿੰਡ ਮਾਣਕੀ 'ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਦੂਜੇ ਦਿਨ ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ। ਪੁਲਸ ਨੇ ਮਾਮਲੇ ਸਬੰਧੀ ਤਰਨਤਾਰਨ ਤੋਂ 4 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਕਤਲ
ਜਗਰਾਓਂ ਅਧੀਨ ਪੈਂਦੇ ਪਿੰਡ ਗਿੱਦੜਵਿੰਡੀ 'ਚ ਕਬੱਡੀ ਖਿਡਾਰੀ ਤੇਜਪਾਲ ਸਿੰਘ (2) ਦਾ ਗੱਡੀ 'ਚ ਸਵਾਰ ਹੋ ਕੇ ਆਏ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ 'ਚ 2 ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ 'ਚ ਹਨੀ ਰੂਮੀ ਅਤੇ ਉਸ ਦਾ ਦੋਸਤ ਗਗਨ ਕਿਲੀ ਚਾਹਲਾਂ ਸ਼ਾਮਲ ਸਨ, ਜਦੋਂ ਕਿ ਇਸ ਮਾਮਲੇ 'ਚ ਨਾਮਜ਼ਦ ਹਨੀ ਰੂਮੀ ਦਾ ਭਰਾ ਕਾਲਾ ਰੂਮੀ ਅਜੇ ਫ਼ਰਾਰ ਹੈ।

ਬਠਿੰਡਾ 'ਚ ਧੀ ਅਤੇ ਦੋਹਤੀ ਨੂੰ ਕਹੀ ਨਾਲ ਵੱਢਿਆ
ਬਠਿੰਡਾ ਦੇ ਪਿੰਡ ਵਿਰਕ ਕਲਾਂ 'ਚ ਲਵ ਮੈਰਿਜ ਕਰਾਉਣ ਵਾਲੀ ਕੁੜੀ ਅਤੇ ਉਸ ਦੀ ਛੋਟੀ ਧੀ ਨੂੰ ਪਿਤਾ ਅਤੇ ਭਰਾ ਨੇ ਕਹੀ ਮਾਰ ਕੇ ਕਤਲ ਕਰ ਦਿੱਤਾ। ਕੁੜੀ ਨੇ 3-4 ਸਾਲ ਪਹਿਲਾਂ ਹੀ ਪਿੰਡ ਵਿਰਕ ਕਲਾਂ ਦੇ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਪੁਲਸ ਵਲੋਂ ਕੁੜੀ ਦੇ ਪਿਤਾ ਅਤੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੀ ਨਵੇਂ ਸਿਰੇ ਤੋਂ ਹੋ ਰਹੀ ਵਾਰਡਬੰਦੀ, ਜਨਤਕ ਕੀਤਾ ਗਿਆ ਖ਼ਾਕਾ
ਗੁਰਵਿੰਦਰ ਸਿੰਘ ਕਤਲਕਾਂਡ
ਫਰੀਦਕੋਟ ਦੇ ਪਿੰਡ ਸੁੱਖਣਵਾਲਾ 'ਚ ਪ੍ਰੇਮ ਸਬੰਧਾਂ ਕਾਰਨ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਕਤਲ ਕਰ ਦਿੱਤਾ। ਪਹਿਲਾਂ ਉਕਤ ਦੋਹਾਂ ਨੇ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤਾ ਅਤੇ ਫਿਰ ਗਲਾ ਘੁੱਟ ਦੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ, ਉਸ ਦੇ ਆਸ਼ਕ ਹਰਕਵਲਪ੍ਰੀਤ ਸਿੰਘ ਅਤੇ ਉਸ ਦੇ ਇਕ ਸਾਥੀ ਵਿਸ਼ਵਜੀਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ
ਮੋਹਾਲੀ ਦੇ ਸੋਹਾਣਾ 'ਚ ਚਾਰ ਦਿਨਾ ਕਬੱਡੀ ਟੂਰਨਾਮੈਂਟ ਦੇ ਆਖ਼ਰੀ ਦਿਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆ ਦਾ ਵਿਆਹ ਸਿਰਫ 10 ਦਿਨ ਪਹਿਲਾਂ ਹੋਇਆ ਸੀ। ਇਸ ਕਤਲਕਾਂਡ ਨੇ ਖੇਡ ਜਗਤ ਤੋਂ ਲੈ ਕੇ ਸਿਆਸਤ ਤੱਕ ਸਭ ਨੂੰ ਹੈਰਾਨ ਕਰ ਦਿੱਤਾ। ਕਤਲ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵਲੋਂ ਲਈ ਗਈ ਅਤੇ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੋੜ ਦਿੱਤਾ। ਬਾਅਦ 'ਚ ਪੁਲਸ ਨੇ ਇਸ ਕਤਲ ਮਾਮਲੇ ਦੇ ਮੁੱਖ ਦੋਸ਼ੀ ਹਰਪਿੰਦਰ ਸਿੰਘ ਮਿੱਢੀ ਨੂੰ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਡਿੱਗੇਗੀ ਗਾਜ! ਵੱਡੀ ਕਾਰਵਾਈ ਕਰਨ ਦੇ ਹੁਕਮ ਜਾਰੀ
NEXT STORY