ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)-ਇਹ ਦੁਖਾਂਤਕ ਵਿਥਿਆ ਵਤਨ ਪ੍ਰਸਤੀ ਲਈ ਜਾਨਾਂ ਵਾਰ ਗਏ ਉਨ੍ਹਾਂ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਦੀ ਹੈ, ਜਿਨ੍ਹਾਂ ਦੇ ਪੁੱਤਾਂ ਦੀ ਸ਼ਹਾਦਤ ਮੌਕੇ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ ਆ ਕੇ ਸਿਆਸੀ ਫਾਰਮੈਲਟੀਆਂ ਕਰਦੇ ਹਨ ਅਤੇ ਅਵਾਮ ਨੂੰ ਸ਼ਹੀਦਾਂ ਦੇ ਸੱਚੇ ਸੁੱਚੇ ਹਮਦਰਦ ਹੋਣ ਦਾ ਸੁਨੇਹਾ ਦੇਣ ਦਾ ਯਤਨ ਕਰਦੇ ਹਨ, ਪਰ ਬਾਅਦ ’ਚ ਵਿਲਕਦੇ ਪਰਿਵਾਰਾਂ ਦੀ ਨਾ ਤਾਂ ਕੋਈ ਮੁੜ ਕੇ ਸਾਰ ਲੈਂਦਾ ਹੈ ਅਤੇ ਨਾ ਹੀ ਕੋਈ ਉਨ੍ਹਾਂ ਦੇ ਹੰਝੂ ਪੂੰਝਦਾ ਹੈ। ਸ਼ਹੀਦਾਂ ਦੇ ਬਿਰਧ ਪਰਿਵਾਰਾਂ ਅਤੇ ਵਿਧਵਾਵਾਂ ਨੂੰ ਆਪਣੇ ਹੱਲ ਲੈਣ ਲਈ ਦਫ਼ਤਰਾਂ ’ਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਪਾਠਕਾਂ ਲਈ ਉਕਤ ਦੁਖਾਂਤ ਅਤੇ ਤ੍ਰਾਸਦੀ ਦੇ ਪੱਖ ਇਨਾਂ ਕਾਲਮਾਂ ਰਾਹੀਂ ਪੇਸ਼ ਕੀਤੇ ਜਾ ਰਹੇ ਹਨ।
ਕੌਣ ਯਾਦ ਮਨਾਏਗਾ ਹੁਣ ਜਸਵਿੰਦਰ ਸਿੰਘ ਦੀ ?
1999 ’ਚ ਕਾਰਗਿਲ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਣ ਵਾਲੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਮੁੰਨੇ ਦੇ ਸੈਨਿਕ ਜਸਵਿੰਦਰ ਸਿੰਘ ਦੀ ਸ਼ਹਾਦਤ ਮੌਕੇ ਉਸ ਦੇ ਬਿਰਧ ਮਾਤਾ-ਪਿਤਾ, ਪਤਨੀ ਅਤੇ ਸਾਲ ਕੁ ਭਰ ਦੀ ਇਕ ਬੱਚੀ ਸੀ। ਸ਼ਹਾਦਤ ਉਪਰੰਤ ਉਸ ਦੀ ਪਤਨੀ ਨੇ ਪੇਕੇ ਪਿੰਡ ਵਸੇਬਾ ਕਰ ਲਿਆ ਅਤੇ ਮਾਂ-ਪਿਓ ਕਿਸਮਤ ਨਾਲ ਸ਼ਿਕਵਾ ਕਰਦੇ ਅੱਲਾ ਨੂੰ ਪਿਆਰੇ ਹੋ ਗਏ। ਅੱਜ 4 ਭਰਾਵਾਂ ’ਚੋਂ ਸ਼ਹੀਦ ਦੇ ਪਰਿਵਾਰ ’ਚ ਕੋਈ ਉਸ ਦੀ ਸਾਲਾਨਾ ਯਾਦ ਮਨਾਉਣ ਲਈ ਇਕ ਵੀ ਨਹੀਂ ਬਚਿਆ। ਸ਼ਹਾਦਤ ਮੌਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਅਨੇਕਾਂ ਮਹਾਰਥੀ ਸ਼ਹੀਦ ਦੇ ਪਿੰਡ ਪੁੱਜੇ ਸਨ ਪਰ ਅੱਜ ਕਿਸੇ ਆਗੂ ਦੇ ਚੇਤਿਆਂ ’ਚ ਵੀ ਉਸ ਦਾ ਨਾਂ ਨਹੀ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ
ਮਾਯੂਸ ਨੇ ਇਕਲੌਤੇ ਪੁੱਤ ਕੁਲਵਿੰਦਰ ਸਿੰਘ ਦੇ ਬੇਸਹਾਰਾ ਮਾਪੇ
14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਹੋਣ ਵਾਲੇ ਸੀ ਆਰ. ਪੀ. ਐੱਫ. ਦੇ 40 ਜਵਾਨਾਂ ’ਚ ਇਕ ਸੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਰੋਲੀ ਦਾ ਕੁਲਵਿੰਦਰ ਸਿੰਘ, ਜੋ ਕਿ ਮਾਪਿਆਂ ਦਾ ਇਕਲੌਤਾ ਚਿਰਾਗ ਸੀ। ਉਸ ਦੀ ਸ਼ਹਾਦਤ ਮੌਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਘਰ ਪੁੱਜ ਕੇ ਪਰਿਵਾਰ ਲਈ 10 ਲੱਖ ਦੀ ਰਾਸ਼ੀ ਦਾ ਐਲਾਨ ਕੀਤਾ ਸੀ ਪਰ ਮਹਿਕਮੇ ਨੇ ਪੰਜ ਲੱਖ ਦੀ ਰਾਸ਼ੀ ਪੀੜਤ ਪਰਿਵਾਰ ਨੂੰ ਇਹ ਕਹਿ ਕੇ ਜਾਰੀ ਕਰਨ ਤੋਂ ਇੰਨਕਾਰ ਕਰ ਦਿੱਤਾ ਕਿ ਕੁਲਵਿੰਦਰ ਸਿੰਘ ਵਿਆਹਿਆ ਹੋਇਆ ਨਹੀ ਸੀ। ਅੱਜ ਉਸ ਦੇ ਬਿਰਧ ਮਾਪੇ ਰਹਿੰਦੀ ਰਾਸ਼ੀ ਪ੍ਰਾਪਤ ਕਰਨ ਲਈ ਕਦੇ ਸੈਨਿਕ ਭਲਾਈ ਦਫ਼ਤਰ ਗੇੜੇ ਮਾਰ ਰਹੇ ਹਨ ਅਤੇ ਕਦੇ ਰਾਜਨੀਤਕ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਸ਼ਹੀਦ ਦੇ ਬਿਰਧ ਮਾਂ ਪਿਉ ਨੂੰ ਕਿਸੇ ਪਾਸਿਉ ਕੋਈ ਸਹਾਰਾ ਨਹੀ ਮਿਲ ਰਿਹਾ। ਉਸ ਦੀ ਮਾਂ ਅਮਰਜੀਤ ਕੌਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ। ਉਸ ਦੀ ਮੰਗੇਤਰ ਦਾ ਵਿਆਹ ਹੱਥੀ ਕਰਨ ਦਾ ਸੁਪਨਾ ਉਸਦੇ ਪਿਤਾ ਦੇ ਜਿਹਨ ’ਚ ਸੀ ਜੋ ਸਮੇਂ ਦੇ ਹਾਲਾਤ ਕਾਰਨ ਪੂਰਾ ਨਹੀ ਹੋ ਸਕਿਆ। ਇਸ ਦੇ ਬਾਵਜੂਦ ਉਸ ਦੇ ਵਿਆਹ ਮੌਕੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਆਪਣੇ ਸਮਾਜਿਕ ਫਰਜ਼ਾਂ ਦੀ ਅਦਾਇਗੀ ਕੀਤੀ ।
ਇਹ ਵੀ ਪੜ੍ਹੋ: ਨਵਾਂਸ਼ਹਿਰ: ਪੈਸਿਆਂ ਖ਼ਾਤਿਰ ਖ਼ੂਨ ਹੋਇਆ ਚਿੱਟਾ, ਚਾਚੇ ਨੇ ਭਤੀਜੇ ਨੂੰ ਦਿੱਤੀ ਦਰਦਨਾਕ ਮੌਤ
ਲੁੱਟੇ-ਲੁੱਟੇ ਮਹਿਸੂਸ ਕਰ ਰਹੇ ਹਨ ਸ਼ਹੀਦ ਰਛਪਾਲ ਸਿੰਘ ਦੇ ਮਾਪੇ
29 ਜੁਲਾਈ 2015 ਨੂੰ ਪੁੰਛ ਖੇਤਰ ’ਚ ਸ਼ਹੀਦ ਹੋਏ ਪਿੰਡ ਸੰਦੋਆ (ਰੂਪਨਗਰ) ਦੇ ਸਿੱਖ ਰੈਜੀਮੈਂਟ ਦੇ ਰਛਪਾਲ ਸਿੰਘ ਆਪਣੇ ਮਾਪਿਆਂ ਦੇ ਇਕਲੌਤੇ ਚਿਰਾਗ ਸਨ। ਸ਼ਹੀਦ ਦੇ ਪਿਤਾ ਦੇਵ ਸਿੰਘ ਨੇ ਦੱਸਿਆ ਕਿ ਅੱਜ ਉਹ ਅਤੇ ਸ਼ਹੀਦ ਦੀ ਮਾਂ ਘਰ ’ਚ ਇਕੱਲੇ ਹਨ। ਸ਼ਹੀਦ ਦੀਆਂ ਚਾਰ ਭੈਣਾਂ ਆਪੋ ਆਪਣੇ ਘਰ ਜਾ ਵਸੀਆਂ ਹਨ ਅਤੇ ਸ਼ਹੀਦ ਦੀ ਪਤਨੀ ਉਸ ਦੇ ਕੋਟੇ ’ਚੋਂ ਨੌਕਰੀ ਲੈ ਕੇ ਆਪਣੇ ਪੇਕੇ ਜਾ ਵਸੀ ਹੈ। ਬੀਤੇ ਜਨਵਰੀ ਮਹੀਨੇ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਫੋਨ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ਸ਼ਹੀਦ ਰਛਪਾਲ ਸਿੰਘ ਦੇ ਨਾਂ ਦੀ 7.50 ਕਨਾਲ ਜ਼ਮੀਨ ਦਾ ਇੰਤਕਾਲ ਵੀ ਉਸਦੇ ਨਾਂ ਚੜ੍ਹ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਖਬਰ ਮਿਲੀ ਹੈ ਕਿ ਉਹ ਉਕਤ ਜ਼ਮੀਨ ਵੇਚਣ ਲਈ ਯਤਨਸ਼ੀਲ ਹੈ। ਅਜਿਹੀ ਸਥਿਤੀ ’ਚ ਉਨ੍ਹਾਂ ਦੇ ਘਰ ਨਿਰਾਸ਼ਾ ਵਾਲਾ ਆਲਮ ਪੈਦਾ ਹੋਇਆ ਹੈ।
ਮਾਂ ਨੇ ਬਣਵਾਇਆ ਸ਼ਹੀਦ ਸੰਗਤ ਸਿੰਘ ਯਾਦਗਾਰੀ ਗੇਟ
ਸ੍ਰੀ ਕੀਰਤਪੁਰ ਸਾਹਿਬ ਲਾਗੇ ਸਥਿਤ ਪਿੰਡ ਚੀਕਣਾਂ ਦੇ 14 ਮਹਾਰ ਰਿਜਮੈਂਟ ਦੇ ਸ਼ੋਰੀਆ ਜੇਤੂ ਸਿਪਾਹੀ ਸੰਗਤ ਸਿੰਘ ਦੀ ਸ਼ਹਾਦਤ 11 ਮਈ 2010 ਨੂੰ ਕਸ਼ਮੀਰ ਦੇ ਕੁਪਵਾਡ਼ਾ ਖੇਤਰ ’ਚ ਹੋਈ ਸੀ। ਪਿਤਾ ਦਾ ਸਾਇਆ ਬਚਪਨ ’ਚ ਸਿਰੋ ਉੱਠਣ ਕਾਰਨ ਪਿਤਾ ਪਿਆਰ ਤੋਂ ਸੱਖਣੇ ਸੰਗਤ ਸਿੰਘ ਦੋ ਭੈਣਾਂ ਦੇ ਇਕਲੌਤੇ ਭਰਾ ਸਨ। ਸ਼ਹੀਦ ਦੀ 35 ਸਾਲਾ ਭੈਣ ਬਬਲੀ ਅੱਜ ਹੈਡੀਕੈਪਟ ਹੋਣ ਦੇ ਬਾਵਜੂਦ ਜਿੱਥੇ ਪਰਿਵਾਰ ਲਈ ਸਹਾਰਾ ਬਣ ਰਹੀ ਹੈ, ਉਥੇ ਹੀ ਛੋਟੀ ਭੈਣ ਰਣਬੀਰ ਕੌਰ ਪਤੀ ਦਾ ਸਿਰੋਂ ਸਾਇਆ ਉੱਠਣ ਕਾਰਨ ਕੁਦਰਤ ਦਾ ਕਹਿਰ ਸਹਿਣ ਲਈ ਮਜਬੂਰ ਹੈ। ਵਕਤ ਦੀ ਤ੍ਰਾਸਦੀ ਹੰਢਾ ਰਹੀ ਸ਼ਹੀਦ ਦੀ ਮਾਤਾ ਸਰਬਣੀ ਦੇਵੀ ਨੇ ਪੁੱਤਰ ਦੀ ਯਾਦ ’ਚ ਗੇਟ ਦਾ ਨਿਰਮਾਣ ਖ਼ੁਦ ਕਰਵਾਇਆ ਹੈ ਅਤੇ ਸਰਕਾਰ ਵੱਲੋਂ ਪਿੰਡ ਦੇ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ ’ਤੇ ਰੱਖਣ ਦਾ ਐਲਾਨ ਭਾਵੇਂ ਲੰਮੀਆਂ ਮੁਸ਼ੱਕਤਾਂ ਬਾਅਦ ਕਰ ਦਿੱਤਾ ਹੈ ਪਰ ਉਸ ਦੀ ਯਾਦ ’ਚ ਇਕ ਵੀ ਕਮਰਾ ਤੱਕ ਨਹੀ ਬਣਾਇਆ।
ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ
ਸਾਡੇ ਫ਼ੌਜੀ ਸਰਹੱਦਾਂ ’ਤੇ ਸ਼ਹੀਦ ਹੁੰਦੇ ਤੇ ਸਾਨੂੰ ਹੀ ਸਰਕਾਰ ਅੱਤਵਾਦੀ ਦੱਸਦੀ
ਹਾਲ ਵਿਚ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਪਿੰਡ ਪਚਰੰਡਾ ਦੇ ਗੱਜਣ ਸਿੰਘ ਦੀ ਐੱਮ. ਏ. ਬੀ. ਐੱਡ. ਪਤਨੀ ਹਰਪ੍ਰੀਤ ਕੌਰ ਨੇ ਕਿਹਾ ਕਿ ‘ਇਹ ਕਿਹੋ ਜਿਹਾ ਇਤਫ਼ਾਕ ਹੈ ਕਿ ਸਰਹੱਦਾਂ ’ਤੇ ਦੁਸ਼ਮਣ ਫ਼ੌਜਾਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਵੀ ਪੰਜਾਬ ਦੇ ਪੁੱਤ ਹਨ ਅਤੇ ਦਿੱਲੀ ਦੀਆਂ ਹੱਦਾਂ ’ਤੇ ਵੀ ਹੱਕਾਂ ਦੀ ਲੜਾਈ ਲੜਨ ਵਾਲੇ ਵੀ ਪੰਜਾਬ ਹਨ। ਸਾਡੇ ਫ਼ੌਜੀ ਸਰਹੱਦਾਂ ’ਤੇ ਸ਼ਹੀਦ ਹੁੰਦੇ ਅਤੇ ਸਾਨੂੰ ਹੀ ਸਰਕਾਰ ਅੱਤਵਾਦੀ ਦੱਸਦੀ ਹੈ। ਕਦੇਂ ਸੋਚੋ ਕਿ ਕਦੇ ਕਿਸੇ ਲੀਡਰ ਦਾ ਪੁੱਤ ਵੀ ਗੋਲ਼ੀਆਂ ਖਾ ਕੇ ਸ਼ਹੀਦ ਹੋਇਆ ਹੈ? ਜਾਂ ਇਹ ਲੀਡਰ ਆਪਣੇ ਪੁੱਤਾਂ ਨੂੰ ਫੌਜ ’ਚ ਭਰਤੀ ਕਰਵਾ ਕੇ ਦੁਸਮਣ ਦੀਆਂ ਫ਼ੌਜਾਂ ਨਾਲ ਲਡ਼ਨ ਲਈ ਭੇਜਣ ਦਾ ਜਿਗਰਾ ਰੱਖਦੇ ਹਨ।
ਸਿਆਸਤਦਾਨ ਸ਼ਹਾਦਤਾਂ 'ਤੇ ਹਮੇਸ਼ਾ ਸੇਕਦੇ ਨੇ ਰੋਟੀਆਂ
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗਨੂੰਰਾ ਦੇ ਸ਼ਹੀਦ ਗੁਰਵਿੰਦਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਕਿਹਾ ਕਿ ਸ਼ਹੀਦਾਂ ਦੇ ਤਾਬੂਤਾਂ ’ਤੇ ਹਰ ਸਿਆਸਤਦਾਨ ਆ ਕੇ ਰਾਜਨੀਤੀ ਕਰਦਾ ਹੈ ਅਤੇ ਪਿੱਛੋਂ ਪਰਿਵਾਰਾਂ ਦੀ ਕੋਈ ਸਾਰ ਨਹੀ ਲੈਂਦਾ। ਸਰਕਾਰਾਂ ਸ਼ਹੀਦ ਪਰਿਵਾਰਾਂ ਨੂੰ ਨਿਗੁਣੀਆਂ ਨੌਕਰੀਆਂ ਦੇ ਕੇ ਉਨ੍ਹਾਂ ਦੇ ਪਰਿਵਾਰਾਂ ’ਤੇ ਅਹਿਸਾਨ ਜਤਾਉਦੀਆਂ ਹਨ ਪਰ ਕੀ ਇਹ ਸ਼ਹੀਦ ਸੈਨਿਕ ਦਾ ਮੁੱਲ ਜਾਂ ਪੈਸਾ ਹੈ? ਜਦਕਿ ਨੌਕਰੀਆਂ ਤਾਂ ਸਰਕਾਰਾਂ ਦਾ ਫਰਜ ਅਤੇ ਅਵਾਮ ਦਾ ਹੱਕ ਹੈ। ਸਰਹੱਦਾਂ ਦੇ ਜੂਝਣ ਵਾਲੇ ਕਿਰਤੀ ਪਰਿਵਾਰਾਂ ਅਤੇ ਆਰਥਿਕ ਪੱਖੋ ਕਮਜ਼ੋਰ ਘਰਾਂ ਦੇ ਵਧੇਰੇ ਜਵਾਨ ਹੁੰਦੇ ਹਨ ਜੋ ਆਪਣੇ ਪਰਿਵਾਰ ਦਾ ਫਿਕਰ ਛੱਡ ਕੇ ਦੇਸ਼ ਦੇ ਫਿਕਰ ਲਈ ਲੜਦੇ ਹਨ। ਦੇਸ਼ ਦੇ ਨਿਜ਼ਾਮ ਅੰਦਰ ਫੈਲੀ ਕਰੂਪ ਰਾਜਨੀਤੀ ਉਨਾਂ ਦੀਆਂ ਸ਼ਹਾਦਤਾਂ ’ਤੇ ਹਮੇਸ਼ਾ ਰੋਟੀ ਸੇਕਦੀ ਹੈ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਪਟਨ ਦੇ ਸ਼ਹਿਰ ’ਚ ਗਰਜੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ
NEXT STORY