ਗਿੱਦੜਬਾਹਾ (ਕੁਲਭੂਸ਼ਨ) : ਜ਼ਿਲਾ ਓਲੰਪਿਕਸ ਐਸੋਸੀਏਸ਼ਨ ਵੱਲੋਂ 18 ਮਾਰਚ ਨੂੰ ਗਿੱਦੜਬਾਹਾ ਵਿਖੇ ਆਯੋਜਿਤ ਕੀਤੀ ਜਾ ਰਹੀ 'ਮੁਕਤਸਰ ਮੈਰਾਥਨ' ਲਈ ਟੀ-ਸ਼ਰਟਸ ਅਤੇ ਬਿੱਬ ਵੰਡਣ ਵਾਲੀ ਜਗ੍ਹਾ ਮੱਕੜ ਪੈਲੇਸ ਵਿਖੇ ਅੱਜ ਦੇਰ ਸ਼ਾਮ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਪਹਿਲਾਂ ਤੋਂ ਆਨ ਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਅਤੇ ਮੌਕੇ 'ਤੇ ਰਜਿਸਟਰੇਸ਼ਨ ਕਰਵਾ ਰਹੇ ਦੌੜਾਕਾਂ ਨੂੰ ਟੀ-ਸ਼ਰਟਸ ਅਤੇ ਬਿੱਬਜ ਨਾ ਮਿਲੀਆਂ ਜਿਸ ਦੇ ਚੱਲਦਿਆਂ ਇੰਨ੍ਹਾਂ ਵੱਲੋਂ ਪੈਲੇਸ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਸ਼ਹਿਰ ਤੋਂ ਆਏ ਸੁਰਿੰਦਰ ਸਿੰਘ ਨੇ ਕਿਹਾ ਕਿ ਉਸਨੇ ਉਕਤ ਮੈਰਾਥਨ ਵਿਚ ਭਾਗ ਲੈਣ ਲਈ ਬੀਤੀ 14 ਮਾਰਚ ਨੂੰ 1000 ਰੁਪਏ ਵਿਚ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ, ਜਦਕਿ ਹੁਣ ਉਸਨੂੰ ਬਿੱਬ ਅਤੇ ਟੀ-ਸ਼ਰਟ ਅੱਜ ਨਾ ਦੇ ਕੇ ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂਕਿ ਉਹ ਆਪਣੇ ਸ਼ਹਿਰ ਤੋਂ ਇੱਥੋਂ ਤੱਕ ਆਉਣ ਲਈ ਕਰੀਬ 5 ਹਜ਼ਾਰ ਰੁਪਏ ਖਰਚ ਕਰਕੇ ਆਏ ਹਨ।
ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਤੋਂ ਆਏ ਗੋਰਾ ਸਿੰਘ ਨੇ ਦੱਸਿਆ ਕਿ ਉਸਨੇ 800 ਰੁਪਏ ਵਿਚ 11 ਮਾਰਚ ਨੂੰ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ ਪਰੰਤੂ ਅੱਜ ਉਨ੍ਹਾਂ ਨੂੰ ਕੋਈ ਵੀ ਸਮਾਨ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਪ੍ਰਕਾਰ ਸੁਰੇਸ਼ ਕੁਮਾਰ, ਸਤਪਾਲ ਸਿੰਘ, ਜਗਦੀਸ਼ ਚੰਦਰ, ਰਾਜੇਸ਼ ਕੁਮਾਰ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਸਵੇਰੇ ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਸਮਾਨ ਦੇਣ ਲਈ ਸੰਬੰਧੀ ਕਹਿ ਰਹੇ ਹਨ ਜਦੋਂ ਕਿ ਇਸ ਨਾਲ ਉਨ੍ਹਾਂ ਦੀ ਦੌੜ ਦੀ ਪ੍ਰੋਫੋਰਮੈਂਸ ਵੀ ਪ੍ਰਭਾਵਿਤ ਹੋਵੇਗੀ।
ਗੈਰ ਪੰਜਾਬੀ ਭਾਸ਼ੀ ਸਟਾਫ਼ ਵੀ ਬਣਿਆ ਮੁਸ਼ਕਿਲ ਦਾ ਕਾਰਨ
ਮਕੱੜ ਪੈਲੇਸ ਵਿਖੇ ਰਜਿਟ੍ਰੇਸ਼ਨ ਲਈ ਜੋ ਕਾਊਂਟਰ ਲਗਾਏ ਗਏ ਸਨ ਉਨ੍ਹਾਂ 'ਤੇ ਪੁੱਛਗਿੱਛ ਕਰਨ ਅਤੇ ਰਜਿਸਟਰੇਸ਼ਨ ਕਰਨ ਲਈ ਜ਼ਿਆਦਾਤਰ ਗਿਣਤੀ ਵਿਚ ਮਹਿਲਾਵਾਂ ਹੀ ਬੈਠੀਆਂ ਸਨ, ਜਿੰਨ੍ਹਾਂ ਨੂੰ ਨਾ ਤਾਂ ਜ਼ਿਆਦਾ ਪੰਜਾਬੀ ਭਾਸ਼ਾ ਸਮਝ ਆ ਰਹੀ ਸੀ ਅਤੇ ਨਾ ਹੀ ਬੋਲ ਹੀ ਪਾ ਰਹੇ ਸਨ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਗਰਮਾਏ ਮਾਹੌਲ ਦੀ ਸੂਚਨਾ ਪ੍ਰਾਪਤ ਹੋਣ 'ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਮੌਕੇ 'ਤੇ ਪੁੱਜੇ ਅਤੇ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ 100-150 ਵਿਅਕਤੀਆਂ ਨੂੰ ਇਸ ਸੰਬੰਧੀ ਮੁਸ਼ਕਿਲਾਂ ਪੇਸ਼ ਆਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਸ਼ਾਸਨ ਦੀ ਸੋਚ ਤੋਂ ਵੱਧ ਕੇ ਮੈਰਾਥਨ ਲਈ ਰਜਿਸਟ੍ਰੇਸ਼ਨ ਹੋ ਗਈ ਪਰੰਤੂ ਇਸ ਦੇ ਨਾਲ ਹੀ ਉਨ੍ਹਾਂ ਮੈਰਾਥਨ ਵਿਚ ਭਾਗ ਲੈਣ ਲਈ ਸਮਾਨ ਦੀ ਉਡੀਕ ਕਰ ਰਹੇ ਵਿਅਕਤੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸਵੇਰੇ ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਭ ਨੂੰ ਸਮਾਨ ਮੁਹੱਈਆਂ ਕਰਵਾਉਣਗੇ ਅਤੇ ਇਹ ਮੈਰਾਥਨ ਪੂਰੀ ਤਰ੍ਹਾਂ ਕਾਮਯਾਬ ਹੋਵੇਗੀ।
ਦਿਨ-ਦਿਹਾੜੇ ਮੋਟਰਸਾਈਕਲ ਚੋਰੀ, ਸੀ. ਸੀ. ਟੀ. ਵੀ. 'ਚ ਕੈਦੀ ਹੋਈ ਘਟਨਾ
NEXT STORY