ਨਵੀਂ ਦਿੱਲੀ/ਜਲੰਧਰ, (ਜ. ਬ.)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਐਲਾਨ ਨੇ 1984 ਦੇ ਸਿੱਖ ਕਤਲੇਆਮ ’ਚ ਭੂਮਿਕਾ ਨਿਭਾਉਣ ਵਾਲੇ ਕਮਲਨਾਥ ਨੂੰ ਜੇਲ ਭੇਜਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਵਿਚ ਦਿੱਤੇ ਦਲੇਰੀ ਭਰਪੂਰ ਭਾਸ਼ਣ ਨਾਲ ਕਾਂਗਰਸ ਪਾਰਟੀ ਨੂੰ ਸਿੱਖ ਕਤਲੇਆਮ ਵਿਚ ਉਸ ਦੀ ਭੂਮਿਕਾ ਚੇਤੇ ਕਰਵਾ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਕਮਲਨਾਥ ਨੇ ਹੀ ਉਸ ਭੀੜ ਦੀ ਅਗਵਾਈ ਕੀਤੀ ਸੀ ਜਿਸਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ 2 ਸਿੱਖ ਨੌਜਵਾਨਾਂ ਨੂੰ ਜਿਊਂਦਿਆਂ ਸਾੜ ਦਿੱਤਾ ਸੀ। ਇਹ ਕੇਸ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਪਰ ਸਿਰਸਾ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਬਦੌਲਤ ਐੱਸ. ਆਈ. ਟੀ. ਨੇ ਇਹ ਦੁਬਾਰਾ ਖੋਲ੍ਹਿਆ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਕਮਲਨਾਥ ਦੀ ਗ੍ਰਿਫਤਾਰੀ ਦਾ ਰਸਮੀ ਹੁਕਮ ਕਿਸੇ ਸਮੇਂ ਵੀ ਜਾਰੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਨੂੰ ਦੱਸਿਆ ਹੈ ਕਿ ਕਿਵੇਂ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਤੇ ਕਿਵੇਂ ਕਾਂਗਰਸ ਪਾਰਟੀ ਨੇ ਦੋਸ਼ੀਆਂ ਨੂੰ ਜੇਲ ਨਹੀਂ ਭੇਜਿਆ ਬਲਕਿ ਉਲਟਾ ਜੋ ਆਗੂ ਕਤਲੇਆਮ ਵਿਚ ਸ਼ਾਮਲ ਸਨ, ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕਮਲਨਾਥ ਕਾਂਗਰਸ ਹਾਈਕਮਾਨ ਦੀ ਮਦਦ ਨਾਲ ਬਚਦੇ ਆਏ ਹਨ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਖੁਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੇਨਕਾਬ ਕਰ ਦਿੱਤਾ ਹੈ ਅਤੇ ਆਪਣੀ ਸਰਕਾਰ ਵੱਲੋਂ ਉਨ੍ਹਾਂ ਨੂੰ ਜੇਲ ਭੇਜਣ ਦਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਕਮਲਨਾਥ ਨੂੰ ਮੁੱਖ ਮੰਤਰੀ ਹੁੰਦਿਆਂ ਜੇਲ ਜਾਣ ਵਾਲਾ ਪਹਿਲਾ ਆਗੂ ਬਣਨ ਅਤੇ ਤਿਹਾੜ ਜੇਲ ਵਿਚ ਸੱਜਣ ਕੁਮਾਰ ਦਾ ਸਾਥ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਵੇਂ 35 ਸਾਲਾਂ ਤੱਕ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਨਿਆਂ ਦੀ ਉਡੀਕ ਕਰਦੀਆਂ ਰਹੀਆਂ ਅਤੇ ਹੁਣ ਉਨ੍ਹਾਂ ਦੀ ਅਗਵਾਈ ਹੇਠ ਬਣੀ ਐੱਨ. ਡੀ. ਏ. ਦੀ ਸਰਕਾਰ ਨੇ ਐੱਸ. ਆਈ. ਟੀ. ਦਾ ਗਠਨ ਕੀਤਾ ਹੈ, ਜਿਸ ਨੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਜੇਲ ਭੇਜਣ ਦਾ ਕੰਮ ਸ਼ੁਰੂ ਕੀਤਾ ਹੈ।
ਸ. ਸਿਰਸਾ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਸਿੱਖਾਂ ਲਈ ਆਸ ਜਾਗੀ ਹੈ ਕਿ ਕਤਲੇਆਮ ਦੇ ਮਾਮਲੇ ਵਿਚ ਪੂਰਨ ਨਿਆਂ ਮਿਲੇਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਇਸ ਮਾਮਲੇ ’ਤੇ ਸੰਸਦ ਵਿਚ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਦਾ ਧੰਨਵਾਦੀ ਹੈ ਤੇ ਆਸ ਕਰਦਾ ਹੈ ਕਿ ਧਰਤੀ ’ਤੇ ਹੋਏ ਇਸ ਹੁਣ ਤੱਕ ਦੇ ਸਭ ਤੋਂ ਘਿਨਾਉਣੇ ਅਪਰਾਧ ਦੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਭੇਜੇ ਜਾਣਗੇ।
ਨਿਰਭਿਆ ਮਾਮਲੇ 'ਚ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ (ਪੜ੍ਹੋ 7 ਫਰਵਰੀ ਦੀਆਂ ਖਾਸ ਖਬਰਾਂ)
NEXT STORY