ਬਠਿੰਡਾ (ਪਰਮਿੰਦਰ)-ਮਿੰਨੀ ਬੱਸ ਆਪ੍ਰੇਟਰਾਂ ਅਤੇ ਪੀ. ਆਰ. ਟੀ. ਸੀ. ਦੇ ਵਿਚਕਾਰ ਰੂਟਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਾ ਖਮਿਆਜ਼ਾ ਮਹਾਨਗਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਕਤ ਵਿਵਾਦ ਦਾ ਕੋਈ ਹੱਲ ਨਾ ਹੋਣ ਕਾਰਨ ਪੀ. ਆਰ. ਟੀ. ਸੀ. ਨੇ ਆਪਣੀ ਸਿਟੀ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਹੈ। ਉਕਤ ਸਿਟੀ ਬੱਸਾਂ ਕਰੀਬ ਡੇਢ ਮਹੀਨੇ ਤੋਂ ਬੱਸ ਸਟੈਂਡ 'ਚ ਖੜ੍ਹੀਆਂ ਹਨ। ਵਿਭਾਗ ਦਾ ਕਹਿਣਾ ਹੈ ਕਿ ਬਿਨਾਂ ਪਰਮਿਟ ਚੱਲ ਰਹੀਆਂ ਨਿੱਜੀ ਮਿੰਨੀ ਬੱਸਾਂ ਕਾਰਨ ਪੀ. ਆਰ. ਟੀ. ਸੀ. ਦੀ ਸਿਟੀ ਬੱਸ ਸੇਵਾ ਘਾਟੇ 'ਚ ਜਾ ਰਹੀ ਹੈ, ਜਿਸ ਕਾਰਨ ਹੁਣ ਬੱਸਾਂ ਨੂੰ ਬੰਦ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਉਕਤ ਬੱਸਾਂ ਚੱਲਣ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਸੀ। ਸ਼ਹਿਰ ਦੇ ਲੋਕਾਂ ਨੂੰ ਹੁਣ ਉਕਤ ਸੇਵਾ ਦਾ ਲਾਭ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕ ਵੀ ਪ੍ਰੇਸ਼ਾਨ ਹਨ।
ਕੀ ਸੀ ਸਿਟੀ ਬੱਸ ਯੋਜਨਾ
ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀ ਇਕ ਯੋਜਨਾ ਦੇ ਤਹਿਤ ਉਕਤ ਸਿਟੀ ਬੱਸਾਂ ਦੀ ਖਰੀਦ 4 ਕਰੋੜ ਤੋਂ ਵੀ ਜ਼ਿਆਦਾ 'ਚ ਕੀਤੀ ਗਈ ਸੀ। ਇਨ੍ਹਾਂ ਬੱਸਾਂ ਨੂੰ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ 'ਚ ਚਲਾਇਆ ਗਿਆ ਸੀ ਤਾਂ ਜੋ ਲੋਕਾਂ ਨੂੰ ਆਵਾਜਾਈ ਦਾ ਸਸਤਾ ਸਾਧਨ ਮੁਹੱਈਆ ਕਰਵਾਇਆ ਜਾ ਸਕੇ। ਨਗਰ ਨਿਗਮ ਨੇ ਉਕਤ ਬੱਸਾਂ ਦੀ ਖਰੀਦ ਤੋਂ ਬਾਅਦ ਇਨ੍ਹਾਂ ਨੂੰ ਚਲਾਉਣ ਲਈ ਇਕ ਸਮਝੌਤੇ ਦੇ ਤਹਿਤ ਪੀ. ਆਰ. ਟੀ. ਸੀ. ਨੂੰ ਸੌਂਪ ਦਿੱਤੀਆਂ ਸਨ। ਉਕਤ ਬੱਸਾਂ ਸ਼ੁਰੂ ਵੀ ਹੋ ਗਈਆਂ ਸਨ ਅਤੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲਣ ਲੱਗਿਆ ਸੀ। ਇਨ੍ਹਾਂ ਬੱਸਾਂ 'ਚ ਕੁਝ ਬੱਸਾਂ ਸ਼ਹਿਰ ਤੋਂ ਇਲਾਵਾ ਨਜ਼ਦੀਕੀ ਸਟੇਸ਼ਨਾਂ ਗੋਨਿਆਣਾ, ਭੁੱਚੋ, ਸੰਗਤ ਆਦਿ 'ਚ ਵੀ ਜਾਂਦੀਆਂ ਸਨ ਪਰ ਇਨ੍ਹਾਂ ਇਲਾਕਿਆਂ 'ਚ ਨਿੱਜੀ ਮਿੰਨੀ ਬੱਸ ਆਪ੍ਰੇਟਰਾਂ ਦਾ ਦਬਦਬਾ ਹੋਣ ਕਾਰਨ ਸਿਟੀ ਬੱਸਾਂ ਘਾਟੇ 'ਚ ਜਾਣ ਲੱਗੀਆਂ ਹਨ।
ਸ਼ਹਿਰ 'ਚ ਚੱਲਣ ਵਾਲੀਆਂ ਬੱਸਾਂ ਵੀ ਬੰਦ
ਬੇਸ਼ੱਕ ਨਿੱਜੀ ਆਪ੍ਰੇਟਰਾਂ ਅਤੇ ਪੀ. ਆਰ. ਟੀ. ਸੀ. ਵਿਚਕਾਰ ਬਾਹਰੀ ਦੂਰ-ਦੁਰਾਡੇ ਰੂਟਾਂ ਨੂੰ ਲੈ ਕੇ ਵਿਵਾਦ ਸੀ ਪਰ ਇਸ ਵਿਵਾਦ ਕਾਰਨ ਸ਼ਹਿਰ 'ਚ ਚੱਲਣ ਵਾਲੀਆਂ ਬੱਸਾਂ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਰੂਟਾਂ ਤੋਂ ਚੱਲਣ ਵਾਲੀਆਂ ਨਿੱਜੀ ਬੱਸਾਂ ਕਾਰਨ ਸਿਟੀ ਬੱਸ ਸੇਵਾ ਦੀ ਕਮਾਈ 'ਤੇ ਡੂੰਘਾ ਅਸਰ ਪਿਆ ਹੈ, ਜਿਸ ਨਾਲ ਇਨ੍ਹਾਂ ਬੱਸਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਉਕਤ ਬੱਸਾਂ ਕਾਰਨ ਰੋਜ਼ਾਨਾ 50 ਤੋਂ 60 ਹਜ਼ਾਰ ਰੁਪਏ ਹੀ ਕਮਾਈ ਹੋ ਰਹੀ ਹੈ, ਜਦਕਿ ਇਨ੍ਹਾਂ ਦਾ ਖਰਚਾ ਜ਼ਿਆਦਾ ਪੈ ਰਿਹਾ ਸੀ। ਅਜਿਹੇ 'ਚ ਇਨ੍ਹਾਂ ਬੱਸਾਂ ਨੂੰ ਬੰਦ ਕਰਨ ਦੇ ਸਿਵਾਏ ਹੋਰ ਕੋਈ ਰਸਤਾ ਨਹੀਂ ਸੀ।
ਸਿਆਸੀ ਗਲਿਆਰਿਆਂ 'ਚ ਵੀ ਪਹੁੰਚਿਆ ਮਾਮਲਾ
ਇਸ ਮਾਮਲੇ 'ਚ ਬਿਨਾਂ ਪਰਮਿਟ ਜਾਂ ਪਰਮਿਟ ਤੋਂ ਬਾਹਰ ਚੱਲ ਰਹੀਆਂ ਨਿੱਜੀ ਬੱਸਾਂ 'ਚੋਂ ਕੁਝ 'ਤੇ ਕਾਰਵਾਈ ਵੀ ਕੀਤੀ ਗਈ ਸੀ, ਜਿਸ ਕਾਰਨ ਨਿੱਜੀ ਬੱਸ ਆਪ੍ਰੇਟਰਾਂ 'ਚ ਰੋਸ ਫੈਲ ਗਿਆ ਅਤੇ ਮਾਮਲਾ ਸਿਆਸੀ ਗਲਿਆਰਿਆਂ ਤੱਕ ਪਹੁੰਚਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਵੀ ਇਸ ਮਾਮਲੇ 'ਚ ਆਇਆ, ਜਿਸ ਕਾਰਨ ਪੀ. ਆਰ. ਟੀ. ਸੀ. ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤੇ। ਬਾਅਦ 'ਚ 'ਉੱਪਰੋਂ' ਹੁਕਮ ਆਉਣ 'ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਿੱਜੀ ਬੱਸ ਆਪ੍ਰੇਟਰਾਂ, ਪੀ. ਆਰ. ਟੀ. ਸੀ. ਅਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਮਸਲੇ ਨੂੰ ਠੰਡਾ ਕਰ ਦਿੱਤਾ। ਹਾਲਾਂਕਿ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ, ਜਿਸ ਕਾਰਨ ਉਕਤ ਸਿਟੀ ਬੱਸ ਸੇਵਾ ਪਿਛਲੇ ਲਗਭਗ ਡੇਢ ਮਹੀਨੇ ਤੋਂ ਠੱਪ ਹੈ।
ਬਿਨਾਂ ਪਰਮਿਟ ਜਾਂ ਅੱਧੇ ਅਧੂਰੇ ਪਰਮਿਟ ਨਾਲ ਚੱਲ ਰਹੀਆਂ ਨਿੱਜੀ ਮਿੰਨੀ ਬੱਸਾਂ ਕਾਰਨ ਇਹ ਸਰਕਾਰੀ ਬੱਸ ਸੇਵਾ ਘਾਟੇ 'ਚ ਜਾ ਰਹੀ ਹੈ, ਜਦ ਤੱਕ ਉਕਤ ਨਿੱਜੀ ਮਿੰਨੀ ਬੱਸਾਂ ਬੰਦ ਨਹੀਂ ਹੁੰਦੀਆਂ, ਤਦ ਤੱਕ ਇਨ੍ਹਾਂ ਸਿਟੀ ਬੱਸਾਂ ਨੂੰ ਨਹੀਂ ਚਲਾਇਆ ਜਾ ਸਕਦਾ।'
-ਸੁਰਿੰਦਰ ਸਿੰਘ, ਜੀ. ਐੱਮ., ਪੀ. ਆਰ. ਟੀ. ਸੀ.।
''ਬੱਸਾਂ ਦੇ ਨਾ ਚੱਲਣ ਨਾਲ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਇਸ ਮਸਲੇ ਦਾ ਹੱਲ ਜਲਦ ਕਰਨ ਲਈ ਲਿਖਿਆ ਗਿਆ ਹੈ। ਬੱਸਾਂ ਵੀ ਖੜ੍ਹੀਆਂ-ਖੜ੍ਹੀਆਂ ਖਰਾਬ ਹੋ ਰਹੀਆਂ ਹਨ, ਜਿਸ ਕਾਰਨ ਜਲਦ ਹੀ ਇਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਵਾਇਆ ਜਾਵੇਗਾ।'
-ਬਲਵੰਤ ਰਾਏ ਨਾਥ, ਮੇਅਰ ਨਗਰ ਨਿਗਮ।
''ਪੀ. ਆਰ. ਟੀ. ਸੀ. ਦੇ ਨਾਲ ਉਕਤ ਬੱਸਾਂ ਨੂੰ ਚਲਾਉਣ ਨੂੰ ਲੈ ਕੇ ਬਕਾਇਦਾ ਸਮਝੌਤਾ ਕੀਤਾ ਗਿਆ ਹੈ, ਜਿਸ ਕਾਰਨ ਪੀ. ਆਰ. ਟੀ. ਸੀ. ਨੂੰ ਇਹ ਬੱਸਾਂ ਚਲਾਉਣੀਆਂ ਹੀ ਪੈਣਗੀਆਂ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਹੋਵੇ ਤਾਂ ਕਿ ਬੱਸਾਂ ਦੁਬਾਰਾ ਚਾਲੂ ਹੋ ਸਕਣ। '
-ਸੰਯਮ ਅਗਰਵਾਲ, ਕਮਿਸ਼ਨਰ ਨਗਰ ਨਿਗਮ।
'ਮੋਟਾਪੇ' ਕਾਰਨ ਸਰੀਰ ਹੋ ਗਿਐ ਬੇਡੌਲ ਤਾਂ ਇਹ ਚੀਜ਼ਾਂ ਬਣਾ ਦੇਣਗੀਆਂ ਸਲਿੱਮ-ਟਰਿੱਮ!
NEXT STORY