ਅੰਮ੍ਰਿਤਸਰ/ਨਵੀਂ ਦਿੱਲੀ,(ਦੀਪਕ)- ਦਿੱਲੀ ਪੁਲਸ ਨੇ ਧੋਖਾਦੇਹੀ, ਜਾਅਲਸਾਜ਼ੀ ਅਤੇ ਧਾਂਦਲੀ ਵਰਗੇ ਗੰਭੀਰ ਮਾਮਲਿਆਂ 'ਚ ਅਦਾਲਤ ਦੇ ਹੁਕਮਾਂ ਅਨੁਸਾਰ ਦੂਜੀ ਸਭ ਤੋਂ ਵੱਡੀ ਸਿੱਖ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਵਿਰੁੱਧ ਧਾਰਾਵਾਂ 1860-120 ਬੀ, 420 ਅਤੇ 409 ਅਧੀਨ ਕੇਸ ਦਰਜ ਕੀਤੇ ਹਨ। ਇਹ ਮਾਮਲਾ 2013 ਦੇ ਜਾਅਲੀ ਬਿੱਲਾਂ ਬਾਰੇ ਦੱਸਿਆ ਜਾ ਰਿਹਾ ਹੈ, ਜਿਸ 'ਚ ਕਰੋੜਾਂ ਰੁਪਏ ਦੇ ਬਿੱਲ ਵੱਖ-ਵੱਖ ਕੰਪਨੀਆਂ ਨੂੰ ਬਿਨਾਂ ਵੈਟ ਅਤੇ ਜੀ. ਐੱਸ. ਟੀ. ਆਦਿ ਤੋਂ ਪਾਸ ਕੀਤੇ ਗਏ ਸਨ। ਟੈਂਟਾਂ ਆਦਿ ਦਾ ਭੁਗਤਾਨ ਵੀ ਬਿੱਲਾਂ ਰਾਹੀਂ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਮਾਮਲਾ ਅਦਾਲਤ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਜਿਸ ਦੀ ਸੁਣਵਾਈ ਹੁਣ ਹੋ ਰਹੀ ਹੈ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਇਸ ਮਾਮਲੇ ਸਬੰਧੀ ਲੰਬੀ ਕਾਨੂੰਨੀ ਲੜਾਈ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਡੀਆ ਨੂੰ ਸਬੂਤ ਸੌਂਪੇ। ਸਰਨਾ ਨੇ ਹਮਲਾ ਕਰਦਿਆਂ ਕਿਹਾ ਕਿ ਸਾਡੇ ਵਿੱਦਿਅਕ ਅਦਾਰੇ ਬਰਬਾਦ ਹੋਣ ਦੇ ਕੰਢੇ ਹਨ। ਅਧਿਆਪਕਾਂ ਨੂੰ 8-8 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸਦਾ ਮੁੱਖ ਕਾਰਣ ਭ੍ਰਿਸ਼ਟਾਚਾਰ ਹੈ। ਮੈਂ 123 ਕਰੋੜ ਰੁਪਏ ਦੀ ਐੱਫ. ਡੀ. ਛੱਡੀ ਸੀ, ਜੋ ਅੱਜ ਗੁੰਮ ਹੈ। ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਜੇ ਗੁਰੂ ਦੀ ਗੋਲਕ ਨੂੰ ਸਿਆਸੀ ਜਲਸਿਆਂ 'ਤੇ ਇਸ ਤਰ੍ਹਾਂ ਉਡਾਇਆ ਜਾਵੇਗਾ ਜਾਂ ਆਪਣੇ ਸਿਆਸੀ ਲਾਹੇ ਲਈ ਵਰਤਿਆ ਜਾਵੇਗਾ ਤਾਂ ਸਾਡੇ ਗੁਰੂ ਘਰਾਂ ਦੀ ਇਹੋ ਹਾਲਤ ਹੋਵੇਗੀ। ਸਰਨਾ ਨੇ ਮੰਗ ਕੀਤੀ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਇਹ ਅਖੌਤੀ ਅਪਰਾਧੀ ਸਾਡੇ ਧਰਮ ਨੂੰ ਬਰਬਾਦ ਕਰਨ ਦੇ ਰਾਹ 'ਤੇ ਹਨ। ਸੁਖਬੀਰ ਬਾਦਲ ਨੂੰ ਨੈਤਿਕਤਾ ਦੇ ਆਧਾਰ 'ਤੇ ਮਨਜਿੰਦਰ ਸਿਰਸਾ ਨੂੰ ਤੁਰੰਤ ਪਾਰਟੀ ਅਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਅਹੁਦਿਆਂ ਤੋਂ ਪਾਸੇ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 703 ਨਵੇਂ ਮਾਮਲੇ ਆਏ ਸਾਹਮਣੇ
ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਝੂਠ ਦੀ ਯਾਤਰਾ ਲੰਬੀ ਹੋ ਸਕਦੀ ਹੈ ਪਰ ਇਹ ਜਿੱਥੋਂ ਸ਼ੁਰੂ ਹੁੰਦੀ ਹੈ, ਉੱਥੇ ਹੀ ਖ਼ਤਮ ਹੁੰਦੀ ਹੈ। ਇਨ੍ਹਾਂ ਦੇ ਮਾੜੇ ਕੰਮਾਂ ਨੂੰ ਸੰਗਤ ਦੇ ਸਾਹਮਣੇ ਰੱਖਣ ਦੀ ਮੁਹਿੰਮ ਆਰੰਭ ਹੋ ਗਈ ਹੈ। ਹੁਣ ਇਸ ਨੂੰ ਅੰਤ ਤਕ ਲਿਜਾਇਆ ਜਾਵੇਗਾ। ਅੱਜ ਸਾਡੀ ਵਿਰਾਸਤ ਬਰਬਾਦ ਹੋਣ ਕੰਢੇ ਪਹੁੰਚ ਗਈ ਹੈ। ਅਧਿਆਪਕ ਅਤੇ ਕਰਮਚਾਰੀ ਸੜਕਾਂ 'ਤੇ ਹਨ ਅਤੇ ਇਹ ਸਿਆਸਤ ਵਿਚ ਰੁੱਝੇ ਹੋਏ ਹਨ। ਇਸ ਮੌਕੇ ਪਾਰਟੀ ਦੇ ਜਨਰਲ ਸੱਕਤਰ ਗੁਰਮੀਤ ਸਿੰਘ ਸ਼ੰਟੀ, ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਦਿੱਲੀ ਕਮੇਟੀ ਮੈਂਬਰ ਸੁਖਬੀਰ ਸਿੰਘ ਕਾਲੜਾ, ਮੈਂਬਰ ਕਰਤਾਰ ਸਿੰਘ ਚਾਵਲਾ ਵਿੱਕੀ, ਮਨਜੀਤ ਸਿੰਘ ਸਰਨਾ, ਮਹਿਲਾ ਵਿੰਗ ਪੱਛਮੀ ਦਿੱਲੀ ਪ੍ਰਧਾਨ ਮਨਜੀਤ ਕੌਰ, ਜਨਰਲ ਸੱਕਤਰ ਹਰਮੀਤ ਕੌਰ ਅਤੇ ਭੁਪਿੰਦਰ ਸਿੰਘ ਪੀ. ਆਰ. ਓ. ਆਦਿ ਹਾਜ਼ਰ ਸਨ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY