ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਪਿਛਲੇ ਸਾਢੇ ਛੇ ਮਹੀਨਿਆਂ ਤੋਂ ਲਟਕਦੀ ਆ ਰਹੀ ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਹਾਊਸ ਦੇ ਮੈਂਬਰ ਕੌਂਸਲਰਾਂ ਦੀ ਸ਼ਹਿਰ ਦੇ ਰੁਕੇ ਆ ਰਹੇ ਵਿਕਾਸ ਸਮੇਤ ਹੋਰ ਏਜੰਡਿਆਂ ਨੂੰ ਲੈ ਕੇ ਤਿੱਖੀ ਬਹਿਸਬਾਜ਼ੀ ਹੋਈ। ਇਸ ਦੌਰਾਨ ਕੁੱਲ 55 ਮਤਿਆਂ 'ਚੋਂ 52 ਮਤੇ ਬਹੁਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਨਿਗਮ ਦੇ ਮੇਅਰ ਅਕਸ਼ਿਤ ਜੈਨ ਅਤੇ ਨਿਗਮ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਮੀਟਿੰਗ ਦੇ ਤੈਅ ਸਮੇਂ 2.30 ਵਜੇ ਤੱਕ ਨਿਗਮ ਦੇ ਮੀਟਿੰਗ ਹਾਲ 'ਚ ਨਾ ਪੁੱਜੇ ਤੇ ਇਸੇ ਦੌਰਾਨ ਹੀ ਜਦੋਂ ਸਮਾਂ 3 ਵਜੇ ਦਾ ਹੋ ਗਿਆ ਤਾਂ ਸ਼ਹਿਰ ਦੇ ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਨੇ ਕਿਹਾ ਕਿ ਜੇਕਰ ਮੇਅਰ ਮੀਟਿੰਗ 'ਚ ਨਹੀਂ ਆਉਂਦੇ ਤਾਂ ਨਿਗਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ, ਇਸ ਦੇ ਨਾਲ ਹੀ ਮੇਅਰ ਵੱਲੋਂ ਨਿਸ਼ਚਿਤ ਸਮੇਂ 'ਤੇ ਮੀਟਿੰਗ 'ਚ ਨਾ ਆਉਣ ਦੇ ਮਾਮਲੇ 'ਤੇ ਕੁੱਝ ਹੋਰ ਹਾਊਸ ਮੈਂਬਰਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਨਿਗਮ ਦੇ ਮੀਟਿੰਗ 'ਚ ਹਾਜ਼ਰ 'ਅਮਲੇ-ਫੈਲੇ' ਨੇ ਇਸ ਦੀ ਸੂਚਨਾ ਤੁਰੰਤ ਨਿਗਮ ਦੇ ਮੇਅਰ ਅਕਸ਼ਿਤ ਜੈਨ ਨੂੰ ਦਿੱਤੀ ਤੇ ਉਹ ਤੁਰੰਤ 3.07 ਵਜੇ ਮੀਟਿੰਗ ਹਾਲ ਪੁੱਜ ਕੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਲੱਗੇ, ਜਦੋਂ ਮੇਅਰ ਦੇਰੀ ਸਬੰਧੀ ਆਪਣੀ ਸਫਾਈ ਪੇਸ਼ ਕਰਨ ਲੱਗੇ ਤਾਂ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਇਸ ਦਾ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ।
ਮੇਅਰ ਅਕਸ਼ਿਤ ਜੈਨ ਵੱਲੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਕ ਸ਼ੋਕ ਮਤਾ ਲਿਆਂਦਾ ਗਿਆ, ਜਿਸ ਤਹਿਤ ਵਾਰਡ ਨੰਬਰ-25 ਦੀ ਮਹਿਲਾ ਕੌਂਸਲਰ ਦੀ ਮੌਤ 'ਤੇ ਇਕ ਮਿੰਟ ਦਾ ਸ਼ੋਕ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਉਪਰੰਤ ਮੀਟਿੰਗ ਦੀ ਕਾਰਵਾਈ ਮੇਅਰ ਵੱਲੋਂ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਤਾਂ ਵਾਰਡ ਨੰਬਰ-26 ਦੇ ਕੌਂਸਲਰ ਪ੍ਰਮਿੰਦਰ ਸਿੰਘ ਸਫਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਹਨ ਪਰ ਉਦੋਂ ਕਿਉਂ ਨਹੀਂ ਮਰਹੂਮ ਕੌਂਸਲਰ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੌਂਸਲਰ ਦੀ ਮੌਤ ਮਗਰੋਂ ਨਿਗਮ ਨੂੰ ਸ਼ੋਕ ਮੀਟਿੰਗ ਤੁਰੰਤ ਬੁਲਾਉਣੀ ਚਾਹੀਦੀ ਸੀ।
ਪੈਂਡਿੰਗ ਰੱਖੇ 3 ਮਤਿਆਂ 'ਚ ਆਯੂਸ਼ ਦੇ ਹਸਪਤਾਲ ਨੂੰ ਜ਼ਮੀਨ ਦੇਣ ਦਾ ਮਤਾ ਵੀ ਸ਼ਾਮਲ
ਨਗਰ ਨਿਗਮ ਦੇ ਹਾਊਸ ਵੱਲੋਂ ਸਾਰੇ ਮਤਿਆਂ 'ਚੋਂ 3 ਨੂੰ ਸਹਿਮਤੀ ਨਾ ਦਿੱਤੇ ਜਾਣ ਦੇ ਮਤਿਆਂ 'ਚ ਪਿੰਡ ਦੁੱਨੇਕੇ ਵਿਖੇ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਆਯੂਸ਼ ਦੇ ਟਰੋਮਾ ਸੈਂਟਰ ਦਾ ਮਤਾ ਵੀ ਸ਼ਾਮਲ ਹੈ। ਹਲਕਾ ਵਿਧਾਇਕ ਡਾ. ਹਰਜੋਤਕਮਲ ਜਿਹੜੇ ਅੱਜ ਦੀ ਮੀਟਿੰਗ 'ਚ ਤਾਂ ਭਾਵੇਂ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਵੱਲੋਂ ਦੁੱਨੇਕੇ ਵਿਖੇ ਨਿਗਮ ਦੀ ਤਿੰਨ ਏਕੜ ਜ਼ਮੀਨ 'ਚੋਂ ਡੇਢ ਏਕੜ ਜ਼ਮੀਨ ਇਸ ਟਰੋਮਾ ਸੈਂਟਰ ਨੂੰ ਦੇਣ ਦੀ ਵਕਾਲਤ ਕੀਤੀ ਗਈ ਸੀ, ਜਿਉਂ ਹੀ ਇਹ ਮਤਾ ਹਾਊਸ 'ਚ ਲਿਆਂਦਾ ਗਿਆ ਤਾਂ ਨਿਗਮ ਦੇ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਨੇ ਇਸ ਮਾਮਲੇ 'ਤੇ ਨਿਗਮ ਦੇ ਪੰਜ ਕੌਂਸਲਰਾਂ ਜਰਨੈਲ ਸਿੰਘ, ਤਿਰਲੋਚਨ ਸਿੰਘ ਗਿੱਲ, ਚਰਨਜੀਤ ਸਿੰਘ, ਦੀਪਿੰਦਰ ਸਿੰਘ ਸੰਧੂ ਅਤੇ ਸੁਰਿੰਦਰ ਪਾਲ ਕਾਲਾ ਦੀ ਅਗਵਾਈ ਹੇਠ ਇਕ ਕਮੇਟੀ ਬਣਾਉਣ ਦੀ ਤਜਵੀਜ਼ ਮੀਟਿੰਗ 'ਚ ਰੱਖੀ ਪਰ ਮੇਅਰ ਜੈਨ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਤੁਸੀਂ ਆਪਣੇ ਧੜੇ ਦੇ ਕੌਂਸਲਰਾਂ ਦੀ ਕਮੇਟੀ ਬਣਾਉਣ ਦਾ ਮਤਾ ਲਿਆਂਦਾ ਹੈ, ਇਸ 'ਚ ਹੋਰ ਕੌਂਸਲਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਪਤਾ ਲੱਗਾ ਹੈ ਇਸ ਮਗਰੋਂ ਨਰਿੰਦਰਪਾਲ ਸਿੱਧੂ ਅਤੇ ਮਨਜੀਤ ਸਿੰਘ ਮਾਨ ਨੂੰ ਵੀ ਇਸ ਕਮੇਟੀ 'ਚ ਸ਼ਾਮਲ ਕਰ ਲਿਆ ਗਿਆ ਹੈ। ਹਾਲ ਦੀ ਘੜੀ ਇਹ ਮਾਮਲਾ ਪੈਂਡਿੰਗ ਰੱਖਿਆ ਗਿਆ ਹੈ। ਇਸ ਦੇ ਨਾਲ ਏਜੰਡਾ ਨੰਬਰ 49 ਤਹਿਤ ਸ਼ਹਿਰ 'ਚ ਇਸ਼ਤਿਹਾਰਬਾਜ਼ੀ ਦੇ ਲਿਆਂਦੇ ਮਤੇ ਨੂੰ ਵੀ ਹਾਊਸ ਨੇ ਪੈਂਡਿੰਗ ਰੱਖਦਿਆਂ ਇਸ ਲਈ ਨਵੀਂ ਨੀਤੀ ਬਣਾਉਣ ਦੀ ਪ੍ਰਵਾਨਗੀ ਦਿੱਤੀ। ਤੀਜੇ ਅਹਿਮ ਮਤੇ ਜਿਸ ਨੂੰ ਰਾਖਵਾਂ ਰੱਖਿਆ ਗਿਆ ਹੈ, 'ਚ ਜ਼ੀਰਾ ਰੋਡ 'ਤੇ ਕਬਰਿਸਤਾਨਾਂ ਲਈ ਜ਼ਮੀਨ ਦੇਣਾ ਸ਼ਾਮਲ ਹੈ।
ਇਨ੍ਹਾਂ ਏਜੰਡਿਆਂ ਨੂੰ ਕੀਤਾ ਪਾਸ
* ਸਫਾਈ ਵਿਵਸਥਾ ਲਈ ਨਵੇਂ ਕਰਮਚਾਰੀ ਠੇਕੇ 'ਤੇ ਰੱਖੇ ਜਾਣਗੇ।
* ਸਰਕਾਰੀ ਗਊਸ਼ਾਲਾ ਏਕਤਾ ਗਊ ਸੇਵਾ ਸੋਸਾਇਟੀ ਨੂੰ ਇਕ ਸਾਲ ਲਈ ਸੌਂਪਣ 'ਤੇ ਸਹਿਮਤੀ ਦਿੱਤੀ ਗਈ।
* ਨਿਗਮ ਦੇ ਕਿਸੇ ਵੀ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦਾ ਮਤਾ ਪਾਸ ਕੀਤਾ ਗਿਆ।
* ਸ਼ਹਿਰ ਦੇ ਪਾਸ ਵਿਕਾਸ ਕਾਰਜਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸ਼ੁਰੂ ਕਰਵਾਉਣ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਠੇਕੇਦਾਰ ਦੇ ਟੈਂਡਰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ।
* ਸ਼ਹਿਰ ਦੀਆਂ ਸੜਕਾਂ 'ਤੇ ਪਏ ਪੱਥਰਾਂ 'ਤੇ ਪ੍ਰੀਮਿਕਸ ਪਾਉਣ ਦਾ ਮਤਾ ਪਾਸ ਕੀਤਾ ਗਿਆ।
* ਦਫਤਰ ਦੇ ਵਿਦੇਸ਼ ਜਾ ਰਹੇ ਮੁਲਾਜ਼ਮਾਂ ਨੂੰ ਤਿਮਾਹੀ ਛੁੱਟੀਆਂ ਦੇਣ ਦੀ ਮਨਜ਼ੂਰੀ ਦਿੱਤੀ ਗਈ।
* ਬੰਦ ਪਈਆਂ ਸਟਰੀਟ ਲਾਈਟਾਂ ਲਈ ਨਵਾਂ ਸਾਮਾਨ ਖਰੀਦਣ ਲਈ ਮਨਜ਼ੂਰੀ ਦਿੱਤੀ ਗਈ।
* ਸਟਰੀਟ ਲਾਈਟਾਂ ਅਤੇ ਸਫਾਈ ਸਮੱਸਿਆ ਸਬੰਧੀ ਦੋ ਨਵੇਂ ਟੋਲ ਫ੍ਰੀ ਨੰਬਰ ਸ਼ਿਕਾਇਤ ਲਈ ਲੈਣ ਦੇ ਮਤੇ ਪਾਸ ਕੀਤੇ ਗਏ।
* ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਬਜਟ ਰੱਖਣ ਦਾ ਮਤਾ ਪਾਸ ਕੀਤਾ ਗਿਆ।
ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ
NEXT STORY