ਜਲੰਧਰ, (ਬਿਊਰੋ)— ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਹਨ। ਇਹ ਝਟਕਾ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਮਿਲਦੀ 13ਵੀਂ ਤਨਖਾਹ ਖਤਮ ਕਰ ਕੇ ਦਿੱਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ 13ਵੇਂ ਤਨਖਾਹ ਕਮਿਸ਼ਨ ਨੂੰ ਪੁਲਸ ਮੁਲਾਜ਼ਮਾਂ ਦੀ ਇਹ ਤਨਖਾਹ ਬੰਦ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ।
ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹਫਤਾਵਾਰੀ ਛੁੱਟੀ ਨਾ ਮਿਲਣ ਕਰ ਕੇ ਅਤੇ ਵਾਧੂ ਸਮਾਂ ਡਿਊਟੀ ਦੇਣ ਕਰ ਕੇ 13ਵੇਂ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਮਨਪ੍ਰੀਤ ਬਾਦਲ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਪੁਲਸ ਦੇ 79,625 ਮੁਲਾਜ਼ਮਾਂ ਨੂੰ ਇਹ ਝਟਕਾ ਲੱਗੇਗਾ। ਇਹ ਮੁਲਾਜ਼ਮ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤਕ ਦੇ ਹਨ। 13ਵੀਂ ਤਨਖਾਹ ਮਿਲਣ ਨਾਲ ਮੁਲਾਜ਼ਮਾਂ ਨੂੰ ਥੋੜ੍ਹੀ ਬਹੁਤੀ ਆਰਥਿਕ ਪੱਖੋਂ ਰਾਹਤ ਮਿਲਦੀ ਸੀ ਪਰ ਵਿੱਤ ਵਿਭਾਗ ਵਲੋਂ ਚੁਪ-ਚੁਪੀਤੇ ਹੀ ਖਜ਼ਾਨੇ ਨੂੰ ਭਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਪੰਜਾਬ ਪੁਲਸ ਦੇ ਮੁਲਾਜ਼ਮਾਂ 'ਤੇ ਭਾਰੂ ਪੈ ਰਹੀਆਂ ਹਨ। ਪੰਜਾਬ ਪੁਲਸ ਦੇ ਮੁਲਾਜ਼ਮ 24 ਘੰਟੇ ਡਿਊਟੀ ਕਰਦੇ ਹਨ ਤੇ ਉਹ ਆਪਣੀ ਡਿਊਟੀ ਵਿਚ-ਵਿਚਾਲੇ ਛੱਡ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਜੇ ਉਹ ਡਿਊਟੀ ਵਿਚ ਛੱਡਣਗੇ ਤਾਂ ਅਮਨ-ਕਾਨੂੰਨ ਦੀ ਸਥਿਤੀ 'ਤੇ ਮਾਰੂ ਅਸਰ ਪਵੇਗਾ। ਵਿੱਤ ਵਿਭਾਗ ਦੀ ਇਸ ਕੋਸ਼ਿਸ਼ ਨਾਲ ਸਿਰਫ ਸਾਲਾਨਾ 312 ਕਰੋੜ ਰੁਪਏ ਬਚਣਗੇ ਪਰ ਅਮਨ-ਕਾਨੂੰਨ ਦੀ ਸਥਿਤੀ 'ਤੇ ਇਸ ਦਾ ਬਹੁਤ ਮਾੜਾ ਅਸਰ ਪਵੇਗਾ।
ਵਿੱਤ ਵਿਭਾਗ ਖਾਲੀ ਖਜ਼ਾਨੇ ਨੂੰ ਭਰਨ ਲਈ ਮੁਲਾਜ਼ਮਾਂ ਨੂੰ ਝਟਕੇ ਦੇਣ ਲੱਗਿਆ ਹੈ। ਦੂਸਰੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਵੀ ਕੁਝ ਸਹੂਲਤਾਂ ਬੰਦ ਕਰਨ ਦੇ ਯਤਨਾਂ 'ਚ ਵਿਤ ਵਿਭਾਗ ਲੱਗਿਆ ਹੋਇਆ ਹੈ। ਪੰਜਾਬ ਪੁਲਸ ਦੇ ਮੁਲਾਜ਼ਮਾਂ ਵਿਚ 13ਵੀਂ ਤਨਖਾਹ ਬੰਦ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਕਰ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇੰਗਲੈਂਡ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ 2 ਦੀ ਮੌਤ
NEXT STORY