ਗੋਨਿਆਣਾ ਮੰਡੀ (ਗੋਰਾ ਲਾਲ) : ਬਠਿੰਡਾ ਅਦਾਲਤ ਵੱਲੋਂ ਗੋਨਿਆਣਾ ਮੰਡੀ ਦੇ ਇਕ ਵਪਾਰੀ ਅਤੇ ਪ੍ਰਿੰਸ ਇਲੈਕਟ੍ਰਿਕਲ ਫਰਮ ਦੇ ਮਾਲਕ ਬਲਜਿੰਦਰ ਸਿੰਘ ਵੱਲੋਂ ਚੱਲ ਰਹੇ ਚੈੱਕ ਬਾਊਂਸ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਉਂਦਿਆਂ ਮੁਲਜ਼ਮ ਮਨਵਿੰਦਰ ਸਿੰਘ ਨੂੰ ਇਕ ਸਾਲ ਮੁਸ਼ਕਤ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 2022 ਨਾਲ ਸਬੰਧਿਤ ਹੈ, ਜਦੋਂ ਮਨਵਿੰਦਰ ਸਿੰਘ ਨੇ ਬਲਜਿੰਦਰ ਸਿੰਘ ਤੋਂ ਰੁਪਏ ਉਧਾਰ ਲਏ ਅਤੇ ਉਨ੍ਹਾਂ ਨੂੰ 50,000 ਰੁਪਏ ਦਾ ਚੈੱਕ ਪ੍ਰਿੰਸ ਇਲੈਕਟ੍ਰਿਕਲ ਦੇ ਨਾਂ ’ਤੇ ਦੇ ਦਿੱਤਾ, ਜੋ ਖ਼ਾਤੇ ’ਚ ਪੈਸੇ ਨਾ ਹੋਣ ਕਰ ਕੇ ਬਾਊਂਸ ਹੋ ਗਿਆ। ਬਲਜਿੰਦਰ ਸਿੰਘ ਵੱਲੋਂ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜਣ ਦੇ ਬਾਵਜੂਦ ਵੀ ਜਦੋਂ ਮਨਵਿੰਦਰ ਸਿੰਘ ਵੱਲੋਂ ਰਕਮ ਵਾਪਸ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੇ ਐਡਵੋਕੇਟ ਵਰੁਣ ਬਾਂਸਲ ਰਾਹੀਂ ਬਠਿੰਡਾ ਅਦਾਲਤ ’ਚ ਆਪਣਾ ਕੇਸ ਦਰਜ ਕਰਵਾਇਆ।
ਮੁਲਜ਼ਮ ਪੱਖੋਂ ਵਕੀਲ ਨੇ ਦਲੀਲ ਦਿੱਤੀ ਕਿ ਚੈੱਕ ’ਤੇ ਦਸਤਖ਼ਤ ਨਹੀਂ ਹਨ, ਚੈੱਕ ਨਕਲੀ ਹੈ ਅਤੇ ਮੀਮੋ ਤਸਦੀਕਸ਼ੁਦਾ ਨਹੀਂ ਹੈ ਪਰ ਵਰੁਣ ਬਾਂਸਲ ਵੱਲੋਂ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਅਹਿਮ ਹਵਾਲੇ ਦਿੰਦਿਆਂ ਸਾਬਤ ਕੀਤਾ ਗਿਆ ਕਿ ਆਨਲਾਈਨ ਜਨਰੇਟ ਮੀਮੋ ਬੈਂਕ ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਦੀ ਵੈਧਤਾ ਸਵੀਕਾਰਯੋਗ ਹੈ। ਉਨ੍ਹਾਂ ਇਹ ਵੀ ਸਾਬਤ ਕੀਤਾ ਕਿ ਮਾਨਵਿੰਦਰ ਸਿੰਘ ਵੱਲੋਂ ਕਦੇ ਵੀ ਇਹ ਨਹੀਂ ਦੱਸਿਆ ਗਿਆ ਕਿ ਚੈੱਕ ਬਲਜਿੰਦਰ ਸਿੰਘ ਦੇ ਕੋਲ ਕਿਵੇਂ ਪਹੁੰਚਿਆ ਅਤੇ ਨਾ ਹੀ ਉਸ ਵੱਲੋਂ ਕੋਈ ਪੁਲਸ ਰਿਪੋਰਟ ਦਰਜ ਕਰਵਾਈ ਗਈ।
ਕੋਰਟ ਨੇ ਇਸਨੂੰ ਨਾਜਾਇਜ਼ ਉਧਾਰ ਲੈ ਕੇ ਮੁਕਰ ਜਾਣ ਅਤੇ ਨਿਆਂਇਕ ਪ੍ਰਕਿਰਿਆ ਨਾਲ ਖਿਲਵਾੜ ਕਰਾਰ ਦਿੱਤਾ ਅਤੇ ਮਨਵਿੰਦਰ ਸਿੰਘ ਨੂੰ ਇਕ ਸਾਲ ਦੀ ਮੁਸ਼ਕਤ ਸਜ਼ਾ ਦੇਣ ਦੇ ਨਾਲ 50,000 ਰੁਪਏ ਦੀ ਰਕਮ 9 ਫ਼ੀਸਦੀ ਵਿਆਜ਼ ਦਰ ਨਾਲ ਵਾਪਸ ਦੇਣ ਦੇ ਹੁਕਮ ਜਾਰੀ ਕੀਤੇ। ਜੇਕਰ ਮੁਲਜ਼ਮ ਵੱਲੋਂ ਇਹ ਰਕਮ ਅਦਾ ਨਹੀਂ ਕੀਤੀ ਜਾਂਦੀ ਤਾਂ ਉਸ ਦੀ ਸਜ਼ਾ ’ਚ ਹੋਰ 6 ਮਹੀਨੇ ਦਾ ਇਜ਼ਾਫਾ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਬਲਜਿੰਦਰ ਸਿੰਘ ਨੇ ਅਦਾਲਤ ਪ੍ਰਤੀ ਧੰਨਵਾਦ ਜਤਾਉਂਦੇ ਹੋਏ ਕਿਹਾ ਕਿ ਇਹ ਨਿਆਂਇਕ ਪ੍ਰਣਾਲੀ ’ਤੇ ਭਰੋਸਾ ਰੱਖਣ ਵਾਲਿਆਂ ਲਈ ਇਕ ਹੌਂਸਲੇ ਵਾਲਾ ਕਦਮ ਹੈ।
ਸਰਹੱਦ ਨੇੜਿਓਂ ਇਕ ਡਰੋਨ, 17 ਜਿੰਦਾ ਰੌਂਦ ਅਤੇ ਪਿਸਤੌਲ ਦੇ ਪਾਰਟਸ ਬਰਾਮਦ
NEXT STORY