ਮਾਨਸਾ (ਜੱਸਲ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਿਰਫ ਦੋ ਲੱਖ ਤੱਕ ਕੇ ਕਰਜ਼ੇ ਮੁਆਫ ਕਰਨ ਤੋਂ ਅੱਗੇ ਹੋਰ ਕਰਜ਼ਾ ਮੁਆਫੀ ਦੀ ਕਿਸਾਨ ਕੋਈ ਆਸ ਨਾ ਰੱਖਣ, ਸਬੰਧੀ ਦਿੱਤੇ ਬਿਆਨ 'ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਇਸ ਬਿਆਨ ਨਾਲ ਕਾਂਗਰਸ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਪਾਰਟੀ ਨੇ ਕਿਸਾਨਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ ਕਰਨ ਦਾ ਜੋ ਲਿਖਤੀ ਇਕਰਾਰਨਾਮਾ ਚੋਣ ਮੈਨੀਫੈਸਟੋ ਤਿਆਰ ਕੀਤਾ ਸੀ ਤਾਂ ਉਸ ਦੀ ਮੁੱਖ ਜ਼ਿੰਮੇਵਾਰੀ ਮਨਪ੍ਰੀਤ ਸਿੰਘ ਬਾਦਲ ਨੇ ਹੀ ਨਿਭਾਈ ਸੀ। ਕਿਸਾਨਾਂ ਕੋਲੋਂ ਬਕਾਇਦਾ ਫਾਰਮ ਭਰਵਾ ਕੇ ਕਰਜ਼ਾ ਮੁਆਫੀ ਦੇ ਡਰਾਮੇ ਵੀ ਕੀਤੇ ਗਏ ਸੀ।
ਜਦੋਂਕਿ ਕਰਜ਼ਾ ਨਾ ਮੁਆਫ ਕਰਨ ਦੇ ਹੁਣ ਇਹੀ ਮਨਪ੍ਰੀਤ ਬਿਆਨ ਜਾਰੀ ਕਰ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਜਥੇਬੰਦੀ ਨੇ ਕਿਸਾਨਾਂ ਨੂੰ ਚੋਣਾਂ ਵੇਲੇ ਵੀ ਸੁਚੇਤ ਕੀਤਾ ਸੀ ਕਿ ਉਹ ਕਰਜ਼ਾ ਮੁਆਫੀ ਲਈ ਸੰਘਰਸ਼ਾਂ ਵਾਸਤੇ ਤਿਆਰ ਰਹਿਣ, ਕੋਈ ਵੀ ਪਾਰਟੀ ਕਿੰਨੇ ਵੀ ਵਾਅਦੇ ਕਰੇ, ਸੱਤਾ 'ਚ ਆਉਣ 'ਤੇ ਉਸ 'ਤੇ ਪੂਰੀ ਨਹੀਂ ਉਤਰਦੀ।
ਕਿਸਾਨ ਆਗੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕਣਕ, ਝੋਨਾ, ਦੁੱਧ, ਸਬਜ਼ੀਆਂ ਪੂਰੇ ਦੇਸ਼ ਵਾਸੀਆਂ ਲਈ ਆਪਣੀਆਂ ਜਾਨਾਂ ਖਤਰਿਆਂ 'ਚ ਪਾ ਕੇ ਪੈਦਾ ਕੀਤੀਆਂ, ਖੇਤੀ ਲਾਗਤ ਖਰਚੇ ਵਧਣ, ਕੁਦਰਤੀ ਮਾਰਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਤੇ ਲਾਹੇਵੰਦ ਭਾਅ ਨਾ ਦੇਣ ਕਰਕੇ ਹੀ ਪੰਜਾਬ ਦੇ ਕਿਸਾਨ 90 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਕਰਜ਼ਾਈ ਹੋ ਗਏ ਹਨ।
ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨ ਦਾ ਬਹਾਨਾ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਲਾਇਆ ਜਾ ਰਿਹਾ ਹੈ ਜਦੋਂ ਕਿ ਆਏ ਦਿਨ ਮੰਤਰੀ ਅਫਸਰਸ਼ਾਹੀ ਇਸੇ ਖਜ਼ਾਨੇ 'ਚੋਂ ਮੌਜਾਂ ਉਡਾ ਰਹੇ ਹਨ ਅਤੇ ਆਪਣੇ ਚਹੇਤਿਆਂ ਨੂੰ ਰਿਆਇਤਾਂ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੁੱਚਾ ਕਰਜ਼ਾ ਮੁਆਫੀ ਸਮੇਤ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਟਿਆਲਾ ਵਿਖੇ 22 ਸਤੰਬਰ ਤੋਂ ਲਾਏ ਜਾ ਰਹੇ 5 ਰੋਜ਼ਾ ਮੋਰਚੇ 'ਚ ਵਧ-ਚੜ੍ਹ ਕੇ ਪਹੁੰਚਣ।
ਦਾਜ ਦੇ ਭੁੱਖੇ ਪਤੀ ਨੇ ਪਤਨੀ ਨਾਲ ਕੀਤਾ ਜਾਨਵਰਾਂ ਨਾਲੋਂ ਭੈੜਾ ਸਲੂਕ, ਜਾਣੋ ਕੀ ਹੈ ਪੂਰੀ ਕਹਾਣੀ
NEXT STORY