ਜਲੰਧਰ (ਨਰੇਸ਼ ਕੁਮਾਰ) : ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਕਮੀ ਕੀਤੇ ਜਾਣ ਦੇ ਸਵਾਲ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੂਬੇ ਦੀ ਆਮਦਨ ਵਿਚ ਕਮੀ ਹੋਣ ਦਾ ਤਰਕ ਦੇ ਰਹੇ ਹਨ ਪਰ ਜੇ ਪੈਟਰੋਲ ਦੀਆਂ ਕੀਤਮਾਂ ਅਤੇ ਅੰਕੜਿਆਂ ਅਤੇ ਇਨ੍ਹਾਂ ਕੀਮਤਾਂ 'ਤੇ ਲੱਗਣ ਵਾਲੇ ਸੂਬੇ ਦੇ ਟੈਕਸ 'ਤੇ ਨਜ਼ਰ ਸਾਨੀ ਕੀਤੀ ਜਾਵੇ ਤਾਂ ਮਨਪ੍ਰੀਤ ਦਾ ਇਹ ਦਾਅਵਾ ਗਲਤ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਤੱਥ ਇਹ ਹੈ ਕਿ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਪੰਜਾਬ ਪੈਟਰੋਲ 'ਤੇ ਕਰੀਬ 3.50 ਰੁਪਏ ਅਤੇ ਡੀਜ਼ਲ 'ਤੇ ਲਗਭਗ 2.50 ਰੁਪਏ ਵੈਟ ਜ਼ਿਆਦਾ ਵਸੂਲ ਰਿਹਾ ਹੈ। ਸੂਬੇ ਵਲੋਂ ਲਗਾਏ ਜਾਣ ਵਾਲੇ ਵੈਟ ਵਿਚ ਇਹ ਵਾਧਾ ਪੈਟਰੋਲ ਦੀ ਵਧੀ ਕੀਮਤ ਦੇ ਨਾਲ ਹੋਇਆ ਹੈ। ਹਾਲਾਂਕਿ ਪੰਜਾਬ ਨੇ ਪਿਛਲੇ ਇਕ ਸਾਲ ਵਿਚ ਪੈਟਰੋਲ 'ਤੇ ਲੱਗਣ ਵਾਲੇ ਵੈਟ ਦੀ ਦਰ ਨਹੀਂ ਵਧਾਈ ਪਰ ਇਸ ਦੇ ਬਾਵਜੂਦ ਸੂਬੇ ਦੀ ਆਮਦਨ ਲਗਾਤਾਰ ਵੱਧ ਰਹੀ ਹੈ। ਇਸ ਦਾ ਕਾਰਨ ਤੇਲ ਕੰਪਨੀਆਂ ਵਲੋਂ ਪਿਛਲੇ ਇਕ ਸਾਲ ਦੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਕੀਤਾ ਗਿਆ ਵਾਧਾ ਹੈ।

ਇੰਝ ਵਧਿਆ ਪੰਜਾਬ ਦਾ ਮਾਲੀਆ
ਪਿਛਲੇ ਸਾਲ ਪੰਜਾਬ ਵਿਚ ਪੈਟਰੋਲ ਦਾ ਡੀਲਰ ਪ੍ਰਾਈਜ਼ ਲਗਭਗ 31 ਰੁਪਏ 50 ਪ੍ਰਤੀ ਲਿਟਰ ਸੀ। ਇਸ 'ਤੇ 19 ਰੁਪਏ 48 ਪੈਸੇ ਕੇਂਦਰੀ ਐਕਸਾਈਜ਼ ਡਿਊਟੀ ਲੱਗਦੀ ਸੀ। ਇਸ ਦੇ ਨਾਲ ਹੀ ਇਸ ਦੀ ਕੀਮਤ 'ਤੇ ਡੀਲਰ ਦਾ 3.66 ਰੁਪਏ ਪ੍ਰਤੀ ਲਿਟਰ ਦਾ ਕਮਿਸ਼ਨ ਜੁੜਦਾ ਹੈ। ਇਸ ਸਾਰੀ ਰਕਮ ਨੂੰ ਜੋੜਿਆ ਜਾਵੇ ਤਾਂ ਇਹ 54 ਰੁਪਏ 64 ਪੈਸੇ ਬਣਦੀ ਹੈ। ਇਸ 54 ਰੁਪਏ 64 ਪੈਸੇ 'ਤੇ ਪੰਜਾਬ ਦਾ 35.12 ਫੀਸਦੀ ਵੈਟ ਲੱਗਦਾ ਸੀ ਜੋ ਕਿ ਕਰੀਬ 19 ਰੁਪਏ 48 ਪੈਸੇ ਪ੍ਰਤੀ ਲਿਟਰ ਬਣਦਾ ਸੀ। ਇਸ ਸਾਰੀ ਕੀਮਤ ਨੂੰ ਮਿਲਾ ਕੇ ਪੰਜਾਬ ਵਿਚ ਪੈਟਰੋਲ ਦੀ ਕੀਮਤ ਪਿਛਲੇ ਸਾਲ ਕਰੀਬ 74 ਰੁਪਏ ਬੈਠਦੀ ਸੀ। ਜਦਕਿ ਹੁਣ ਪੈਟਰੋਲ ਦਾ ਡੀਲਰ ਪ੍ਰਾਈਜ਼ 42 ਰੁਪਏ ਪ੍ਰਤੀ ਲਿਟਰ ਦੇ ਕਰੀਬ ਹੈ ਅਤੇ ਇਸ ਵਿਚ ਕਮਿਸ਼ਨ ਅਤੇ ਕੇਂਦਰ ਦੀ 17. 98 ਰੁਪਏ ਡਿਊਟੀ ਮਿਲਾ ਕੇ ਪੰਜਾਬ ਵਿਚ 35.12 ਫੀਸਦੀ ਵੈਟ ਲੱਗਦਾ ਹੈ ਜੋ ਕਿ ਹੁਣ ਪਿਛਲੇ ਸਾਲ ਦੇ ਮੁਕਾਬਲੇ 19.18 ਪੈਸੇ ਤੋਂ ਵੱਧ ਕੇ 22 ਰੁਪਏ 64 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ। ਯਾਨੀ ਪੰਜਾਬ ਸਰਕਾਰ ਨੂੰ ਪੈਟਰੋਲ 'ਤੇ ਘਰ ਬੈਠੇ ਹੀ ਬਿਨਾਂ ਵੈਟ ਵਧਾਏ ਸਾਢੇ 3 ਰੁਪਏ ਪ੍ਰਤੀ ਲਿਟਰ ਦਾ ਫਾਇਦਾ ਹੋ ਰਿਹਾ ਹੈ।

ਬਿਲਕੁਲ ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਦਾ ਵੀ ਸੀ। ਡੀਜ਼ਲ ਦੀ ਕੀਮਤ ਪਿਛਲੇ ਸਾਲ ਅਕਤੂਬਰ ਵਿਚ ਪੰਜਾਬ ਵਿਚ 57 ਰੁਪਏ ਪ੍ਰਤੀ ਲਿਟਰ ਦੇ ਕਰੀਬ ਸੀ ਜਿਸ ਵਿਚ ਡੀਲਰ ਪ੍ਰਾਈਜ਼ 31.50 ਰੁਪਏ ਲਿਟਰ ਦੇ ਨਾਲ ਡੀਲਰ ਦਾ ਕਮਿਸ਼ਨ 2 ਰੁਪਏ 52 ਪੈਸੇ ਸੀ ਜਦਕਿ ਇਸ ਕੀਮਤ 'ਤੇ 15 ਰੁਪਏ 33 ਪੈਸੇ ਦੇ ਕਰੀਬ ਕੇਂਦਰੀ ਸ਼ੁਲਕ ਲੱਗਦਾ ਸੀ। ਇਸ ਸਾਰੀ ਰਕਮ ਨੂੰ ਜੋੜ ਕੇ ਇਹ ਰਕਮ 49 ਰੁਪਏ 35 ਪੈਸੇ ਬਣਦੀ ਹੈ। ਇਸ 'ਤੇ ਸੂਬੇ ਦਾ 17 ਫੀਸਦੀ ਵੈਟ ਕਰੀਬ 8 ਰੁਪਏ 38 ਪੈਸੇ ਪ੍ਰਤੀ ਲਿਟਰ ਬਣਦਾ ਸੀ ਅਤੇ ਇਸ ਸਾਰੀ ਰਕਮ ਨੂੰ ਮਿਲਾ ਕੇ ਪੰਜਾਬ ਵਿਚ ਡੀਜ਼ਲ ਦੀ ਕੀਮਤ 57 ਰੁਪਏ 50 ਪੈਸੇ ਪ੍ਰਤੀ ਲਿਟਰ ਦੇ ਕਰੀਬ ਸੀ ਪਰ ਅੱਜ ਡੀਜ਼ਲ ਦਾ ਡੀਲਰ ਪ੍ਰਾਈਜ਼ 46 ਰੁਪਏ ਦੇ ਕਰੀਬ ਹੈ ਅਤੇ ਇਸ 'ਤੇ ਲੱਗਣ ਵਾਲਾ ਸੂਬੇ ਦਾ ਵੈਟ ਵੱਧ ਕੇ 10 ਰੁਪਏ 90 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ। ਇਸ ਲਿਹਾਜ਼ ਨਾਲ ਪੰਜਾਬ ਸਰਕਾਰ ਨੂੰ ਡੀਜ਼ਲ 'ਤੇ ਹਾਸਲ ਹੋਣ ਵਾਲਾ ਵੈਟ ਪਿਛਲੇ ਸਾਲ ਦੇ ਮੁਕਾਬਲੇ 2. 50 ਰੁਪਏ ਲਿਟਰ ਜ਼ਿਆਦਾ ਹੈ।
ਲੋਕਾਂ ਨੂੰ ਮੁਸੀਬਤ, ਪੰਜਾਬ ਸਰਕਾਰ ਦੀਆਂ ਮੌਜਾਂ
ਪੰਜਾਬ ਨੂੰ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਪੈਟਰੋਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਤੋਂ ਹੋਣ ਵਾਲੀ ਆਮਦਨ ਵਿਚ ਵੀ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਪੰਜਾਬ ਨੂੰ ਇਸ ਮੱਦ ਵਿਚ ਕਰੀਬ 56.58 ਕਰੋੜ ਰੁਪਏ ਦੀ ਆਮਦਨ ਹੋਈ ਸੀ ਜੋ ਕਿ ਔਸਤਨ 471.50 ਕਰੋੜ ਰੁਪਏ ਮਹੀਨਾ ਬਣਦੀ ਹੈ ਜਦਕਿ ਇਸ ਸਾਲ ਦੇ ਅਪ੍ਰੈਲ ਮਈ ਜੂਨ ਮਹੀਨਿਆਂ ਵਿਚ ਪੰਜਾਬ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਤੋਂ 1815 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਔਸਤਨ 605 ਰੁਪਏ ਪ੍ਰਤੀ ਮਹੀਨਾ ਹੈ। ਯਾਨੀ ਪੰਜਾਬ ਸਰਕਾਰ ਨੂੰ ਹਰ ਮਹੀਨੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਤੋਂ ਪਿਛਲੇ ਸਾਲ ਦੇ ਮੁਕਾਬਲੇ 134 ਕਰੋੜ ਰੁਪਏ ਦਾ ਮਾਲੀਆ ਜ਼ਿਆਦਾ ਹਾਸਲ ਹੋ ਰਿਹਾ ਹੈ।
ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਵੀ. ਐੱਸ. ਸਕੈਨਿੰਗ ਸੈਂਟਰ 'ਤੇ ਛਾਪਾ (ਵੀਡੀਓ)
NEXT STORY