ਅੰਮ੍ਰਿਤਸਰ, (ਰਮਨ)- ਕਰਮਜੀਤ ਸਿੰਘ ਰਿੰਟੂ ਅੱਗੇ ਮੇਅਰ ਦੀ ਕੁਰਸੀ ਹਾਸਲ ਕਰਨ ਦੇ ਨਾਲ ਹੀ ਚੁਣੌਤੀਆਂ ਬਾਹਾਂ ਫੈਲਾਈ ਖੜ੍ਹੀਆਂ ਹਨ। ਵਿਕਾਸ ਦੇ ਏਜੰਡੇ ਦੇ ਨਾਲ-ਨਾਲ ਵਿਕਾਸ ਦੇ ਲਿਹਾਜ਼ ਨਾਲ ਜਿਥੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਾ ਹੋਵੇਗਾ, ਉਥੇ ਹੀ ਨਗਰ ਨਿਗਮ ਦੀ ਡਗਮਗਾਈ ਹੋਈ ਆਰਥਿਕ ਵਿਵਸਥਾ ਨੂੰ ਪਟੜੀ 'ਤੇ ਲਿਆਉਣਾ ਵੀ ਕੋਈ ਆਸਾਨ ਕੰਮ ਨਹੀਂ ਹੈ। ਪ੍ਰਾਪਰਟੀ ਟੈਕਸ ਵਸੂਲਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ, ਨਾਲ ਹੀ ਕਰਮਚਾਰੀਆਂ ਦੀ ਤਨਖਾਹ ਅਤੇ ਡੀ. ਏ. ਦੀ ਬਾਕੀ 2 ਕਿਸ਼ਤਾਂ ਲਈ ਕਮਾਈ ਦੇ ਸਾਧਨ ਜੁਟਾ ਸਕਣਾ ਵੀ ਆਸਾਨ ਨਹੀਂ ਹੋਵੇਗਾ। ਰੈਵੇਨਿਊ ਦੇ ਲਿਹਾਜ਼ ਨਾਲ ਹਾਊਸ ਟੈਕਸ 'ਤੇ ਨਿਰਭਰਤਾ ਛੱਡ ਕੇ ਬਿਲਡਿੰਗ ਅਤੇ ਹੋਰ ਵਿਭਾਗਾਂ ਦੀ ਲਗਾਮ ਕੱਸਣੀ ਹੋਵੇਗੀ। ਇਸ਼ਤਿਹਾਰੀ ਬੋਰਡ ਪਾਰਦਰਸ਼ਿਤਾ ਨਾਲ ਅਲਾਟ ਕਰਨਾ ਵੀ ਅਹਿਮ ਫੈਸਲਿਆਂ 'ਚੋਂ ਇਕ ਹੋਵੇਗਾ।
ਮੇਅਰ ਰਿੰਟੂ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਿਗਮ ਦੀ ਗੱਡੀ ਨੂੰ ਪਟੜੀ 'ਤੇ ਲਿਆਉਣ ਲਈ ਕੌਂਸਲਰਾਂ ਦੀ ਟੀਮ ਅਤੇ ਅਧਿਕਾਰੀਆਂ ਨਾਲ ਸਲਾਹ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਨਿਗਮ ਦੀ ਆਮਦਨੀ ਵਧੇ, ਜਿਸ ਨਾਲ ਕਰਮਚਾਰੀਆਂ ਨੂੰ ਤਨਖਾਹ ਮਿਲ ਸਕੇ ਤੇ ਆਰਥਿਕ ਹਾਲਤ ਵਿਚ ਸੁਧਾਰ ਆਏ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਦੁਪਹਿਰ ਬਾਅਦ 3 ਤੋਂ 4 ਵਜੇ ਤੱਕ ਨਿਗਮ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦਾ ਉਥੇ ਹੀ ਨਿਬੇੜਾ ਕਰਨਗੇ। ਰਿੰਟੂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ 'ਤੇ ਵਿਸ਼ਵਾਸ ਜਤਾਇਆ ਹੈ, ਜਿਸ 'ਤੇ ਉਹ ਖਰੇ ਉਤਰਨਗੇ।
ਨਿਗਮ ਵਿਚ ਕਰਮਚਾਰੀਆਂ ਦੇ ਬਦਲਾਅ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਤੋਂ ਕੰਮ ਲਿਆ ਜਾਵੇਗਾ, ਜੋ ਕਰਮਚਾਰੀ-ਅਧਿਕਾਰੀ ਚੰਗਾ ਕੰਮ ਕਰੇਗਾ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਜੋ ਕੰਮ ਨੂੰ ਠੀਕ ਢੰਗ ਨਾਲ ਨਹੀਂ ਕਰੇਗਾ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਮੰਤਰੀ ਸਿੱਧੂ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਨੂੰ ਮਿਲੇ ਸਨ, ਉਹ ਸਿੱਧੂ ਦੇ ਛੋਟੇ ਭਰਾ ਹਨ ਤੇ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਮਤਭੇਦ ਨਹੀਂ ਹੈ, ਜਦੋਂ ਵੀ ਉਹ ਅੰਮ੍ਰਿਤਸਰ ਆਉਣਗੇ ਤਾਂ ਉਨ੍ਹਾਂ ਨੂੰ ਮਿਲਣਗੇ।
ਸਿੱਧੂ ਖੇਮੇ ਨਾਲ ਰੱਖਣਾ ਹੋਵੇਗਾ ਤਾਲਮੇਲ : ਮੇਅਰ ਰਿੰਟੂ ਦੀ ਤਾਜਪੋਸ਼ੀ ਦੌਰਾਨ ਸਿੱਧੂ ਖੇਮੇ ਨੇ ਬਗਾਵਤ ਕਰ ਦਿੱਤੀ ਸੀ ਅਤੇ ਵੱਖ ਤੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਤੇ ਸਹੁੰ ਚੁੱਕ ਸਮਾਰੋਹ ਵਿਚ ਵੀ ਹਿੱਸਾ ਨਹੀਂ ਲਿਆ ਸੀ ਪਰ ਕਾਂਗਰਸ ਹਾਈਕਮਾਨ ਦੇ ਦਖਲ ਤੋਂ ਬਾਅਦ ਸਾਰਿਆਂ ਨੇ ਇਕ ਦਿਨ ਬਾਅਦ ਜਲੰਧਰ ਜਾ ਕੇ ਸਹੁੰ ਲੈ ਲਈ ਸੀ। ਜੇਕਰ ਆਉਣ ਸਮੇਂ 'ਚ ਮੇਅਰ ਰਿੰਟੂ ਤੇ ਮੰਤਰੀ ਸਿੱਧੂ ਦਾ ਤਾਲਮੇਲ ਨਹੀਂ ਬੈਠਦਾ ਤਾਂ ਉਥੇ ਹੀ ਨਿਗਮ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫ਼ੀ ਨੁਕਸਾਨ ਹੋਵੇਗਾ। ਪਿਛਲੇ 10 ਸਾਲਾਂ ਵਿਚ ਕਿਸੇ ਲੋਕਲ ਬਾਡੀ ਮੰਤਰੀ ਦੀ ਸ਼ਹਿਰ ਦੇ ਮੇਅਰ ਨਾਲ ਨਹੀਂ ਬਣੀ, ਜਿਸ ਨਾਲ ਨਿਗਮ ਨੂੰ ਕਾਫ਼ੀ ਨੁਕਸਾਨ ਹੋਇਆ, ਮਨਮਰਜ਼ੀ ਨਾਲ ਤਬਦੀਲ ਹੋਏ ਅਧਿਕਾਰੀ ਮੰਤਰੀ ਦੇ ਇਸ਼ਾਰਿਆਂ 'ਤੇ ਚੱਲਦੇ ਰਹੇ। ਉਥੇ ਹੀ ਨਵੇਂ ਮੇਅਰ ਨੂੰ ਸਿੱਧੂ ਖੇਮੇ ਨਾਲ ਵੀ ਤਾਲਮੇਲ ਪੂਰਾ ਰੱਖਣਾ ਹੋਵੇਗਾ, ਨਹੀਂ ਤਾਂ ਉਹ ਆਪਣੇ ਹੀ ਵਿਰੋਧੀ ਪੱਖ ਬਣ ਬੈਠਣਗੇ।
ਨਿਗਮ 'ਚ ਇਕ ਦਿਨ ਰਿਕਵਰੀ ਕੀਤੀ ਸਿਰਫ 70 ਹਜ਼ਾਰ ਰੁਪਏ : ਨਿਗਮ ਵਿਚ ਹਰ ਮਹੀਨੇ 14 ਕਰੋੜ ਦੇ ਲਗਭਗ ਕਰਮਚਾਰੀਆਂ ਨੂੰ ਤਨਖਾਹ ਜਾਂਦੀ ਹੈ ਅਤੇ ਪਿਛਲੇ ਸਮੇਂ ਵਿਚ ਵਿਭਾਗੀ ਤਬਾਦਲਿਆਂ ਤੋਂ ਬਾਅਦ ਨਿਗਮ ਵਿਚ ਇਕ ਦਿਨ ਸਿਰਫ 70 ਹਜ਼ਾਰ ਦੀ ਰਿਕਵਰੀ ਹੀ ਹੋਈ, ਜਿਸ ਨਾਲ ਤਬਾਦਲੇ ਤਾਂ ਕੀਤੇ ਪਰ ਨਿਗਮ ਨੂੰ ਵਿੱਤੀ ਨੁਕਸਾਨ ਵੀ ਕਾਫ਼ੀ ਹੋ ਰਿਹਾ ਹੈ। ਪੁਰਾਣੇ ਕਰਮਚਾਰੀ ਨਵੇਂ ਕਰਮਚਾਰੀਆਂ ਨੂੰ ਕੋਈ ਭੇਤ ਨਹੀਂ ਦੇ ਰਹੇ ਕਿ ਕਿਥੋਂ ਕਿੰਨੀ ਰਿਕਵਰੀ ਆਉਣੀ ਹੈ, ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਨਿਗਮ ਆਪਣੇ ਖਰਚੇ ਕੱਢਣ ਵਿਚ ਵੀ ਅਸਫਲ ਹੋਵੇਗਾ।
ਸ੍ਰੀ ਹਰਿਮੰਦਰ ਸਾਹਿਬ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
NEXT STORY