ਮੋਗਾ (ਗੋਪੀ ਰਾਊਕੇ) - ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਕਮਿਸ਼ਨਰ ਨਗਰ ਨਿਗਮ ਮੋਗਾ ਜਗਵਿੰਦਰਜੀਤ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਲਈ ਨਗਰ ਨਿਗਮ ਮੋਗਾ ਦੀ ਟੀਮ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪੁਰਾਣੀ ਸਬਜ਼ੀ ਮੰਡੀ ਮੋਗਾ ਦੇ ਦੁਕਾਨਦਾਰ ਪਰਮਿੰਦਰ ਕੁਮਾਰ ਪਾਸੋਂਂ 80 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ। ਇਸ ਮਿਸ਼ਨ ਲਈ ਨਗਰ ਨਿਗਮ ਮੋਗਾ ਦੇ ਸੈਨੀਟਰੀ ਇੰਸਪੈਕਟਰ ਸੁਮਨ ਕੁਮਾਰ, ਇੰਸਪੈਕਟਰ ਅਰਜਨ ਸਿੰਘ, ਵਿਕਾਸ ਸ਼ਰਮਾ ਅਤੇ ਜਗਸੀਰ ਸਿੰਘ ਦੀ ਟੀਮ ਨੇ ਸਬਜ਼ੀ ਮੰਡੀ ’ਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਕਈ ਦੁਕਾਨਦਾਰ ਕੁਦਰਤੀ ਤੌਰ ’ਤੇ ਗਲਣਸ਼ੀਲ ਲਿਫਾਫਿਆਂ ਦੀ ਵਰਤੋਂ ਕਰਦੇ ਵੀ ਪਾਏ ਗਏ। ਸੈਨੀਟਰੀ ਇੰਸਪੈਕਟਰ ਸੁਮਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਇਹ ਮੁਹਿੰਮ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸ਼ੁਰੂ ਕੀਤੀ ਗਈ ਹੈ ਪ੍ਰੰਤੂ ਦੁਕਾਨਦਾਰਾਂ ਨੂੰ ਬਹੁਤ ਹੀ ਸੁਹਿਰਦ ਅਤੇ ਦੋਸਤਾਨਾ ਤਰੀਕੇ ਨਾਲ ਭਵਿੱਖ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰ ਕੇ ਕੁਦਰਤੀ ਤੌਰ ’ਤੇ ਗਲਣਸ਼ੀਲ ਲਿਫਾਫਿਆਂ ਦੀ ਵਰਤੋਂ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਦਰਤੀ ਤੌਰ ’ਤੇ ਗਲਣਸ਼ੀਲ ਲਿਫਾਫੇ ਬਣਾਉਣ ਤੇ ਵੇਚਣ ਵਾਲੀਆਂ ਇਕਾਈਆਂ ਬਾਰੇ ਵੀ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਦਰਸਾਉਂਦੇ ਅਤੇ ਗਾਹਕਾਂ ਨੂੰ ਆਪਣਾ ਥੈਲਾ ਨਾਲ ਲੈ ਕੇ ਆਉਣ ਲਈ ਪ੍ਰੇਰਿਤ ਕਰਦੇ ਡਿਸਪਲੇਅ ਬੋਰਡ ਲਾਉਣ ਦੀ ਵੀ ਹਦਾਇਤ ਕੀਤੀ ਜਾ ਰਹੀ ਹੈ।
ਮੰਗਾਂ ਨਾ ਮੰਨਣ ਦੇ ਰੋਸ ਵਜੋਂ ਡਾਕ ਸੇਵਕਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY