ਫ਼ਰੀਦਕੋਟ (ਰਾਜਨ) - ਰੇਲ ਗੱਡੀ ਹੇਠ ਆਉਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਸੁਖਦੇਵ ਸਿੰਘ ਲਾਡਾ ਥਾਣਾ ਮੁਖੀ ਜੀ. ਆਰ. ਪੀ. ਨੇ ਦੱਸਿਆ ਕਿ ਪਿੰਡ ਗੋਲੇਵਾਲਾ ਰੇਲਵੇ ਪੁਲਸ ਵੱਲੋਂ ਇਹ ਜਾਣਕਾਰੀ ਮਿਲੀ ਸੀ ਕਿ ਪਿੰਡ ਪਿਪਲੀ ਰੇਲਵੇ ਫਾਟਕ ਤੋਂ ਡੇਢ ਕਿਲੋਮੀਟਰ ਅੱਗੇ ਇਕ ਵਿਅਕਤੀ ਦੀ ਜੰਮੂ-ਤਵੀ ਐਕਸਰਪ੍ਰੈੱਸ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਵਿੰਦਰ ਸਿੰਘ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (33) ਪੁੱਤਰ ਸੁਰਜੀਤ ਸਿੰਘ ਵਾਸੀ ਡੋਗਰ ਬਸਤੀ, ਗਲੀ ਨੰਬਰ 8 ਖੱਬੇ, ਫਰੀਦਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲਾਗਲੇ ਪਿੰਡ ਭਾਣਾ ਵਿਖੇ ਟੇਲਰ ਮਾਸਟਰ ਦਾ ਕੰਮ ਕਰਦਾ ਸੀ। ਥਾਣਾ ਮੁਖੀ ਸੁਖਦੇਵ ਨੇ ਦੱਸਿਆ ਕਿ ਮ੍ਰਿਤਕ ਦਾ ਮੋਟਰਸਾਈਕਲ ਵੀ ਥੋੜ੍ਹੀ ਦੂਰੀ 'ਤੇ ਖੜ੍ਹਾ ਪਾਇਆ ਗਿਆ। ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਜਾਰੀ ਹੈ ਤਾਂ ਜੋ ਇਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਇਸ ਨੂੰ ਖੁਦਕੁਸ਼ੀ ਦਾ ਮਾਮਲਾ ਨਹੀਂ ਕਿਹਾ ਜਾ ਸਕਦਾ ਹੈ।
ਮਾਈਨਿੰਗ ਮਾਫੀਆ ਮੁੜ ਪਸਾਰ ਰਿਹੈ ਪੈਰ
NEXT STORY