ਲੁਧਿਆਣਾ (ਵਰਮਾ) : ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਅਕਸ਼ਣਾ ਸ਼ਰਮਾ ਨਿਵਾਸੀ ਕਲਿਆਣ ਨਗਰ ਦੀ ਸ਼ਿਕਾਇਤ 'ਤੇ ਦਾਜ ਖਾਤਰ ਤੰਗ-ਪ੍ਰੇਸ਼ਾਨ ਕਰਨ ਦਾ ਪਰਚਾ ਦਰਜ ਕੀਤਾ ਹੈ। ਪੀੜਤਾ ਨੇ 9 ਅਕਤੂਬਰ, 2017 ਨੂੰ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਡਾਹਾ, ਬਲਾਚੌਰ ਦੇ ਜਸਪਾਲ ਸਿੰਘ ਨਾਲ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਮੇਰੀ ਸੱਸ ਤੇ ਜੇਠਾਣੀ ਨੇ ਮੇਰੇ ਘਰ ਵਾਲਿਆਂ ਨੂੰ ਇਹ ਕਹਿ ਕੇ ਰਿਸ਼ਤਾ ਕਰਵਾਇਆ ਸੀ ਕਿ ਸਾਡਾ ਲੜਕਾ ਇੰਗਲੈਂਡ ਵਿਚ ਰਹਿੰਦਾ ਹੈ ਅਤੇ ਉਸ ਦੇ ਕੋਲ ਇੰਗਲੈਂਡ ਦੀ ਨਾਗਰਿਕਤਾ ਹੈ।
ਮੇਰੀ ਸੱਸ ਮੈਨੂੰ ਟੂਰਿਸਟ ਵੀਜ਼ੇ 'ਤੇ ਆਪਣੇ ਨਾਲ ਇੰਗਲੈਂਡ ਲੈ ਗਈ। ਉੱਥੇ ਉਨ੍ਹਾਂ ਨੇ ਮੰਦਰ ਵਿਚ ਜਾ ਕੇ ਮੇਰਾ ਵਿਆਹ ਆਪਣੇ ਬੇਟੇ ਜਸਪਾਲ ਸਿੰਘ ਨਾਲ ਕਰ ਦਿੱਤਾ। ਵਿਆਹ ਤੋਂ ਕੁੱਝ ਸਮਾਂ ਬਾਅਦ ਮੇਰੇ ਪਤੀ ਤੇ ਸੱਸ ਨੇ ਮੈਨੂੰ ਆਪਣੇ ਪੇਕਿਆਂ ਤੋਂ 5 ਲੱਖ ਰੁਪਏ ਮੰਗਵਾਉਣ ਲਈ ਕਿਹਾ ਅਤੇ ਮੈਂ ਆਪਣੇ ਪੇਕਿਆਂ ਤੋਂ ਰੁਪਏ ਮੰਗਵਾ ਕੇ ਇਨ੍ਹਾਂ ਨੂੰ ਦੇ ਦਿੱਤੇ। ਇਸ ਤੋਂ ਬਾਅਦ ਵੀ ਮੇਰੇ ਪੇਕੇ ਵਾਲਿਆਂ ਨੇ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਪਰ ਦਾਜ ਦੇ ਲੋਭੀਆਂ ਦੀ ਇਸ ਨਾਲ ਪਿਆਸ ਨਹੀਂ ਬੁਝੀ। ਉਹ ਹੋਰ ਪੈਸੇ ਦੀ ਮੰਗ ਕਰਨ ਲੱਗੇ। ਜਦੋਂ ਮੈਂ ਹੋਰ ਪੈਸੇ ਲਿਆਉਣ ਵਿਚ ਅਸਮਰੱਥਤਾ ਜਤਾਈ ਤਾਂ ਉਨ੍ਹਾਂ ਨੇ ਮੈਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
5 ਮਹੀਨੇ ਬਾਅਦ ਮੈਂ ਸੱਸ ਦੇ ਨਾਲ ਇੰਗਲੈਂਡ ਤੋਂ ਵਾਪਸ ਆ ਗਈ ਅਤੇ ਕੁੱਝ ਸਮੇਂ ਬਾਅਦ ਲੜਕਾ ਵੀ ਭਾਰਤ ਆ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਲੜਕੇ ਕੋਲ ਇੰਗਲੈਂਡ ਦੀ ਕੋਈ ਨਾਗਰਿਕਤਾ ਨਹੀਂ ਹੈ ਅਤੇ ਉਸ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਹਨ। ਮੇਰੇ ਸਹੁਰੇ ਵਾਲਿਆਂ ਨੇ ਝੂਠ ਬੋਲ ਕੇ ਵਿਆਹ ਕਰਵਾਇਆ ਸੀ। ਪੀੜਤਾ ਨੇ ਦੱਸਿਆ ਕਿ ਇਨ੍ਹਾਂ ਕੁੱਟ-ਮਾਰ ਕਰ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਜਾਂਚ ਵਿਚ ਪੀੜਤਾ ਦੇ ਪਤੀ ਜਸਪਾਲ ਸਿੰਘ ਖਿਲਾਫ ਦਾਜ ਦੀ ਖਾਤਰ ਤੰਗ-ਪਰੇਸ਼ਾਨ ਕਰਨ ਦਾ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਟਰੇਨ ਹਾਦਸੇ ਵਾਲੀ ਥਾਂ ਦਾ ਕੈਪਟਨ ਨੇ ਕੀਤਾ ਦੌਰਾ
NEXT STORY