ਮਾਛੀਵਾੜਾ ਸਾਹਿਬ (ਟੱਕਰ) : ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਮਾਛੀਵਾੜਾ ਪ੍ਰਧਾਨ ਅਤੇ ਭਾਰੀ ਬਹੁਮਤ ਨਾਲ ਕੌਂਸਲਰ ਚੁਣੇ ਜਾਣ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਇਕ ਵਧੀਆ ਉਪਰਾਲਾ ਕਰਦਿਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਸ੍ਰੀ ਗੁਰੂ ਰਵਿਦਾਸ ਜੀ ਸਿੰਗਲ ਵਿੰਡੋ ਖੋਲੀ ਗਈ ਸੀ ਜਿਸ ਦਾ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਅਚਨਚੇਤ ਜਾਇਜ਼ਾ ਲਿਆ ਗਿਆ। ਨਗਰ ਕੌਂਸਲ ਵਿੰਡੋ ਵਿਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਉਨ੍ਹਾਂ ਨੂੰ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਿੱਧੇ ਤੌਰ ’ਤੇ ਫੋਨ ਲਗਾ ਕੇ ਪੁੱਛਿਆ ਕਿ ਉਨ੍ਹਾਂ ਦੇ ਕੰਮ ਹੋ ਗਏ ਹਨ। ਸਮੱਸਿਆਵਾਂ ਦਾ ਹੱਲ ਹੋਣ ’ਤੇ ਲੋਕਾਂ ਨੇ ਵਿਧਾਇਕ ਦਿਆਲਪੁਰਾ ਨੂੰ ਨਗਰ ਕੌਂਸਲਰ ਦੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਿੰਗਲ ਵਿੰਡੋ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਈ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਚੱਕਰ ਨਹੀਂ ਮਾਰਨੇ ਪੈਂਦੇ। ਸ਼ਿਕਾਇਤਾਂ ਦਾ ਹੱਲ ਹੋਣ ’ਤੇ ਲੋਕਾਂ ਨੇ ਕਿਹਾ ਕਿ ਇਹ ਸਿੰਗਲ ਵਿੰਡੋ ਦੀ ਸਹੂਲਤ ਨਾਲ ਕੁਝ ਹੀ ਘੰਟਿਆਂ ਅੰਦਰ ਉਨ੍ਹਾਂ ਦੀ ਸੀਵਰੇਜ, ਗਲੀਆਂ ਨਾਲੀਆਂ ਦੀ ਸਫ਼ਾਈ, ਸਟਰੀਟ ਲਾਈਟ, ਗੰਦੇ ਪਾਣੀ ਦੀ ਨਿਕਾਸੀ ਆਦਿ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। ਇੱਥੋਂ ਤੱਕ ਕਿ ਜੋ ਉਨ੍ਹਾਂ ਦੇ ਹੋਰ ਕੰਮਾਂ ਦੀਆਂ ਫਾਈਲਾਂ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਸਨ ਉਨ੍ਹਾਂ ਦਾ ਵੀ ਕੰਮ ਹੋਣਾ ਸ਼ੁਰੂ ਹੋ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਮੂਹ ਕੌਂਸਲਰਾਂ ਦੀ ਟੀਮ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨਾ ਅਤੇ ਜੋ ਸਹੂਲਤਾਂ ਹਨ ਉਸਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਜਿਸ ਲਈ ਨਗਰ ਕੌਂਸਲ ਮਾਛੀਵਾੜਾ ਵਚਨਬੱਧ ਹੈ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕੁਝ ਸ਼ਿਕਾਇਤਾਂ ਅਜਿਹੀਆਂ ਹਨ ਜਿਸ ਵਿਚ ਖਸਤਾ ਹਾਲਤ ਸੜਕਾਂ ਦੀ ਮੁਰੰਮਤ, ਨਵੀਂ ਸਟਰੀਟ ਲਾਈਟ ਅਤੇ ਹੋਰ ਵਿਕਾਸ ਕੰਮ ਹਨ ਜਿਸ ਸਬੰਧੀ ਲੋਕਾਂ ਦੀ ਮੰਗ ਅਨੁਸਾਰ ਟੈਂਡਰ ਲਗਾਏ ਜਾ ਰਹੇ ਹਨ ਜੋ ਜਲਦ ਸ਼ੁਰੂ ਹੋ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਹੁਣ ਤੱਕ ਸਿੰਗਲ ਵਿੰਡੋ ਵਿਚ ਸਵਾ ਮਹੀਨੇ ਦੇ ਕਾਰਜਕਾਲ ਦੌਰਾਨ 300 ਤੋਂ ਵੱਧ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਜਿਨ੍ਹਾਂ ’ਚੋਂ 90 ਫੀਸਦੀ ਦਾ ਹੱਲ ਹੋ ਚੁੱਕਾ ਹੈ ਅਤੇ ਬਾਕੀ 10 ਪ੍ਰਤੀਸ਼ਤ ਦਾ ਕੰਮ ਟੈਂਡਰ ਲਗਾਉਣ ਤੋਂ ਬਾਅਦ ਪੂਰਾ ਕੀਤਾ ਜਾਵੇਗਾ।
ਪੰਥਕ ਏਕਤਾ 'ਤੇ ਸਿਰ ਜੋੜਨਾ ਹੁਣ ਸਮੇਂ ਦੀ ਲੋੜ : ਜਥੇ. ਗੜਗੱਜ
NEXT STORY