ਜਲੰਧਰ/ਚੰਡੀਗੜ੍ਹ,(ਰਾਜੇਸ਼/ਰਮਨਜੀਤ)— ਡੇਢ ਮਹੀਨਾ ਪਹਿਲਾਂ ਜਲੰਧਰ ਦੇ ਮਕਸੂਦਾਂ ਥਾਣੇ ਵਿਚ ਇਕ ਤੋਂ ਬਾਅਦ ਇਕ ਹੋਏ 4 ਧਮਾਕੇ ਗਜਵਤ ਉਲ ਹਿੰਦ ਮਤਲਬ 'ਹਿੰਦੋਸਤਾਨ ਦੇ ਖਿਲਾਫ ਜੰਗ' ਨਾਂ ਦੇ ਸੰਗਠਨ ਦੇ ਸਰਗਣਾ ਅਤੇ ਅਲਕਾਇਦਾ ਦੇ ਸਾਬਕਾ ਕਮਾਂਡਰ ਅੱਤਵਾਦੀ ਜ਼ਾਕਿਰ ਮੂਸਾ ਦੇ ਗੁਰਗਿਆਂ ਨੇ ਕਰਵਾਏ ਸੀ। ਸੋਮਵਾਰ ਨੂੰ ਇਹ ਖੁਲਾਸਾ ਸ਼ਹਿਰ ਵਿਚੋਂ ਫੜੇ ਗਏ ਸੇਂਟ ਸੋਲਜਰ ਕਾਲਜ ਦੇ ਦੋ ਹੋਰ ਕਸ਼ਮੀਰੀ ਵਿਦਿਆਰਥੀਆਂ ਨੇ ਪੁੱਛਗਿਛ ਦੌਰਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ ਨਾਲ ਆਏ ਸਨ, ਬੰਬ ਇਨ੍ਹਾਂ ਨੇ ਨਹੀਂ ਸੁੱਟੇ, ਬੰਬ ਸੁੱਟਣ ਵਾਲੇ ਸਾਥੀ ਅਜੇ ਫਰਾਰ ਹਨ। ਇਨ੍ਹਾਂ ਦੀ ਪਛਾਣ ਸ਼ਾਹਿਦ ਕਿਊਮ ਪੁੱਤਰ ਅਬਦੁੱਲ ਕਿਊਮ ਵਾਸੀ ਨੂਰਪੁਰ ਅਤੇ ਫਾਜ਼ਿਲ ਬਸ਼ੀਰ ਪੁੱਤਰ ਅਹਿਦ ਪੀਚੂ ਵਾਸੀ ਘਾਟ ਮੁਹੱਲਾ ਅਬੰਤੀਪੁਰਾ ਜੰਮੂ-ਕਸ਼ਮੀਰ ਵਜੋਂ ਹੋਈ ਹੈ। ਇਨ੍ਹਾਂ ਦਾ ਸਬੰਧ ਜ਼ਾਕਿਰ ਮੂਸਾ ਸੰਗਠਨ ਨਾਲ ਹੈ।
ਦੇਰ ਸ਼ਾਮ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਮਕਸੂਦਾਂ ਧਮਾਕੇ ਦੇ ਦੋਸ਼ੀਆਂ ਨੂੰ ਫੜਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਕਸੂਦਾਂ ਥਾਣੇ ਵਿਚ ਹੈਂਡ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਪੈਸ਼ਲ ਟੀਮ ਬਣਾ ਕੇ ਪੁਲਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਏਅਰਪੋਰਟ 'ਤੇ ਆਉਣ-ਜਾਣ ਵਾਲੇ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਜੰਮੂ-ਕਸ਼ਮੀਰ ਤੋਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਰਾਹੀਂ ਚੰਡੀਗੜ੍ਹ ਏਅਰਪੋਰਟ 'ਤੇ ਉਤਰਨ ਤੋਂ ਬਾਅਦ 13 ਸਤੰਬਰ ਨੂੰ ਕਸ਼ਮੀਰ ਤੋਂ ਮੀਰ ਰਾਊਫ ਅਹਿਮਦ ਅਤੇ ਮੀਰ ਉਮਰ ਰਮਜਾਨ ਉਰਫ ਗਾਜੀ ਨਾਂ ਦੇ ਦੋ ਨੌਜਵਾਨ ਜਲੰਧਰ ਆਏ ਸਨ ਅਤੇ ਅਗਲੇ ਦਿਨ ਮਕਸੂਦਾਂ ਵਿਚ ਧਮਾਕੇ ਤੋਂ ਬਾਅਦ ਵਾਪਸ ਚਲੇ ਗਏ। ਉਨ੍ਹਾਂ ਬਾਰੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਸ਼ਮੀਰ ਤੋਂ ਆਏ ਦੋਵੇਂ ਨੌਜਵਾਨ ਜਲੰਧਰ ਵਿਚ ਸ਼ਾਹਿਦ ਕਿਊਮ (22), ਫਾਜ਼ਿਲ ਬਸ਼ੀਰ (23) ਕੋਲ ਉਨ੍ਹਾਂ ਦੇ ਪੀਜੀ ਵਿਚ ਰੁਕੇ ਸਨ। ਸ਼ਾਹਿਦ ਤੇ ਫਾਜ਼ਿਲ ਬਾਰੇ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਸੇਂਟ ਸੋਲਜਰ ਇੰਸਟੀਚਿਊਟ ਵਿਚ ਇੰਜੀਨੀਅਰਿੰਗ (7ਵਾਂ ਸਮੈਸਟਰ) ਦੇ ਵਿਦਿਆਰਥੀ ਹਨ। ਸ਼ਾਹਿਦ ਨੂੰ ਪੁਲਸ ਨੇ ਜਲੰਧਰ ਅਤੇ ਫਾਜ਼ਿਲ ਨੂੰ ਜੰਮੂ-ਕਸ਼ਮੀਰ ਤੋਂ ਹਿਰਾਸਤ ਵਿਚ ਲਿਆ ਜਿਨ੍ਹਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਕਸ਼ਮੀਰ ਤੋਂ ਆਏ ਮੀਰ ਰਾਊਫ ਅਹਿਮਦ ਅਤੇ ਮੀਰ ਉਮਰ ਰਮਜਾਨ ਨਾਲ ਮਿਲ ਕੇ ਮਕਸੂਦਾਂ ਥਾਣੇ ਪੈਦਲ ਜਾ ਕੇ ਉਥੇ 4 ਹੈਂਡ ਗ੍ਰੇਨੇਡ ਸੁੱਟੇ ਸਨ। ਉਹ ਚਾਰੇ ਅੱਤਵਾਦੀ ਜਾਕਿਰ ਮੂਸਾ ਦੇ ਸੰਪਰਕ ਵਿਚ ਸਨ। ਇਕ ਰਾਤ ਇਥੇ ਰੁਕਣ ਤੋਂ ਬਾਅਦ ਕਸ਼ਮੀਰ ਤੋਂ ਆਏ ਦੋਵੇਂ ਨੌਜਵਾਨ ਵਾਪਸ ਚਲੇ ਗਏ। ਪੁਲਸ ਫੜੇ ਗਏ ਨੌਜਵਾਨਾਂ ਨੂੰ 4 ਦਿਨ ਦੇ ਰਿਮਾਂਡ 'ਤੇ ਲੈ ਕੇ ਉਨ੍ਹਾਂ ਕੋਲੋਂ ਪੁੱਛਗਿਛ ਕਰ ਰਹੀ ਹੈ।
ਸੀ. ਆਰ. ਪੀ. ਐੱਫ. ਅਤੇ ਆਈ. ਟੀ. ਬੀ. ਪੀ. ਕੈਂਪਸ ਨੂੰ ਹਿਲਾਉਣ ਦੀ ਸੀ ਸਾਜ਼ਿਸ਼
ਦੀਵਾਲੀ ਤੋਂ ਪਹਿਲਾਂ ਮੂਸਾ ਨੇ ਜਲੰਧਰ ਨੂੰ ਪੂਰੀ ਤਰ੍ਹਾਂ ਹਿਲਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਲਈ ਮੂਸਾ ਨੇ ਇਸ ਸੰਗਠਨ ਦੇ ਨੌਜਵਾਨ ਮੈਂਬਰਾਂ ਨੂੰ ਇਹ ਕੰਮ ਸੌਂਪਿਆ ਸੀ। ਮਕਸੂਦਾਂ ਥਾਣੇ ਵਿਚ ਬੰਬ ਸੁੱਟਣ ਤੋਂ ਪਹਿਲਾਂ ਇਨ੍ਹਾਂ ਕਸ਼ਮੀਰੀ ਅੱਤਵਾਦੀਆਂ ਦਾ ਨਿਸ਼ਾਨਾ ਬਿਧੀਪੁਰ ਰੇਲਵੇ ਕਰਾਸਿੰਗ ਕੋਲ ਸਥਿਤ ਸੀ. ਆਰ. ਪੀ. ਐੱਫ. ਅਤੇ ਆਈ. ਟੀ. ਬੀ. ਪੀ. ਦੇ ਕੈਂਪ ਸਨ। ਇਸ ਤੋਂ ਇਲਾਵਾ ਮੂਸਾ ਦੇ ਨਿਸ਼ਾਨੇ 'ਤੇ ਸੂਰਾਨੁਸੀ ਸਥਿਤ ਫੌਜ ਦਾ ਅਸਲਾ ਡਿਪੂ ਅਤੇ ਇੰਡੀਅਨ ਆਇਲ ਡਿੱਪੂ ਵੀ ਸਨ। ਜੇਕਰ ਇਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਿਚ ਇਹ ਸੰਗਠਨ ਕਾਮਯਾਬ ਹੋ ਜਾਂਦਾ ਤਾਂ ਇਸ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।
ਜਲੰਧਰ ਦੇ ਕਾਲਜਾਂ ਵਿਚ ਅੱਤਵਾਦ ਦੇ ਇੰਜੀਨੀਅਰ ਤਿਆਰ ਕਰ ਰਿਹਾ ਸੀ ਮੂਸਾ
ਦਰਅਸਲ ਬਦਨਾਮ ਅੱਤਵਾਦੀ ਜਾਕਿਰ ਮੂਸਾ ਜਲੰਧਰ ਦੇ ਕਾਲਜਾਂ ਵਿਚ ਅੱਤਵਾਦ ਦੇ ਇੰਜੀਨੀਅਰ ਤਿਆਰ ਕਰ ਰਿਹਾ ਸੀ। ਜਲੰਧਰ ਦੇ ਦੋ ਇੰਜੀਨੀਅਰਿੰਗ ਕਾਲਜਾਂ ਸੀ. ਟੀ. ਇੰਸਟੀਚਿਊਟ ਅਤੇ ਸੇਂਟ ਸੋਲਜਰ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਉਹ ਆਪਣੇ ਅੱਤਵਾਦੀਆਂ ਦੀ ਸਰਪ੍ਰਸਤੀ ਅਤੇ ਸ਼ਰਨਗਾਹ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਇਸ ਸੰਗਠਨ ਦੇ ਗ੍ਰਿਫਤਾਰ ਦੋ ਅੱਤਵਾਦੀ ਸੀ. ਟੀ. ਇੰਸਟੀਚਿਊਟ ਅਤੇ ਇਕ ਅੱਤਵਾਦੀ ਸੇਂਟ ਸੋਲਜਰ ਗਰੁੱਪ ਵਿਚ ਪੜ੍ਹਦਾ ਸੀ। ਮਕਸੂਦਾਂ ਥਾਣਾ ਬੰਬ ਕਾਂਡ ਵਿਚ ਵੀ ਸੇਂਟ ਸੋਲਜਰ ਗਰੁੱਪ 'ਚ ਪੜ੍ਹਣ ਵਾਲੇ ਦੋਵੇਂ ਅੱਤਵਾਦੀ ਸੇਂਟ ਸੋਲਜਰ ਗਰੁੱਪ ਦੇ ਹੀ ਸਨ।
ਦੋਵੇਂ ਅੱਤਵਾਦੀ ਕੀਤੇ ਅਦਾਲਤ 'ਚ ਪੇਸ਼, 4 ਦਿਨਾਂ ਦੇ ਰਿਮਾਂਡ 'ਤੇ
ਜਲੰਧਰ ਪੁਲਸ ਵੱਲੋਂ ਜੰਮੂ-ਕਸ਼ਮੀਰ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਗਏ ਦੋ ਹੋਰ ਕਸ਼ਮੀਰੀ ਅੱਤਵਾਦੀ ਸ਼ਾਹਿਦ ਕਿਊਮ ਵਾਸੀ ਨੂਰਪੁਰਾ ਅਤੇ ਫੈਜ਼ਲ ਬਸ਼ੀਰ ਪੱਤਰ ਬਸ਼ੀਰ ਅਹਿਮਦ ਪਿੰਚੂ ਵਾਸੀ ਘਾਟ ਮੁਹੱਲਾ ਆਬੰਤੀਪੁਰਾ ਜੰਮੂ-ਕਸ਼ਮੀਰ ਨੂੰ ਡਿਊਟੀ ਮੈਜਿਸਟਰੇਟ ਰਾਹੁਲ ਕੁਮਾਰ ਦੇ ਘਰ ਪੇਸ਼ ਕਰਕੇ ਉਨ੍ਹਾਂ ਦਾ 8.11.18 ਤੱਕ ਲਈ ਪੁਲਸ ਰਿਮਾਂਡ ਅਦਾਲਤ ਤੋਂ ਹਾਸਲ ਕਰ ਲਿਆ ਗਿਆ। ਅਦਾਲਤ ਨੇ ਇਨ੍ਹਾਂ ਨੂੰ ਹੁਣ ਮੁੜ 8 ਨਵੰਬਰ ਨੂੰ ਰਿਮਾਂਡ ਖਤਮ ਹੋਣ 'ਤੇ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ।
ਧੂਰੀ 'ਚ ਸਕੂਲ ਵੈਨ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ
NEXT STORY