ਅੰਮ੍ਰਿਤਸਰ, (ਕੁਮਾਰ)- ਅਮਰਬੀਰ ਸਿੰਘ ਸੰਧੂ ਅਤੇ ਮੇਅਰ ਰਿੰਟੂ ਕਰਮਜੀਤ ਸਿੰਘ ਸੰਧੂ (ਸੰਧੂ ਬ੍ਰਦਰਜ਼) ਸਮੇਂ-ਸਮੇਂ 'ਤੇ ਬੇਸਹਾਰਾ ਤੇ ਲੋੜਵੰਦ ਧੀਆਂ ਦੇ ਕੰਨਿਆਦਾਨ ਕਰਦੇ ਆ ਰਹੇ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆਂ ਸੰਧੂ ਬ੍ਰਦਰਜ਼ ਵੱਲੋਂ ਰਣਜੀਤ ਐਵੀਨਿਊ ਵਿਖੇ ਖੁੱਲ੍ਹੇ ਪੰਡਾਲ ਵਿਚ 100 ਧੀਆਂ ਦੇ ਕੰਨਿਆਦਾਨ ਕਰਨ ਦਾ ਮਹਾਨ ਉਪਰਾਲਾ ਕੀਤਾ ਗਿਆ ਤੇ ਨਾਲ ਹੀ ਇਨ੍ਹਾਂ ਧੀਆਂ ਨੂੰ 11-11 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ ਗਏ। ਸੰਧੂ ਬ੍ਰਦਰਜ਼ ਵੱਲੋਂ ਹੁਣ ਤੱਕ ਸਮੁੱਚੇ ਪੰਜਾਬ ਤੋਂ 6 ਹਜ਼ਾਰ ਦੇ ਕਰੀਬ ਹਰ ਧਰਮ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਆਪਣੀ ਨਿੱਜੀ ਤੇ ਨੇਕ ਕਮਾਈ 'ਚੋਂ ਕੀਤੇ ਜਾ ਚੁੱਕੇ ਹਨ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਾਂਗਾ : ਮੇਅਰ- ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਰਿੰਟੂ ਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ, ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮੇਅਰ ਬਣਾ ਕੇ ਦਿੱਤਾ ਗਿਆ ਹੈ, ਜਿਸ 'ਤੇ ਉਹ ਖਰਾ ਉਤਰਨਗੇ ਅਤੇ ਗੁਰੂ ਨਗਰੀ ਨੂੰ ਚਾਰ ਚੰਨ ਲਾਉਣ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣਗੇ। ਜਿੰਨੀ ਜ਼ਿੰਮੇਵਾਰੀ ਉਨ੍ਹਾਂ ਨੂੰ ਗੁਰੂ ਨਗਰੀ ਦੀ ਸੌਂਪੀ ਗਈ ਹੈ ਉਸ ਤੋਂ ਵੀ ਵੱਧ ਕੰਮ ਕਰ ਕੇ ਉਹ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ।
ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਇਕ ਨਹੀਂ, ਕਈ ਸਮੱਸਿਆਵਾਂ 'ਚੋਂ ਲੰਘ ਰਿਹਾ ਹੈ, ਜਿਨ੍ਹਾਂ ਦਾ ਹੱਲ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਿਥੇ ਸ਼ਹਿਰ ਦਾ ਵਿਕਾਸ ਮੁੱਖ ਏਜੰਡਾ ਰਹੇਗਾ, ਉਥੇ ਸ਼ਹਿਰ 'ਚ ਟ੍ਰੈਫਿਕ, ਇਨਕਰੋਚਮੈਂਟ ਅਤੇ ਸ਼ਹਿਰ ਨੂੰ ਗੰਦਗੀ ਰਹਿਤ ਕਰਨ ਲਈ ਕੰਮ ਕੀਤਾ ਜਾਵੇਗਾ। ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਮਲਟੀ-ਸਟੋਰੀ ਪਾਰਕਿੰਗ 'ਤੇ ਕੰਮ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰਵਾਸੀ ਆਪਣੀ ਜ਼ਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਿਵਾਉਣ ਲਈ ਉਹ ਵਚਨਬੱਧ ਹਨ।
ਇਨ੍ਹਾਂ ਰਾਜਨੀਤਕ ਸ਼ਖਸੀਅਤਾਂ ਨੇ ਕੀਤਾ ਸੰਬੋਧਨ : ਸੁਖਬਿੰਦਰ ਸਿੰਘ ਸਰਕਾਰੀਆ, ਓਮ ਪ੍ਰਕਾਸ਼ ਸੋਨੀ, ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਡਾ. ਧਰਮਵੀਰ ਅਗਨੀਹੋਤਰੀ (ਸਾਰੇ ਵਿਧਾਇਕ) ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਮੂਹਿਕ ਰੂਪ 'ਚ ਸੰਬੋਧਨ ਕਰਦਿਆਂ ਕਿਹਾ ਕਿ ਅਮਰਬੀਰ ਸਿੰਘ ਸੰਧੂ ਅਤੇ ਰਿੰਟੂ ਕਰਮਜੀਤ ਸਿੰਘ ਸੰਧੂ ਵੱਲੋਂ ਲੋੜਵੰਦ ਅਤੇ ਬੇਸਹਾਰਾ ਧੀਆਂ ਦੇ ਕੀਤੇ ਜਾਂਦੇ ਵਿਆਹਾਂ ਸਦਕਾ ਹੀ ਸੰਧੂ ਬ੍ਰਦਰਜ਼ 'ਤੇ ਰੱਬ ਦੀ ਪੂਰੀ ਮਿਹਰ ਹੈ। ਅਮਰਬੀਰ ਸਿੰਘ ਸੰਧੂ ਵੱਲੋਂ ਜੋੜਿਆਂ ਦੇ ਵਿਆਹਾਂ ਸਦਕਾ ਹੀ ਅੱਜ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਰਿੰਟੂ ਸੰਧੂ ਨੂੰ ਸ਼ਹਿਰ ਦੇ ਪਹਿਲੇ ਵਸਨੀਕ (ਮੇਅਰ) ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੋ ਸਿਲਸਿਲਾ ਸੰਧੂ ਬ੍ਰਦਰਜ਼ ਵੱਲੋਂ ਸ਼ੁਰੂ ਕੀਤਾ ਗਿਆ ਹੈ, ਵਾਹਿਗੁਰੂ ਇਸ ਨੂੰ ਨਿਰੰਤਰ ਜਾਰੀ ਰੱਖਣ ਦਾ ਬਲ ਬਖਸ਼ੇ।
ਇਸ ਮੌਕੇ ਆਈ. ਪੀ. ਐੱਸ. ਕੁੰਵਰ ਵਿਜੇ ਪ੍ਰਤਾਪ ਸਿੰਘ, ਐੱਮ. ਪੀ. ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ, ਬਾਬਾ ਰਾਮ ਮੁਨੀ ਸ਼ੇਰੋ ਬਾਗਾਂ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ ਤੇ ਹੋਰ ਸ਼ਖਸੀਅਤਾਂ ਨੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।
ਕੰਨਿਆ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਲਈ ਸੰਧੂ ਬ੍ਰਦਰਜ਼ ਨੇ ਵਿੱਢੀ ਮੁਹਿੰਮ : ਅੱਜ ਦੇ ਸਮੇਂ 'ਚ ਜਿਥੇ ਕਈ ਗਰੀਬ ਪਰਿਵਾਰ ਰੋਟੀ ਤੋਂ ਆਤੁਰ ਅਤੇ ਮਹਿੰਗਾਈ ਦੀ ਮਾਰ ਕਾਰਨ ਆਪਣੀਆਂ ਧੀਆਂ ਦੇ ਵਿਆਹ ਨਹੀਂ ਕਰ ਸਕਦੇ, ਉਨ੍ਹਾਂ ਲਈ ਸੰਧੂ ਬ੍ਰਦਰਜ਼ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ। ਸਮਾਜ ਵਿਚ ਦਿਨੋ-ਦਿਨ ਵੱਧ ਰਹੇ ਕੰਨਿਆ ਭਰੂਣ ਹੱਤਿਆ ਜਿਹੇ ਸਰਾਪ ਨੂੰ ਠੱਲ੍ਹ ਪਾਉਣ ਲਈ ਸੰਧੂ ਬ੍ਰਦਰਜ਼ ਬੇਸਹਾਰਾ ਹਜ਼ਾਰਾਂ ਧੀਆਂ ਦੇ ਬਾਬੁਲ ਬਣ ਕੇ ਵਿਆਹ ਅਤੇ ਹਰ ਤਰ੍ਹਾਂ ਦੀ ਸਹਾਇਤਾ ਆਪਣੀ ਨਿੱਜੀ ਤੇ ਨੇਕ ਕਮਾਈ 'ਚੋਂ ਕਰਦੇ ਹਨ।
ਵਿਲੱਖਣ ਅਤੇ ਇਤਿਹਾਸਕ ਹੋ ਨਿੱਬੜਿਆ ਸਮੂਹਿਕ ਵਿਆਹ ਸਮਾਗਮ : ਸੰਧੂ ਬ੍ਰਦਰਜ਼ ਵੱਲੋਂ ਅੱਜ ਕੀਤੇ ਗਏ 100 ਬੇਸਹਾਰਾ ਅਤੇ ਜ਼ਰੂਰਤਮੰਦ ਧੀਆਂ ਦੇ ਵਿਆਹ ਮੌਕੇ ਹਰ ਉਸ ਜ਼ਰੂਰਤ ਅਤੇ ਸੁਵਿਧਾ ਦਾ ਧਿਆਨ ਰੱਖਿਆ ਗਿਆ ਜੋ ਕਿਸੇ ਵਧੀਆ ਵਿਆਹ 'ਚ ਦੇਖਣ ਨੂੰ ਮਿਲਦੀ ਹੈ। ਵਿਆਹ ਸਮਾਗਮ ਵਿਚ 40-50 ਹਜ਼ਾਰ ਦੇ ਕਰੀਬ ਪਹੁੰਚੇ ਮਹਿਮਾਨਾਂ ਦੀ ਆਓ-ਭਗਤ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਉਥੇ ਉਨ੍ਹਾਂ ਦੀ ਸਹੂਲਤ ਲਈ ਵਧੀਆ ਸੁੰਦਰ ਪੰਡਾਲ ਵੀ ਸਜਾਏ ਗਏ।
ਸਮਾਗਮ 'ਚ ਧਾਰਮਿਕ, ਰਾਜਨੀਤਕ, ਬੁੱਧੀਜੀਵੀ ਤੇ ਸਮਾਜਿਕ ਸ਼ਖਸੀਅਤਾਂ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਧੀਆਂ ਨੂੰ ਆਸ਼ੀਰਵਾਦ ਦਿੱਤਾ, ਜਿਨ੍ਹਾਂ 'ਚ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ, ਸੁਖਪਾਲ ਸਿੰਘ ਭੁੱਲਰ ਵਿਧਾਇਕ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸ਼ਵੇਤ ਮਲਿਕ ਰਾਜ ਸਭਾ ਮੈਂਬਰ, ਰਜਿੰਦਰ ਮੋਹਨ ਸਿੰਘ ਛੀਨਾ, ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ, ਸੋਨਾਲੀ ਗਿਰੀ ਕਮਿਸ਼ਨਰ ਕਾਰਪੋਰੇਸ਼ਨ, ਬਾਵਾ ਸਿੰਘ ਸੰਧੂ ਓ. ਐੱਸ. ਡੀ., ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਿਸ ਕੁਮਾਰ ਡਿਪਟੀ ਮੇਅਰ, ਸਾਰੇ ਨਗਰ ਨਿਗਮ ਕੌਂਸਲਰ, ਅਮਰਪਾਲ ਸਿੰਘ ਬੋਨੀ ਸਾਬਕਾ ਵਿਧਾਇਕ, ਜੁਗਲ ਕਿਸ਼ੋਰ ਸ਼ਰਮਾ ਸ਼ਹਿਰੀ ਪ੍ਰਧਾਨ, ਕਾਂਗਰਸ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਡਾ. ਇੰਦਰਬੀਰ ਸਿੰਘ ਨਿੱਝਰ, ਕ੍ਰਿਸ਼ਨ ਕੁਮਾਰ ਕੁੱਕੂ, ਜਸਬੀਰ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਨਿਰਮਲ ਸਿੰਘ ਨਿੰਮਾ, ਬਾਬਾ ਦਵਿੰਦਰ ਮੁਨੀ ਜੀ, ਬਾਬਾ ਦਰਸ਼ਨ ਟਾਹਲਾ ਸਾਹਿਬ ਵਾਲੇ, ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲੇ, ਡਾ. ਅਸ਼ੀਸ਼ ਕੁਮਾਰ, ਡਾ. ਪਿਸ਼ੌਰਾ ਸਿੰਘ, ਤਹਿਸੀਲਦਾਰ ਪਰਮਪਾਲ ਸਿੰਘ ਗੁਰਾਇਆ, ਲਖਵਿੰਦਰ ਸਿੰਘ, ਲਸ਼ਮਣ ਸਿੰਘ ਆਦਿ ਹਾਜ਼ਰ ਸਨ।
ਪੁਰਾਣੇ ਮੇਅਰ ਤੇ ਕੌਂਸਲਰਾਂ ਨੂੰ ਨਹੀਂ ਮਿਲੀ ਤਨਖਾਹ, ਨਵੇਂ ਬੈਠੇ ਕੁਰਸੀਆਂ 'ਤੇ
NEXT STORY