ਖੰਨਾ (ਵਿਪਨ): ਖੰਨਾ ਪੁਲਸ ਵੱਲੋਂ ਮਨੁੱਖਤਾ ਦੀ ਇਕ ਅਜਿਹੀ ਮਿਸਾਲ ਪੇਸ਼ ਕੀਤੀ ਗਈ ਹੈ, ਜਿਸ ਨੇ ਨਾ ਸਿਰਫ਼ ਲੋਕਾਂ ਦੇ ਦਿਲ ਜਿੱਤੇ ਹਨ, ਸਗੋਂ ਪੁਲਸ ਦੀ ਸ਼ਖਸ਼ੀਅਤ ਨੂੰ ਵੀ ਇਕ ਨਵੇਂ ਪੱਖ ਨਾਲ ਰੌਸ਼ਨ ਕੀਤਾ ਹੈ। ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਕੀਤੀ ਗਈ ਇਹ ਅਨੋਖੀ ਪਹਿਲ ਅੱਜ ਸੂਬੇ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿਚ ਨਜ਼ਰ ਆ ਰਹੀ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਲੜਕੀ ਖੰਨਾ ਇਲਾਕੇ ਨਾਲ ਸਬੰਧਿਤ ਹੈ ਅਤੇ ਨਸ਼ੇ ਦੀ ਲੱਤ ਵਿਚ ਫਸ ਚੁੱਕੀ ਹੈ। ਜਿਵੇਂ ਹੀ ਇਹ ਵੀਡੀਓ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੇ ਧਿਆਨ ਵਿਚ ਆਈ, ਉਨ੍ਹਾਂ ਨੇ ਇਸਨੂੰ ਸਿਰਫ਼ ਇਕ ਕੇਸ ਨਹੀਂ, ਸਗੋਂ ਇਕ ਸਮਾਜਿਕ ਜ਼ਿੰਮੇਵਾਰੀ ਵਜੋਂ ਲਿਆ।
ਐੱਸ.ਐੱਸ.ਪੀ. ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬਰਾਂਚ, ਸਿਟੀ ਥਾਣਾ-1, ਸਿਟੀ ਥਾਣਾ-2 ਅਤੇ ਸਦਰ ਥਾਣਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰਕੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਟਰੇਸ ਕਰਨ ਦਾ ਮਿਸ਼ਨ ਸ਼ੁਰੂ ਕਰ ਦਿੱਤਾ। ਪੁਲਸ ਦੀ ਮਿਹਨਤ ਰੰਗ ਲਿਆਈ ਅਤੇ ਆਖ਼ਿਰਕਾਰ ਇਹ ਪਰਿਵਾਰ ਖੰਨਾ ਦੇ ਕਰਤਾਰ ਨਗਰ ਵਿਚ ਟਰੇਸ ਕਰ ਲਿਆ ਗਿਆ। ਪਰਿਵਾਰ ਨੂੰ ਟਰੇਸ ਕਰਨ 'ਚ ਸਪੈਸ਼ਲ ਬਰਾਂਚ ਦੇ ਇੰਚਾਰਜ ਜਰਨੈਲ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਖਾਸ ਯੋਗਦਾਨ ਰਿਹਾ।
ਜਦੋਂ ਐੱਸ.ਐੱਸ.ਪੀ. ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪਰਿਵਾਰ ਬਹੁਤ ਹੀ ਗਰੀਬ ਹਾਲਾਤ ਵਿਚ ਜੀਵਨ ਬਿਤਾ ਰਿਹਾ ਹੈ। ਘਰ ਵਿਚ ਰਾਸ਼ਨ ਤੱਕ ਨਹੀਂ ਹੈ, ਰਸੋਈ ਲਈ ਗੈਸ ਸਿਲੰਡਰ ਨਹੀਂ ਹੈ, ਅਤੇ ਚਾਹ ਬਣਾਉਣ ਲਈ ਦੁੱਧ ਵੀ ਨਹੀਂ ਹੈ। ਇਸ ਤਰ੍ਹਾਂ ਦੀ ਮੰਦਹਾਲੀ ਦਾ ਕਾਰਨ ਬੱਚਿਆਂ ਦਾ ਨਸ਼ਿਆਂ ਵੱਲ ਜਾਣਾ ਹੈ। ਇਸ ਮੰਜ਼ਰ ਨੂੰ ਸੁਣ ਕੇ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਮਦਦ ਦਾ ਹੱਥ ਵਧਾਇਆ। ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਖੁਦ ਪਰਿਵਾਰ ਨੂੰ ਮਿਲਣ ਪੁੱਜੇ। ਉਨ੍ਹਾਂ ਨੇ ਖੱਤਰੀ ਚੇਤਨਾ ਮੰਚ ਅਤੇ ਜਜ਼ਬਾ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਜੋੜ ਕੇ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਅਤੇ ਅਗਲੇ ਸਮੇਂ ਲਈ ਹਰ ਮਹੀਨੇ ਰਾਸ਼ਨ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੇ ਨਾਲ ਹੀ ਪਰਿਵਾਰ ਦੇ ਦਿਵਿਆਂਗ ਲੜਕੇ ਲਈ ਵ੍ਹੀਲਚੇਅਰ ਦਿੱਤੀ ਗਈ, ਜੋ ਇਸ ਪਰਿਵਾਰ ਲਈ ਵੱਡੀ ਰਾਹਤ ਬਣੀ। ਨਸ਼ੇ ਦੀ ਲੱਤ ਵਿਚ ਫਸੀ ਲੜਕੀ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਸ਼ੁਰੂ ਕਰਵਾਇਆ ਗਿਆ। ਐੱਸ.ਐੱਸ.ਪੀ. ਨੇ ਪਰਿਵਾਰ ਨੂੰ ਇਹ ਵੀ ਭਰੋਸਾ ਦਵਾਇਆ ਕਿ ਪੁਲਸ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਵਿਚ ਪੂਰੀ ਮਦਦ ਕੀਤੀ ਜਾਵੇਗੀ। ਇੱਥੇ ਹੀ ਇਹ ਪਹਿਲ ਖਤਮ ਨਹੀਂ ਹੋਈ। ਜਦੋਂ ਐੱਸ.ਐੱਸ.ਪੀ. ਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਮੁਖੀ ਅਤੇ ਉਸ ਦੀ ਪਤਨੀ ਕੋਲ ਕੋਈ ਰੋਜ਼ਗਾਰ ਨਹੀਂ ਹੈ, ਤਾਂ ਉਨ੍ਹਾਂ ਨੇ ਤੁਰੰਤ ਖੱਤਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਦੋਹਾਂ ਨੂੰ ਰੁਜਗਾਰ ਵੀ ਦਿਵਾਇਆ। ਮਹਿਲਾ ਰਾਣੀ ਤੇ ਉਸ ਦੇ ਪਤੀ ਨੂੰ ਇਕ ਨਿੱਜੀ ਰੈਸਟੋਰੈਂਟ ਵਿਖੇ ਕੰਮ ਦਿਵਾਇਆ ਗਿਆ। ਇਸ ਕਦਮ ਨਾਲ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਮਿਲਣ ਦੀ ਉਮੀਦ ਜਾਗੀ। ਐਸਐਸਪੀ ਦੀ ਇਸ ਅਨੋਖੀ ਪਹਿਲ ਨਾਲ ਪੂਰੇ ਇਲਾਕੇ ਵਿੱਚ ਚਰਚਾ ਛਿੜ ਗਈ ਤੇ ਹਰ ਕਿਸੇ ਨੇ ਇਸਦੀ ਸ਼ਲਾਘਾ ਕੀਤੀ।
ਇਸ ਮੌਕੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਨਿਰਸਵਾਰਥ ਸੇਵਾ ਲਈ ਜਾਣੀ ਜਾਂਦੀ ਹੈ ਅਤੇ ਅੱਜ ਵੀ ਲੋੜ ਹੈ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਰੇ ਲੋਕ ਸੇਵਾ ਦੇ ਭਾਵ ਨਾਲ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਿਰਫ਼ ਆਲੋਚਨਾ ਕਰਨ ਨਾਲ ਕੁੱਝ ਨਹੀਂ ਬਣੇਗਾ, ਸਗੋਂ ਹਰ ਇੱਕ ਨੂੰ ਸਮਾਜ ਦੇ ਹਿੱਤ ਵਿੱਚ ਯੋਗਦਾਨ ਪਾਉਣਾ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ੇ ਦੀ ਲੱਤ ਵਿੱਚ ਫਸਿਆ ਹੈ ਤੇ ਉਹ ਬੇਸਹਾਰਾ ਬਣ ਗਏ ਹਨ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ, ਤਾਂ ਜੋ ਉਸਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ ਅਤੇ ਪਰਿਵਾਰ ਦੇ ਪੁਨਰਵਾਸ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਵੀ ਦਿੱਤੀ ਜਾਵੇ, ਤਾਂ ਜੋ ਉਸਨੂੰ ਜੇਲ੍ਹ ਡੱਕਿਆ ਜਾਵੇ।
ਦੂਜੇ ਪਾਸੇ ਪੀੜਤ ਪਰਿਵਾਰ ਦੀ ਮਹਿਲਾ ਰਾਣੀ ਨੇ ਭਾਵੁਕ ਹੋ ਕੇ ਦੱਸਿਆ ਕਿ ਉਹਨਾਂ ਦੇ ਪੁੱਤ ਅਤੇ ਧੀ ਕਾਫ਼ੀ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। “ਸਾਡੇ ਕੋਲ ਰਾਸ਼ਨ ਲਈ ਵੀ ਪੈਸੇ ਨਹੀਂ ਬਚਦੇ ਸਨ। ਬੱਚੇ ਸਭ ਕੁਝ ਲੈ ਜਾਂਦੇ ਸਨ। ਪਰ ਅੱਜ ਜਦੋਂ ਐੱਸ.ਐੱਸ.ਪੀ. ਖੁਦ ਸਾਡੇ ਘਰ ਆਏ ਤੇ ਸਾਡੀ ਮਦਦ ਕੀਤੀ, ਤਾਂ ਸਾਨੂੰ ਨਵੀਂ ਉਮੀਦ ਮਿਲੀ ਹੈ। ਮਹਿਲਾ ਦੇ ਬੇਟੇ ਨੇ ਵੀ ਕਿਹਾ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਕਰੇਗਾ।
ਖੱਤਰੀ ਚੇਤਨਾ ਮੰਚ ਦੇ ਮੁਖੀ ਰਾਜਿੰਦਰ ਪੁਰੀ ਨੇ ਵੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਕ ਪੁਲਸ ਜ਼ਿਲ੍ਹਾ ਮੁਖੀ ਖੁਦ ਇਸ ਤਰ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਕੇ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੁਲਸੀ ਕਾਰਵਾਈ ਨਹੀਂ, ਸਗੋਂ ਇਕ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਹੈ। ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਬਹੁਤ ਚੰਗੇ ਕੰਮ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਡੀਐਸਪੀ ਸਪੈਸ਼ਲ ਬਰਾਂਚ ਤਰਲੋਚਨ ਸਿੰਘ, ਡੀਐਸਪੀ ਖੰਨਾ ਸਬ ਡਿਵੀਜ਼ਨ ਵਿਨੋਦ ਕੁਮਾਰ, ਸ਼ਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ, ਸਿਟੀ ਥਾਣਾ-2 ਦੇ ਮੁਖੀ ਅਜੀਤੇਜ ਕੌਸ਼ਲ ਵੀ ਮੌਜੂਦ ਸਨ।
ਲੁਧਿਆਣਾ 'ਚ ਭੈਣ ਘਰ ਗਈ NRI ਮਹਿਲਾ ਨਾਲ ਲੁੱਟ, ਗਲ਼ 'ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਿਆ ਲੁਟੇਰਾ
NEXT STORY