ਖਾਲੜਾ ਭਿੱਖੀਵਿੰਡ (ਭਾਟੀਆ, ਰਾਜੀਵ)— ਪੰਜਾਬ ਅੰਦਰ ਨਸ਼ੇ ਦੀ ਵਗ ਰਹੀ ਹਨੇਰੀ ਨੇ ਇਕ ਹੋਰ ਮਾਂ ਦੀ ਕੁੱਖ ਖਾਲੀ ਕਰ ਦਿੱਤੀ ਹੈ। ਭਿੱਖੀਵਿੰਡ ਤੋਂ ਥੋੜ੍ਹੀ ਦੂਰ ਸਥਿਤ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਖਨਾ ਤਪਾ ਵਿਖੇ ਇਕ 35 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਤਾਰ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਲਖਨਾ ਤਪਾ ਦੀ ਬੀਤੀ ਰਾਤ ਨਸ਼ੀਲਾ ਟੀਕਾ ਲਗਾਉਣ ਤੋਂ ਬਾਅਦ ਆਪਣੇ ਘਰ ਅੰਦਰ ਉਸ ਦੀ ਮੌਤ ਹੋ ਗਈ।
ਨੌਜਵਾਨ ਦੀ ਮਾਂ ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਤਾਰ ਸਿੰਘ ਰਾਤ 10 ਵਜੇ ਦੇ ਕਰੀਬ ਘਰ ਆਇਆ ਸੀ, ਉਸ ਤੋਂ ਬਾਅਦ ਆਪਣਾ ਫੋਨ ਲੈ ਕੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਬਾਹਰ ਚਲਾ ਗਿਆ ਸੀ। ਰਾਤ 11 ਵਜੇ ਦੇ ਕਰੀਬ ਘਰ ਵਾਪਸ ਆਇਆ ਅਤੇ ਆਉਂਦੇ ਹੀ ਉਹ ਸੌਂਣ ਲਈ ਚਲਾ ਗਿਆ। ਦਿਨ ਚੜ੍ਹਨ 'ਤੇ ਜਦੋਂ ਉਸ ਨੂੰ ਉਠਾਉਣ ਲਈ ਆਵਾਜ਼ ਦਿੱਤੀ ਤਾਂ ਉਹ ਮ੍ਰਿਤਕ ਹਾਲਤ 'ਚ ਪਿਆ ਸੀ ਅਤੇ ਉਸ ਦੇ ਕੋਲ ਸਰਿੰਜ ਪਈ ਹੋਈ ਸੀ।

ਮ੍ਰਿਤਕ ਦੇ ਵੱਡੇ ਭਰਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਰਤਾਰ ਸਿੰਘ ਜੋ ਕਿ ਇਕ ਸਾਲ ਪਹਿਲਾਂ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਉਹ ਬੁਰੀ ਸੰਗਤ 'ਚ ਪੈਣ ਕਰਕੇ ਨਸ਼ੇ ਦਾ ਆਦੀ ਹੋ ਗਿਆ ਸੀ। ਉਹ ਰੋਜ਼ਾਨਾ 1000 ਰੁਪਏ ਦਾ ਨਸ਼ਾ ਕਰਦਾ ਸੀ। ਉਸ ਨੇ ਦੱਸਿਆ ਕਿ 1 ਸਾਲ ਪਹਿਲਾਂ ਕਰਤਾਰ ਸਿੰਘ ਦਾ ਵਿਆਹ ਹੋਇਆ ਸੀ ਪਰ ਕੁਝ ਦਿਨਾਂ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਛੱਡ ਕਿ ਪੇਕੇ ਚਲੀ ਗਈ ਸੀ ਜੋ ਮੁੜ ਵਾਪਸ ਨਹੀਂ ਆਈ। ਇਸੇ ਕਾਰਨ ਕਰਤਾਰ ਸਿੰਘ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀ। ਮ੍ਰਿਤਕ ਦੇ ਭਰਾ, ਮਾਂ ਅਤੇ ਸਰਪੰਚ ਗੁਰਭੇਜ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲੇ ਲੋਕਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਹੋਰ ਨੌਜਵਾਨ ਇਸ ਦੀ ਬਲੀ ਨਾ ਚੜ੍ਹ ਸਕੇ। ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ ਨਾਲ ਪਿੰਡ ਅਤੇ ਇਲਾਕੇ ਅੰਦਰ ਲੋਕਾਂ 'ਚ ਗੁੱਸਾ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਨਸ਼ਾ ਵੇਚਣ ਵਾਲਿਆਂ ਨਾਲ ਸਖਤੀ ਨਾਲ ਨਿਬੜਿਆ ਜਾਵੇ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮਰੀਜ ਸਮਝ ਕੇ ਉਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਥਾਣਾ ਕੱਚਾ ਪੱਕਾ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਪਿਛੇ ਨਸ਼ਾ ਵੇਚਣ ਵਾਲਿਆਂ ਖਿਲਾਫ ਪੜਤਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਔਜਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ (ਵੀਡੀਓ)
NEXT STORY