ਪਟਿਆਲਾ (ਜੋਸਨ) - ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿਚ ਸਥਿਤ ਮਹਿਲਾ ਰੋਗਾਂ ਲਈ ਪ੍ਰਸਿੱਧ ਸਰਕਾਰੀ ਹਸਪਤਾਲ ਮਾਤਾ ਕੌਸ਼ੱਲਿਆ ਹਸਪਤਾਲ ਵੀ ਹੁਣ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਥੋਂ ਦੀ ਤਾਜ਼ਾ ਘਟਨਾ ਤਹਿਤ ਇਕ ਮਹਿਲਾ ਦਾ ਕਰੀਬ 10 ਦਿਨ ਪਹਿਲਾਂ ਇਸ ਹਸਪਤਾਲ ਵਿਚ ਆਪਰੇਸ਼ਨ ਰਾਹੀਂ ਬੱਚਾ ਪੈਦਾ ਹੋਇਆ ਸੀ। ਪੈਦਾ ਹੋਣ ਵਾਲਾ ਬੱਚਾ ਤਾਂ ਭਾਵੇਂ ਬਿਲਕੁਲ ਠੀਕ-ਠਾਕ ਹੈ ਪਰ ਬੱਚੇ ਦੀ ਮਾਂ ਇਸ ਸਮੇਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ਿੰਦਗੀ-ਮੌਤ ਨਾਲ ਖੇਡ ਰਹੀ ਹੈ, ਜਿਸ ਨੇ ਹਸਪਤਾਲ ਨੂੰ ਵਿਵਾਦਾਂ ਵਿਚ ਖੜ੍ਹਾ ਕਰ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦਾ ਹਰ ਰੋਜ਼ ਜਾਂ ਇਕ ਦਿਨ ਛੱਡ ਕੇ ਡਾਇਲੇਸਿਸ ਕਰਵਾਉਣਾ ਪੈ ਰਿਹਾ ਹੈ। ਇਹ ਪਰਿਵਾਰ ਇਕ ਗਰੀਬ ਘਰਾਣੇ ਨਾਲ ਸਬੰਧ ਰਖਦਾ ਹੈ। ਰੋਜ਼ਾਨਾ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਮਹਿਲਾ ਦੇ ਪਤੀ ਮੁਤਾਬਕ ਉਸ ਦੀ ਪਤਨੀ ਦੀ ਜ਼ਿੰਦਗੀ ਡਾਕਟਰਾਂ ਨੇ ਤਬਾਹ ਕਰ ਦਿੱਤੀ ਹੈ। ਇਸ ਲਈ ਹੁਣ ਉਹ ਉਸ ਦਾ ਇਲਾਜ ਕਰਵਾਉਣ ਤੋਂ ਵੀ ਵਿੱਤੀ ਪੱਖੋਂ ਅਸਮਰੱਥ ਹੁੰਦਾ ਜਾ ਰਿਹਾ ਹੈ।
ਮਹਿਲਾ ਦੇ ਪਤੀ ਰਮੇਸ਼ ਕੁਮਾਰ ਮੁਤਾਬਕ ਉਸ ਨੇ ਆਪਣੀ ਪਤਨੀ ਨੂੰ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ 25 ਮਈ 2017 ਨੂੰ ਦਾਖਲ ਕਰਵਾਇਆ ਸੀ। ਅਗਲੇ ਦਿਨ 26 ਮਈ ਨੂੰ ਸਵੇਰੇ ਲਗਭਗ 10 ਵਜੇ ਉਸ ਦੀ ਕੁੱਖੋਂ ਬੱਚਾ ਸਹੀ ਸਲਾਮਤ ਸਿਜੇਰੀਅਨ ਰਾਹੀਂ ਪੈਦਾ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਆਪਰੇਸ਼ਨ ਤੋਂ ਪਹਿਲਾਂ ਬਿਲਕੁਲ ਤੰਦਰੁਸਤ ਸੀ। ਇਸ ਦਾ ਸਬੂਤ ਉਨ੍ਹਾਂ ਕੋਲ ਹੁਣ ਤੱਕ ਦੇ ਕਰਵਾਏ ਸਾਰੇ ਟੈਸਟ ਮੌਜੂਦ ਹਨ। ਰਮੇਸ਼ ਕੁਮਾਰ ਮੁਤਾਬਕ ਆਪਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਉਸੇ ਦਿਨ ਤੋਂ ਕਿਸੇ ਨਾ ਕਿਸੇ ਸਰੀਰਕ ਅੰਗ ਦੇ ਦਰਦ ਤੋਂ ਪ੍ਰੇਸ਼ਾਨ ਰਹਿਣ ਲੱਗ ਪਈ। ਹਸਪਤਾਲ ਦਾਖਲ ਹੋਣ ਦੇ ਬਾਵਜੂਦ ਵੀ ਮਾਤਾ ਕੌਸ਼ੱਲਿਆ ਹਸਪਤਾਲ ਦੇ ਸੰਬੰਧਿਤ ਡਾਕਟਰਾਂ ਨੇ ਕੋਈ ਵੀ ਸਹੀ ਇਲਾਜ ਨਾ ਕਰ ਕੇ ਮਹਿਜ਼ ਟੀਕੇ ਲਾਉਣਾ ਜਾਂ ਦਵਾਈਆਂ ਦੇ ਕੇ ਦਰਦ ਹਟਾਉਣਾ ਹੀ ਠੀਕ ਸਮਝਿਆ। ਉਸ ਨੇ ਦੱਸਿਆ ਕਿ ਮੇਰੀ ਪਤਨੀ ਜਦੋਂ 2 ਦਿਨ ਬਾਅਦ ਰਾਤ ਦੇ ਲਗਭਗ 1 ਵਜੇ ਤੜਫ ਰਹੀ ਸੀ ਤਾਂ ਪਹਿਲਾਂ ਉਥੇ ਮੌਜੂਦ ਡਾਕਟਰਾਂ ਨੇ ਸਾਡੀ ਸੁਣਵਾਈ ਨਾ ਕੀਤੀ। ਕੁੱਝ ਸਮੇਂ ਬਾਅਦ ਜਦੋਂ ਪਤਨੀ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਤਾਂ ਡਾਕਟਰਾਂ ਨੇ ਤੁਰੰਤ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਉਥੇ ਵੀ ਇਸ ਵਿਗੜੀ ਹਾਲਤ ਦਾ ਇਲਾਜ ਸੰਭਵ ਨਾ ਹੋ ਸਕਿਆ । ਫਿਰ ਉਸ ਨੂੰ ਅਮਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦਾ ਖਰਚ ਸਹਿਣ ਨਾ ਕਰਨ ਕਾਰਨ ਮੈਂ ਆਪਣੀ ਪਤਨੀ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਣਾ ਠੀਕ ਸਮਝਿਆ।
ਪੀੜਤ ਦੇ ਪਤੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਪਤਨੀ ਦੇ ਪੀ. ਜੀ. ਆਈ. 'ਚ ਅਣਗਿਣਤ ਡਾਇਲੇਸਿਸ ਹੋ ਚੁੱਕੇ ਹਨ, ਜੋ ਇਕ ਭਿਆਨਕ ਬੀਮਾਰੀ ਨੂੰ ਸੱਦਾ ਦਿੰਦੇ ਹਨ। ਇਹ ਸਾਰਾ ਕੁੱਝ ਮਾਤਾ ਕੌਸ਼ੱਲਿਆ ਹਸਪਤਾਲ ਦੇ ਸਬੰਧਿਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਮੈਂ ਇਕ ਗਰੀਬ ਵਿਅਕਤੀ ਹਾਂ। ਮੇਰੇ ਕੋਲ ਉਸ ਦੇ ਇਲਾਜ ਲਈ ਪੈਸਾ ਨਹੀਂ ਹੈ।
ਰਮੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਸੰਬੰਧਿਤ ਡਾਕਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
100 ਨੰਬਰ 'ਤੇ ਤਕਨੀਕੀ ਗੜਬੜੀ, ਜ਼ਿਲਾ ਪੁਲਸ ਨੇ ਜਾਰੀ ਕੀਤੇ 2 ਹੋਰ ਨੰਬਰ
NEXT STORY