ਜਲੰਧਰ (ਵਿਕਰਮ)— ਸਾਡੇ ਦੇਸ਼ ਦੇ ਲੋਕਾਂ ਦਾ ਹੱਕ ਦੂਜੇ ਦੇਸ਼ ਦੇ ਲੋਕ ਕਿਵੇਂ ਲੈ ਸਕਦੇ ਹਨ? ਕਿਸੇ ਵੀ ਮੁਸਲਮਾਨ ਭਰਾ ਨੂੰ ਕਾਨੂੰਨ ਬਣਨ ਦੇ ਬਾਅਦ ਇਹ ਨਹੀਂ ਕਿਹਾ ਗਿਆ ਹੈ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ। ਕੁਝ ਲੋਕਾਂ ਨੇ ਬੇਵਜ੍ਹਾ ਮਾਹੌਲ ਖਰਾਬ ਬਣਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦ ਦੇ ਵਿਰੁੱਧ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਦਾ ਸਲਾਮ ਕਰਦਾ ਰਹਾਂਗਾ। ਇਹ ਗੱਲ ਐਂਟੀ-ਟੈਰੇਰਿਜ਼ਮ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ 'ਜਗ ਬਾਣੀ' ਦੇ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਬਣਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਭਾਜਪਾ, ਨਾ ਕਾਂਗਰਸ, ਨਾ ਸੀ. ਪੀ. ਆਈ. ਅਤੇ ਨਾ ਹੀ ਕਿਸੇ ਸੀ. ਪੀ. ਐੱਸ. ਅਤੇ ਨਾ ਹੀ ਕਿਸੇ ਸਿੱਖ ਭਰਾ ਨੂੰ ਨੁਕਸਾਨ ਪਹੁੰਚਿਆ? ਮੈਂ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ ਪਰ ਇਹ ਗੱਲ ਸਾਫ ਕਰ ਦੇਵਾਂ ਕਿ ਹਿੰਦੁਸਤਾਨ ਕੋਈ ਧਰਮਸ਼ਾਲਾ ਨਹੀਂ ਹੈ। ਕੀ ਤੁਸੀਂ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਜਾਂ ਕੋਈ ਹੋਰ ਬਾਰਡਰ ਪਾਰ ਕਰਕੇ ਹਿੰਦੁਸਤਾਨ 'ਚ ਦਾਖਲ ਹੋ ਜਾਵੇ। ਸਾਡੀ ਨੌਜਵਾਨ ਪੀੜ੍ਹੀ ਹੈ, ਭਾਵੇਂ ਕਿਸੇ ਵੀ ਧਰਮ ਤੋਂ ਹੋਵੇ ਅਤੇ ਉਹ ਪੜ੍ਹ-ਲਿਖ ਕੇ ਮਿਹਨਤ ਕਰਦੀ ਹੈ। ਉਨ੍ਹਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ? ਕਿਸ ਕਾਨੂੰਨ ਨੇ ਕਿਹਾ ਹੈ ਕਿ ਹਿੰਦੁਸਤਾਨ ਦੇ ਮੁਸਲਮਾਨ ਦੇਸ਼ ਛੱਡ ਕੇ ਚਲੇ ਜਾਣ। ਇਥੇ ਸਿਰਫ ਇਕ ਭੇਡ ਚਾਲ ਹੈ, ਜੋ ਅਫਵਾਹ ਫੈਲਾਈ ਜਾ ਰਹੀ ਹੈ। ਸਾਡੇ ਗੁਰੂਆਂ ਨੇ ਇਸ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਹਨ ਅਤੇ ਬਾਹਰ ਦੇ ਲੋਕ ਆ ਕੇ ਸਾਡਾ ਹੱਕ ਲੈ ਲੈਣਗੇ, ਇਹ ਕਿਵੇਂ ਸੰਭਵ ਹੈ?
ਨਨਕਾਣਾ ਸਾਹਿਬ ਦੇ ਦੋਸ਼ੀ ਨੂੰ ਅਸੀਂ ਮੁਆਫ ਨਹੀਂ ਕਰ ਸਕਦੇ
ਜਦ ਇਸ ਦੇਸ਼ ਦੀ ਵੰਡ ਹੋਈ ਤਾਂ ਮੁਸਲਿਮ ਭਰਾ ਪਾਕਿਸਤਾਨ ਚਲੇ ਗਏ, ਅੱਜ ਮੈਨੂੰ ਦੱਸੋ ਕਿ ਉੱਥੇ ਸਾਡੇ ਸਿੱਖ ਭਰਾਵਾਂ ਦੀ ਹਾਲਤ ਕੀ ਹੈ। ਪਾਕਿਸਤਾਨ 'ਚ ਸਾਡੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਰੇ 'ਚ ਪਾਕਿਸਤਾਨ ਦੇ ਮੁਸਲਮਾਨ ਇਹ ਕਹਿਣ ਕਿ ਅਸੀਂ ਇਸ ਦਾ ਨਾਮ ਬਦਲ ਦੇਵਾਂਗੇ ਅਤੇ ਇਸ ਨੂੰ ਤੋੜਾਂਗੇ। ਉਨ੍ਹਾਂ ਦੀ ਹਿੰਮਤ ਕਿਵੇਂ ਹੋਈ ਇੰਨੀ ਗੱਲ ਕਹਿਣ ਦੀ, ਹਿੰਦੁਸਤਾਨ 'ਚ ਜੇਕਰ ਉਹ ਲੋਕ ਹੁੰਦੇ ਤਾਂ ਲੋਕ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿੰਦੇ। ਹੁਣ ਕਿਥੇ ਹਨ ਸਿੱਖ ਧਰਮ ਦੀ ਗੱਲ ਕਰਨ ਵਾਲੇ ਅਤੇ ਖਾਲਿਸਤਾਨੀ ਲੋਕ? ਮੈਂ ਜੇਕਰ ਬੰਬ ਅਤੇ ਗੋਲੀਆਂ ਦੇ ਕਾਰਣ ਅਪਾਹਿਜ ਨਾ ਹੁੰਦਾ ਤਾਂ ਭੇਸ ਬਦਲ ਕੇ ਪਾਕਿਸਤਾਨ ਜਾਂਦਾ ਅਤੇ ਦੋਸ਼ੀ ਦਾ ਸਿਰ ਕੱਟ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟ ਕਰਦਾ। ਖਾਲਿਸਤਾਨ ਦੀ ਗੱਲ ਕਰਨ ਵਾਲੇ ਹੁਣ ਕਹਿੰਦੇ ਹਨ ਕਿ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ। ਕੀ ਮੁਆਫੀ ਮੰਗਣ ਨਾਲ ਉਨ੍ਹਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ? ਸਿਆਸੀ ਪਾਰਟੀਆਂ ਦੇ ਜੋ ਲੋਕ ਉਨ੍ਹਾਂ ਦੀ ਵਕਾਲਤ ਕਰਦੇ ਹਨ, ਉਹ ਤਾਂ ਸਿਰਫ ਵੋਟ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਤਾਂ ਡੇਰਾ ਸੱਚਾ ਸੌਦਾ ਨੂੰ ਵੀ ਮੁਆਫ ਕਰ ਦਿੱਤਾ ਸੀ ਵੋਟ ਦੇ ਲਈ। ਨਨਕਾਣਾ ਸਾਹਿਬ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਨੂੰ ਅਸੀਂ ਕਦੇ ਵੀ ਮੁਆਫ ਨਹੀਂ ਕਰ ਸਕਦੇ।
ਇਹ ਸਿਆਸੀ ਲੋਕ ਹਨ, ਵੋਟ ਦੀ ਰਾਜਨੀਤੀ ਕਰਦੇ ਹਨ
ਸੀ. ਏ. ਏ. ਅਤੇ ਐੱਨ. ਆਰ. ਸੀ. ਨੂੰ ਲੈ ਕੇ ਅਕਾਲੀ ਦਲ ਦਾ ਸਟੈਂਡ ਹੈ ਕਿ ਇਸ 'ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਇਸ ਗੱਲ ਨੂੰ ਲੈ ਕੇ ਦਿੱਲੀ 'ਚ ਗਠਜੋੜ ਤੋੜ ਦਿੱਤਾ। ਇਸ 'ਤੇ ਬਿੱਟਾ ਨੇ ਕਿਹਾ ਕਿ ਇਹ ਸਿਆਸੀ ਲੋਕ ਹਨ, ਵੋਟ ਦੀ ਰਾਜਨੀਤੀ ਕਰਦੇ ਹਨ। ਜਿਨ੍ਹਾਂ ਨੇ ਕਤਲੇਆਮ ਕੀਤਾ, ਲੋਕ ਤਾਂ ਉਨ੍ਹਾਂ ਦੇ ਲਈ ਵੀ ਖੜ੍ਹੇ ਹੋ ਜਾਂਦੇ ਹਨ। ਤੁਸੀਂ ਰਾਜਨੀਤੀ ਦੀ ਗੱਲ ਛੱਡ ਦਿਓ, ਮੈਂ ਸੱਚਾ ਭਾਰਤੀ ਹੋਣ ਨਾਤੇ ਆਪਣੇ ਵਿਚਾਰਾਂ ਦੇ ਅਨੁਸਾਰ ਕੰਮ ਕਰਨਾ ਚਾਹੁੰਦਾ ਹਾਂ। ਇਹ ਲੋਕ ਤਾਂ ਅੱਜ ਕੁਝ ਕਹਿੰਦੇ ਹਨ, ਕਲ ਕੁਝ ਹੋਰ ਕਹਿਣਗੇ।
ਜੰਮੂ-ਕਸ਼ਮੀਰ ਦੇ ਦੂਜੇ ਸੂਬਿਆਂ 'ਚ ਹੋਣਗੇ ਹਾਲਾਤ ਬਿਹਤਰ
ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਏ ਜਾਣ ਦੇ ਸਬੰਧ 'ਚ ਸਵਾਲ ਕਰਨ 'ਤੇ ਬਿੱਟਾ ਨੇ ਕਿਹਾ ਕਿ ਅਸੀਂ ਇਕ ਸਾਲ ਬਾਅਦ ਇਸ ਮਸਲੇ 'ਤੇ ਗੱਲ ਕਰਾਂਗੇ ਤਾਂ ਤੁਸੀ ਯਕੀਨ ਕਰੋ, ਉਥੋਂ ਦੇ ਹਾਲਾਤ ਬਾਕੀ ਸੂਬਿਆਂ ਤੋਂ ਚੰਗੇ ਹੋਣਗੇ। ਇਹ ਤੁਸੀਂ ਮੇਰੇ ਤੋਂ ਲਿਖ ਕੇ ਲੈ ਲਵੋ। ਉਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਥੇ ਅਮਨ ਕਾਇਮ ਕਰਨ ਲਈ ਸਖਤੀ ਕਰਨੀ ਜ਼ਰੂਰੀ ਸੀ। ਸਾਡੇ ਜਵਾਨ ਹਰ ਰੋਜ਼ ਉਥੇ ਸ਼ਹਾਦਤ ਦੇ ਰਹੇ ਹਨ। ਉਥੋਂ ਦੇ ਲੋਕ ਵੀ ਆਈ. ਏ. ਐੱਸ., ਆਈ. ਪੀ. ਐੱਸ. ਬਣਨਗੇ ਪਰ ਇਹ ਸਭ ਉਦੋਂ ਹੀ ਸੰੰਭਵ ਹੋ ਸਕੇਗਾ ਜਦ ਉਥੇ ਪੱਥਰਬਾਜ਼ੀ ਰੁਕੇਗੀ। ਧਾਰਾ 370 ਹਟਾਏ ਜਾਣ ਤੋਂ ਬਾਅਦ ਕਿੱਥੇ ਪੱਥਰਬਾਜ਼ੀ ਹੋਈ ਦੱਸੋ। ਇਸ ਤੋਂ ਬਾਅਦ ਸਾਡਾ ਅਗਲਾ ਮਿਸ਼ਨ ਪੀ. ਓ. ਕੇ. ਹੋਵੇਗਾ।
ਪੰਨੂ ਪੰਜਾਬ 'ਚ 100 ਲੋਕਾਂ ਨੂੰ ਇਕੱਠਾ ਕਰਕੇ ਦਿਖਾ ਦੇਵੇ
ਰੈਫਰੈਂਡਮ 2020 ਨੂੰ ਲੈ ਕੇ ਬਿੱਟਾ ਨੇ ਕਿਹਾ ਕਿ ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਭਾਰਤ ਸਰਕਾਰ ਨੂੰ ਚਿੱਠੀ ਲਿਖਦੇ ਹਾਂ ਕਿ ਪੰਨੂ ਨੂੰ 15 ਦਿਨ ਲਈ ਭਾਰਤ ਆਉਣ ਦਿੱਤਾ ਜਾਵੇ ਅਤੇ ਉਸ ਨੂੰ ਕੋਈ ਹੱਥ ਨਾ ਲਾਏ। ਪੰਨੂ 100 ਲੋਕ ਵੀ ਇਕੱਠੇ ਨਹੀਂ ਕਰ ਸਕਦਾ। ਕੀ ਖਾਲਿਸਤਾਨ ਸਿਰਫ ਪੰਜਾਬ ਦੇ ਲੋਕਾਂ ਨਾਲ ਬਣੇਗਾ? ਪੰਜਾਬ ਦੇ ਬਾਹਰ ਜੋ ਸਿੱਖ ਸਾਡੇ ਤੋਂ ਵੀ ਵੱਧ ਹਨ, ਅਮੀਰ ਅਤੇ ਸ਼ਰਧਾਵਾਨ ਹਨ। ਉਨ੍ਹਾਂ ਦੇ ਬੱਚੇ ਵੀ ਸਵੇਰੇ ਉੱਠ ਕੇ ਕੀਰਤਨ ਕਰਦੇ ਹਨ। ਉਹ ਸਾਡੇ ਆਦਰਸ਼ ਹਨ ਨਾ ਕਿ ਪੰਨੂ ਵਰਗੇ ਲੋਕ। ਪੰਨੂ ਨੂੰ ਅਸੀਂ ਕਹਾਂਗੇ ਕਿ 100 ਲੋਕ ਵੀ ਇਕੱਠੇ ਹੋ ਗਏ ਤਾਂ ਅਸੀਂ ਖਾਲਿਸਤਾਨ 'ਤੇ ਚਰਚਾ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਪੰਨੂ ਗੁਰੂ ਮਹਾਰਾਜ ਦਾ ਸਿੱਖ ਹੀ ਨਹੀਂ ਹੈ ਕਿਉਂਕਿ ਉਸ ਦੇ ਸਿਰ 'ਤੇ ਵਾਲ ਹੀ ਨਹੀਂ ਹਨ। ਇਨ੍ਹਾਂ ਲੋਕਾਂ ਨੇ ਨਨਕਾਣਾ ਸਾਹਿਬ ਦੇ ਮਾਮਲੇ 'ਤੇ ਕਿਉਂ ਨਹੀਂ ਕੁਝ ਵੀ ਬੋਲਿਆ? ਬਿੱਟਾ ਨੇ ਕਿਹਾ ਕਿ ਖਾਲਿਸਤਾਨ ਨਾ ਕਦੇ ਬਣਿਆ ਸੀ ਤੇ ਨਾ ਹੀ ਕਦੇ ਬਣੇਗਾ। ਇਹ ਸਿਰਫ ਪਾਕਿਸਤਾਨ ਦੇ ਇਸ਼ਾਰੇ 'ਤੇ ਦੁਕਾਨਦਾਰੀਆਂ ਚੱਲ ਰਹੀਆਂ ਹਨ। ਇਸ ਮਾਮਲੇ 'ਤੇ ਦੁਨੀਆ ਭਰ ਵਿਚ ਬੈਠੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੁਝ ਲੋਕ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ।
ਭਾਰਤੀ ਹੋਣ ਦਾ ਫਖਰ ਪਰ ਸਿੱਖ ਹੋਣ 'ਤੇ ਸਾਨੂੰ ਮਾਣ
ਬੀਤੇ ਦਿਨੀਂ ਆਰ. ਐੱਸ. ਐੱਸ. ਮੁਖੀ ਦਾ ਬਿਆਨ ਆਇਆ ਕਿ ਭਾਰਤ 'ਚ ਜਿੰਨੇ ਵੀ ਲੋਕ ਰਹਿ ਰਹੇ ਹਨ ਉਹ ਸਾਰੇ ਹਿੰਦੂ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਅਸੀਂ ਭਾਰਤੀ ਹਾਂ ਪਰ ਸਿੱਖ ਹੋਣ 'ਤੇ ਸਾਨੂੰ ਮਾਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਜ਼ਲੂਮਾਂ ਦੀ ਹਿਫਾਜ਼ਤ ਲਈ ਸਿੱਖ ਕੌਮ ਸਜਾਈ ਸੀ। ਸਾਡਾ ਗੌਰਵਮਈ ਇਤਿਹਾਸ ਹੈ। ਸਿੱਖ ਕੌਮ ਇਕ ਵੱਖਰੀ ਮਾਰਸ਼ਲ ਕੌਮ ਹੈ। ਭਾਰਤ ਹੀ ਨਹੀਂ, ਦੇਸ਼-ਦੁਨੀਆ ਦੇ ਲੋਕ ਇਸ ਨੂੰ ਵੱਖਰੀ ਤਰ੍ਹਾਂ ਦੇਖਦੇ ਹਨ।
ਪਠਾਨਕੋਟ 'ਚ ਹਾਈ ਅਲਰਟ ਕਾਰਨ ਪੁਲਸ ਵਲੋਂ ਚਲਾਈ ਗਈ ਸਰਚ ਮੁਹਿੰਮ
NEXT STORY