ਚੰਡੀਗੜ੍ਹ,(ਟੱਕਰ)- ਕ੍ਰਿਕਟ ਮੈਚ ’ਤੇ ਸੱਟੇਬਾਜ਼ੀ ਅਮੀਰਜ਼ਾਦਿਆਂ ਦਾ ਸ਼ੌਂਕ ਬਣ ਗਿਆ ਹੈ ਤੇ ਅੱਜਕੱਲ੍ਹ ਦੁਬਈ ਵਿਖੇ ਹੋ ਰਹੇ ਰੋਜ਼ਾਨਾ ਆਈ.ਪੀ.ਐੱਲ ਮੈਚਾਂ ’ਤੇ ਕਰੋੜਾਂ ਰੁਪਏ ਦਾ ਸੱਟਾ ਲੱਗ ਰਿਹਾ ਹੈ ਤੇ ਇਹ ਸਾਰਾ ਗੋਰਖਧੰਦਾ ਮੋਬਾਇਲ ਫੋਨ ’ਤੇ ਸੱਟੇਬਾਜ਼ਾਂ ਵਲੋਂ ਡਾਊਨਲੋਡ ਕੀਤੀਆਂ ਐਪਾਂ ਰਾਹੀਂ ਬੇਖੌਫ਼ ਚੱਲ ਰਿਹਾ ਹੈ ਜਿਸ ਨਾਲ ਇਹ ਕਰੋੜਾਂ ਰੁਪਏ ਦਾ ਕਾਰੋਬਾਰ ਪੁਲਸ ਦੀ ਪਕੜ੍ਹ ਤੋਂ ਫਿਲਹਾਲ ਬਾਹਰ ਹੈ। ਕ੍ਰਿਕਟ ਮੈਚ ’ਤੇ ਸੱਟਾ ਖੇਡਣ ਲਈ ਮੋਬਾਇਲ ਫੋਨਾਂ ’ਤੇ ਕਈ ਐਪਾਂ ਹਨ ਜਿਨ੍ਹਾਂ ਨੂੰ ਸੱਟਾ ਲਗਾਉਣ ਵਾਲੇ ਪਲੇਅ ਸਟੋਰ ’ਤੇ ਜਾ ਕੇ ਡਾਊਨਲੋਡ ਕਰਦੇ ਹਨ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਚਾਂ ’ਤੇ ਸੱਟੇ ਦਾ ਭਾਅ ਦੱਸਣ ਵਾਲੀ ਇਹ ਐਪਸ ਭਾਰਤ ’ਚ ਸੱਟੇ ਦੀ ਪਾਬੰਦੀ ਹੋਣ ਦੇ ਬਾਵਜ਼ੂਦ ਬੜੀ ਅਸਾਨੀ ਨਾਲ ਡਾਊਨਲੋਡ ਹੋ ਜਾਂਦੀਆਂ ਹਨ। ਕ੍ਰਿਕਟ ਮੈਚ ’ਤੇ ਸੱਟਾ ਦੱਸਣ ਵਾਲੀਆਂ ਇਹ ਮੋਬਾਇਲ ਐਪਸ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਅ ਦੱਸਦੀਆਂ ਹਨ ਕਿ ਕਿਹੜੀ ਟੀਮ ਜਿੱਤਣ ਦੀ ਆਸ ਹੈ ਜਿਸਦਾ ਭਾਅ ਘੱਟ ਦੱਸਿਆ ਜਾਂਦਾ ਹੈ ਜਦਕਿ ਦੂਜੀ ਵਿਰੋਧੀ ਟੀਮ ਦਾ ਭਾਅ ਵੱਧ ਦੱਸ ਕੇ ਸੱਟੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਇਨ੍ਹਾਂ ਐਪਸ ’ਤੇ ਦੋਵਾਂ ਟੀਮਾਂ ਵਿਚਕਾਰ ਟਾਸ ’ਤੇ ਵੀ ਸੱਟਾ ਲੱਗਦਾ ਹੈ ਅਤੇ ਇਹ ਵੀ ਸੱਟੇ ਦਾ ਭਾਅ ਦਿੱਤਾ ਜਾਂਦਾ ਹੈ ਕਿ ਪਹਿਲਾਂ 6 ਓਵਰਾਂ ’ਚ ਕਿਹੜੀ ਟੀਮ ਕਿੰਨਾ ਸਕੋਰ ਬਣਾਏਗੀ ਜਿਸ ਦਾ ਕੀ ਭਾਅ ਹੋਵੇਗਾ ਇਹ ਵੀ ਮੋਬਾਇਲ ਡਿਸਪਲੇਅ ’ਤੇ ਲਗਾਤਾਰ ਆਉਂਦਾ ਹੈ। ਜਿਸ ਤਰ੍ਹਾਂ ਮੈਚ ਅੱਗੇ ਵੱਧਦਾ ਜਾਂਦਾ ਹੈ ਉਸੇ ਤਰ੍ਹਾਂ ਇਨ੍ਹਾਂ ਮੋਬਾਇਲ ਐਪਸ ’ਤੇ ਭਾਅ ਵੀ ਸਕੋਰ ਦੇ ਹਿਸਾਬ ਨਾਲ ਵੱਧਦਾ ਘਟਦਾ ਰਹਿੰਦਾ ਹੈ। ਇਨ੍ਹਾਂ ਮੋਬਾਇਲ ਐਪਸ ’ਤੇ ਭਾਅ ਦੇਖ ਕੇ ਸੱਟੇਬਾਜ਼ ਆਪਣੇ ਨਾਲ ਜੁੜੇ ਕ੍ਰਿਕਟ ਮੈਚਾਂ ਦੇ ਵੱਡੇ ਮੁੱਖ ਸੱਟੇਬਾਜ਼ਾਂ ਨਾਲ ਜੁੜਦੇ ਹਨ ਜਿੱਥੋਂ ਕਿ ਉਨ੍ਹਾਂ ਦਾ ਹਰ ਮੈਚ ਦੀ ਹਾਰ-ਜਿੱਤ ਤੋਂ ਬਾਅਦ ਅਗਲੇ ਦਿਨ ਪੈਸਿਆਂ ਦਾ ਹਿਸਾਬ ਹੁੰਦਾ ਹੈ। ਕ੍ਰਿਕਟ ਮੈਚ ’ਤੇ ਸੱਟਾ ਲਗਾਉਣ ਵਾਲੇ ਆਪਣੇ ਮੁੱਖ ਸੱਟੇਬਾਜ਼ ਜਿਸ ਨੂੰ ‘ਬੁੱਕੀ’ ਵੀ ਕਿਹਾ ਜਾਂਦਾ ਹੈ ਉਹ ਆਪਣੇ ਨਾਲ ਜੁੜਨ ਵਾਲੇ ਹਰੇਕ ਵਿਅਕਤੀ ਜਿਸ ਨੂੰ ‘ਪੰਟਰ’ ਦਾ ਨਾਮ ਦਿੱਤਾ ਜਾਂਦਾ ਹੈ ਨੂੰ ਇੱਕ ਸੱਟਾ ਲਗਾਉਣ ਲਈ ਰਾਸ਼ੀ ਨਿਰਧਾਰਿਤ ਕਰਦੇ ਹਨ ਜਿਸ ਕਾਰਣ ਉਹ ਆਪਣੀ ਸਮਰੱਥਾ ਤੋਂ ਵੱਧ ਸੱਟਾ ਨਹੀਂ ਲਗਾ ਸਕਦਾ। ਭਾਰਤ ’ਚ ਮੋਬਾਇਲ ਐਪ ਰਾਹੀਂ ਸ਼ਰੇਆਮ ਕ੍ਰਿਕਟ ਮੈਚ ’ਤੇ ਰੋਜ਼ਾਨਾ ਕਰੋੜਾਂ ਰੁਪਏ ਸੱਟੇ ਦਾ ਧੰਦਾ ਚੱਲ ਰਿਹਾ ਹੈ ਅਤੇ ਜੇਕਰ ਸਰਕਾਰ ਤੇ ਪੁਲਸ ਇਸ ਧੰਦੇ ਨੂੰ ਨੱਥ ਪਾਉਣਾ ਚਾਹੁੰਦੀ ਹੈ ਤਾਂ ਇਹ ਸੱਟਾ ਚਲਾਉਣ ਵਾਲੀਆਂ ਐਪਸ ’ਤੇ ਮੁਕੰਮਲ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਹੀ ਇਸ ਗੋਰਖਧੰਦੇ ਨੂੰ ਕੁਝ ਨੱਥ ਪੈ ਸਕਦੀ ਹੈ।
ਮੋਬਾਇਲ ਐਪਸ ਟੀ.ਵੀ. ’ਤੇ ਚੱਲਦੇ ਲਾਈਵ ਮੈਚ ਤੋਂ ਵੀ ਤੇਜ਼
ਕ੍ਰਿਕਟ ਮੈਚ ’ਤੇ ਸੱਟੇ ਦਾ ਭਾਅ ਦੱਸਣ ਵਾਲੀਆਂ ਮੋਬਾਇਲ ਐਪਸ ਜੋ ਕਿ ਟੀ.ਵੀ. ’ਤੇ ਚੱਲਣ ਵਾਲੇ ਲਾਈਵ ਕ੍ਰਿਕਟ ਮੈਚ ਤੋਂ ਇੱਕ ਕਦਮ ਅੱਗੇ ਤੇਜ਼ ਚੱਲਦੀਆਂ ਹਨ। ਟੀ.ਵੀ. ’ਤੇ ਚੱਲਣ ਵਾਲੇ ਮੈਚ ਤੋਂ ਕੁਝ ਸਕਿੰਟ ਪਹਿਲਾਂ ਇਹ ਮੋਬਾਇਲ ਐਪ ਸ਼ੋਅ ਕਰ ਦਿੰਦੀ ਹੈ ਕਿ ਸਟੇਡੀਅਮ ਵਿਚ ਜੋ ਬਾਲ ਖੇਡੀ ਜਾ ਰਹੀ ਹੈ ਉਸ ਉਪਰ ਚੌਕਾ, ਛੱਕਾ ਲੱਗਿਆ ਜਾਂ ਖਿਡਾਰੀ ਆਊਟ ਹੋ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ’ਚ ਜਦੋਂ ਕ੍ਰਿਕਟ ਮੈਚ ਸ਼ੁਰੂ ਹੁੰਦੇ ਹਨ ਤਾਂ ਉੱਥੇ ਬੈਠੇ ਅੰਤਰਰਾਸ਼ਟਰੀ ਪੱਧਰ ਦੇ ਸੱਟੇਬਾਜ਼ ਆਪਣਾ ਇੱਕ ਵਿਅਕਤੀ ਬਿਠਾ ਦਿੰਦੇ ਹਨ ਜੋ ਲਗਾਤਾਰ ਮੈਚ ਦਾ ਨਤੀਜਾ ਮੋਬਾਇਲ ਐਪ ’ਤੇ ਜੁੜ ਕੇ ਦੱਸ ਦਿੰਦਾ ਹੈ।
ਕ੍ਰਿਕਟ ਮੈਚ ’ਤੇ ਸੱਟਾ ਲਗਾਉਣ ਵਾਲੀਆਂ ਐਪਸ ’ਤੇ ਨਾਮੀ ਕੰਪਨੀਆਂ ਦੇ ਵਿਗਿਆਪਨ
ਕ੍ਰਿਕਟ ਮੈਚ ’ਤੇ ਸੱਟਾ ਲਗਾਉਣ ਵਾਲੀਆਂ ਮੋਬਾਇਲ ਐਪਸ ਸੱਟੇਬਾਜ਼ਾਂ ’ਚ ਐਨੀ ਚਰਚਿਤ ਹੈ ਕਿ ਇੱਥੇ ਨਾਮੀ ਕੰਪਨੀਆਂ ਆਪਣੇ ਵਿਗਿਆਪਨ ਦੇ ਰਹੀਆਂ ਹਨ ਜਿਨ੍ਹਾਂ ਤੋਂ ਐਪਸ ਵਾਲੀਆਂ ਕੰਪਨੀਆਂ ਨੂੰ ਚੋਖੀ ਕਮਾਈ ਹੋ ਰਹੀ ਹੈ। ਜੇਕਰ ਸਰਕਾਰ ਤੇ ਪੁਲਸ ਪ੍ਰਸ਼ਾਸਨ ਚਾਹੇ ਤਾਂ ਇਹ ਸੱਟੇ ਦਾ ਗੋਰਖਧੰਦਾ ਸਾਈਬਰ ਕ੍ਰਾਇਮ ਵਿਭਾਗ ਬੇਨਕਾਬ ਕਰ ਸਕਦਾ ਹੈ, ਇੱਥੋਂ ਤੱਕ ਇਹ ਸੱਟੇ ਦਾ ਭਾਅ ਦੱਸਣ ਵਾਲੀਆਂ ਐਪਸ ਨੂੰ ਕੌਣ ਚਲਾ ਰਿਹਾ ਹੈ ਅਤੇ ਇਨ੍ਹਾਂ ਨਾਲ ਕਿਹੜੇ-ਕਿਹੜੇ ਅੰਤਰਰਾਸ਼ਟਰੀ ਪੱਧਰ ਦੇ ਸੱਟੇਬਾਜ਼ ਜੁੜੇ ਹਨ ਉਨ੍ਹਾਂ ਦਾ ਖੁਲਾਸਾ ਵੀ ਹੋ ਸਕਦਾ ਹੈ।
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਜਦੋਂ ਇਸ ਸਬੰਧੀ ਸਾਈਬਰ ਕ੍ਰਾਇਮ ਦੀ ਜ਼ਿਲਾ ਅਧਿਕਾਰੀ ਸੁਖਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵਲੋਂ ਮੈਚ ’ਤੇ ਲਗਾਉਣ ਵਾਲੇ ਸੱਟੇਬਾਜ਼ਾਂ ਖਿਲਾਫ਼ ਪੂਰੀ ਤਰ੍ਹਾਂ ਸਖ਼ਤੀ ਵਰਤੀ ਹੋਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ ਇਸ ਮੋਬਾਇਲ ਐਪਸ ਜ਼ਰੀਏ ਲੱਗਣ ਵਾਲੇ ਸੱਟੇ ਦੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਪਸ ਸਬੰਧੀ ਸਾਈਬਰ ਕ੍ਰਾਇਮ ਜਾਂਚ ਕਰ ਜੋ ਵੀ ਲੋੜੀਂਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਅਮਲ ਵਿਚ ਲਿਆਂਦੀ ਜਾਵੇਗੀ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY