ਪਟਿਆਲਾ (ਜੋਸਨ) : ਹੁਣ ਤੱਕ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਲਾਭ ਸਿਰਫ਼ ਖੇਤੀ ਕਰਨ ਵਾਲੇ ਕਿਸਾਨਾਂ ਤੱਕ ਹੀ ਸੀਮਤ ਸੀ ਪਰ ਹੁਣ ਇਸ 'ਚ ਦੁੱਧ ਉਤਪਾਦਕ ਕਿਸਾਨਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਤੇਜ਼ੀ ਨਾਲ ਵੱਧ ਰਹੇ ਡੇਅਰੀ ਸੈਕਟਰ ਨੂੰ ਮਾਰਕੀਟਿੰਗ ਅਤੇ ਹੋਰ ਬੁਨਿਆਦੀ ਢਾਂਚਾਗਤ ਸਹੂਲਤਾਂ ਨੂੰ ਵਧਾਉਣ ਅਤੇ ਵਰਕਿੰਗ ਕੈਪੀਟਲ ਨੂੰ ਵੱਡਾ ਕਰਨ, ਘੱਟ ਵਿਆਜ਼ ਦਰਾਂ ’ਤੇ ਕਰਜ਼ਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਦੁੱਧ ਉਤਪਾਦਕ ਕਿਸਾਨਾਂ ਨੂੰ ਸਰਕਾਰ ਵੱਲੋਂ ਬਹੁਤ ਘੱਟ ਸਮੇਂ ’ਚ ਜਾਰੀ ਕੀਤਾ ਜਾਣ ਵਾਲਾ ਕਰਜ਼ਾ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੁੱਧ ਉਤਪਾਦਕ, ਬੈਂਕਾਂ ਦੇ ਪ੍ਰਤੀਨਿਧੀਆਂ, ਡੇਅਰੀ ਯੂਨੀਅਨ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਬੈਂਕਾਂ ’ਚ ਅਧਿਕਾਰੀਆਂ ਨੂੰ ਮਿੱਥੇ ਟੀਚੇ ਪੂਰੇ ਕਰਨ ਲਈ ਕਿਹਾ ਗਿਆ। ਕਰਜ਼ਾ ਲੈਣ ਦੇ ਇਛੁੱਕ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਇਸ ਸਬੰਧੀ ਜਲਦੀ ਤੋਂ ਜਲਦੀ ਸੂਚਿਤ ਕੀਤਾ ਜਾਵੇ ਤਾਂ ਕਿ ਉਹ ਇਸ ਯੋਜਨਾ ਦਾ ਲਾਭ ਲੈ ਸਕਣ। ਗਰੇਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ 1 ਲੱਖ 60 ਹਜ਼ਾਰ ਤੋਂ 3 ਲੱਖ ਰੁਪਏ ਤਕ ਦਾ ਘੱਟ ਦਰ ਵਿਆਜ਼ ਦਾ ਕਰਜ਼ਾ ਦਿੱਤਾ ਜਾਵੇਗਾ।
ਇਸ ਦੇ ਲਈ ਵਿਆਜ਼ ਦਰ ਵੀ ਕਾਫ਼ੀ ਘੱਟ ਰੱਖੀ ਗਈ ਹੈ। 7 ਫੀਸਦੀ ਸਾਲਾਨਾ ਦੀ ਦਰ ਨਾਲ ਵਸੂਲੇ ਜਾਣ ਵਾਲੇ ਵਿਆਜ਼ 3 ਫੀਸਦੀ ਤਕ ਦੀ ਛੋਟ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ, ਜੋ ਸਮੇਂ ਸਿਰ ਕਿਸ਼ਤ ਜਮ੍ਹਾ ਕਰਵਾਉਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁੱਧ ਉਤਪਾਦਕ ਕਿਸਾਨਾਂ ਨੂੰ ਇਸ ਕਰਜ਼ੇ ਲਈ ਕਿਸੇ ਤਰ੍ਹਾਂ ਦੀ ਸਕਿਓਰਟੀ ਨਹੀਂ ਦੇਣੀ ਪਏਗੀ ਅਤੇ ਇਹ ਕਰਜ਼ਾ ਕਿਸੇ ਵੀ ਬੈਂਕ ਤੋਂ ਇਕ ਸਾਧਾਰਨ ਫਾਰਮ ਭਰ ਕੇ ਲਿਆ ਜਾ ਸਕਦਾ ਹੈ। ਉਨ੍ਹਾਂ ਜ਼ਿਲੇ ਭਰ ਦੇ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਕਿਸੇ ਵੀ ਡੇਅਰੀ ਫਾਰਮਰ ਨੂੰ ਲੋਨ ਦੇਣ ਤੋਂ ਇਨਕਾਰ ਨਾ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਹਰੇਕ ਡੇਅਰੀ ਫਾਰਮਰ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ ਤਾਂ ਕਿ ਉਹ 31 ਜੁਲਾਈ ਤੋਂ ਪਹਿਲਾਂ ਆਪਣਾ ਫਾਰਮ ਭਰ ਕੇ ਯੋਜਨਾ ਦਾ ਲਾਭ ਲੈ ਸਕੇ। ਯੋਜਨਾ ਦੀ ਸ਼ੁਰੂਆਤ 15 ਅਗਸਤ ਨੂੰ ਕੀਤੀ ਜਾਣੀ ਹੈ। ਨਾਲ ਹੀ ਉਨ੍ਹਾਂ ਇਹ ਚਿਤਾਵਨੀ ਦਿੱਤੀ ਕਿ ਕੋਈ ਵੀ ਬੈਂਕ ਬਿਨਾਂ ਕਿਸੇ ਕਾਰਣ ਜਾਣ-ਬੁੱਝ ਕੇ ਡੇਅਰੀ ਫਾਰਮਰਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਪੂਜਾ ਸਿਆਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਮਿਲਕ ਫੂਡ ਨਾਲ ਸਬੰਧਤ ਕਰੀਬ 14 ਹਜ਼ਾਰ ਕਿਸਾਨ ਅਤੇ ਦੁੱਧ ਉਤਪਾਦਕ ਡੇਅਰੀ ਕੰਮ ’ਚ ਲੱਗੇ ਹਨ।
ਇਸ ਤੋਂ ਇਲਾਵਾ 30 ਹਜ਼ਾਰ ਦੁੱਧ ਉਤਪਾਦਕ ਪਸ਼ੂ ਪਾਲਣ ਅਤੇ ਡੇਅਰੀ ਮਹਿਕਮੇ ਨਾਲ ਜੁੜੇ ਹੋਏ ਹਨ। ਇਸ ਮੌਕੇ ਡਿਪਟੀ ਡਾਇਰੈਕਟਰੀ ਡੇਅਰੀ ਅਸ਼ੋਕ ਰੌਣੀ, ਮਿਲਕ ਪਲਾਂਟ ਦੇ ਜਨਰਲ ਮੈਨੇਜ਼ਰ ਗੁਰਮੇਲ ਸਿੰਘ, ਲੀਡ ਬੈਂਕ ਐੱਸ. ਬੀ. ਆਈ. ਤੋਂ ਪ੍ਰਿਤਪਾਲ ਸਿੰਘ ਆਨੰਦ, ਪਸ਼ੂ ਪਾਲਕ ਦੀਵਾਨ ਗੁਪਤਾ, ਮਿਲਕ ਪਲਾਂਟ ਦੇ ਪ੍ਰਤੀਨਿਧੀ ਅਮਿਤ ਕੁਮਾਰ, ਡੇਅਰੀ ਇੰਸਪੈਕਟਰ ਜੈ ਕਿਸ਼ਨ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ
NEXT STORY