ਭਵਾਨੀਗਡ਼੍ਹ, (ਅੱਤਰੀ)- ਡੀਜ਼ਲ ਦੀਆਂ ਲਗਾਤਾਰ ਵੱਧ ਰਹੀਅਾਂ ਕੀਮਤਾਂ ਅਤੇ ਥਾਂ-ਥਾਂ ਲੱਗੇ ਟੋਲ ਪਲਾਜ਼ਿਆਂ ਤੋਂ ਤੰਗ ਆਏ ਟਰੱਕ ਅਾਪ੍ਰੇਟਰਾਂ ਨੇ ਸੋਮਵਾਰ ਨੂੰ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਮੈਂਬਰ ਕਾ. ਪ੍ਰੇਮ ਸਿੰਘ ਬਨੂਡ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਤੇਲ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਵਾਧੇ ਕਾਰਨ ਟਰੱਕ ਆਪ੍ਰੇਟਰਾਂ ਦਾ ਕਾਰੋਬਾਰ ਠੱਪ ਹੋਣ ਕੰਢੇ ਹੈ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਮੰਗ ਕੀਤੀ ਗਈ ਸੀ ਕਿ ਸਡ਼ਕਾਂ ’ਤੇ ਥਾਂ-ਥਾਂ ਲਾਏ ਗਏ ਟੋਲ ਪਲਾਜ਼ੇ ਬੰਦ ਕੀਤੇ ਜਾਣ ਪਰ ਉਨ੍ਹਾਂ ਨੇ ਇਸ ਮੰਗ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਨਵਾਂ ਟੋਲ ਪਲਾਜ਼ਾ ਲਾਉਣ ਵੇਲੇ ਉਸ ਦੀ ਮਿਆਦ ਸਿਰਫ 3 ਸਾਲ ਤੈਅ ਕੀਤੀ ਜਾਂਦੀ ਹੈ ਜਦੋਂਕਿ ਪੰਜਾਬ ਵਿਚ ਬਹੁਤੇ ਟੋਲ ਪਲਾਜ਼ੇ ਤਿੰਨ ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ। ਉਸ ਤੋਂ ਬਾਅਦ ਵੀ ਲੋਕਾਂ ਦੀ ਲੁੱਟ ਜਾਰੀ ਹੈ। ਟਰੱਕ ਆਪ੍ਰੇਟਰਾਂ ਨੂੰ 8 ਰੁਪਏ ਪ੍ਰਤੀ ਕਿਲੋਮੀਟਰ ਰੋਡ ਟੈਕਸ ਭੁਗਤਣਾ ਪੈ ਰਿਹਾ ਹੈ, ਉਪਰੋ ਟੋਲ ਟੈਕਸਾਂ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਟਰੱਕ ਮਾਲਕਾਂ ਵੱਲੋਂ 60 ਹਜ਼ਾਰ ਕਰੋਡ਼ ਰੁਪਏ ਰੋਡ ਟੈਕਸ ਦੇ ਰੂਪ ਵਿਚ ਭੁਗਤਾਨ ਕੀਤੇ ਜਾ ਰਹੇ ਹਨ। ਕਾ. ਬਨੂਡ਼ ਨੇ ਕਿਹਾ ਕਿ ਇੰਟਰਨੈਸ਼ਨਲ ਮਾਰਕੀਟ ’ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਵਾਧੂ ਟੈਕਸ ਲਾ ਕੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਇੱਕਾ-ਦੁੱਕਾ ਚੱਲਣ ਵਾਲੇ ਟਰੱਕਾਂ ਨੂੰ ਰੋਕਣ ਦਾ ਐਲਾਨ : ਅਖੀਰ ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰਾਂ ਵਿਚ ਜੋ ਇੱਕਾ-ਦੁੱਕਾ ਟਰੱਕ ਆਪਣੀ ਮਰਜ਼ੀ ਨਾਲ ਚੱਲ ਰਹੇ ਹਨ, ਉਸ ਸਬੰਧੀ 24 ਜੁਲਾਈ ਨੂੰ ਸ਼ੰਭੂ ਬੈਰੀਅਰ ’ਤੇ ਇਕ ਵੱਡਾ ਇਕੱਠ ਕਰ ਕੇ ਆਪ੍ਰੇਟਰਾਂ ਨੂੰ ਰੋਕਿਆ ਜਾਵੇਗਾ ਤਾਂ ਜੋ ਆਪਣੀ ਹਡ਼ਤਾਲ ਸਫਲ ਹੋ ਸਕੇ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ, ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ, ਨਰਿੰਦਰ ਸਿੰਘ ਬਲਿਆਲ, ਗੋਗੀ ਨਰੈਣਗਡ਼੍ਹ, ਪਾਲ ਸਿੰਘ ਪ੍ਰਧਾਨ ਪਟਿਆਲਾ, ਹਰਵਿੰਦਰ ਸਿੰਘ ਬਾਲੀਆਂ ਪ੍ਰਧਾਨ ਰਾਜਪੁਰਾ ਟਰੱਕ ਯੂਨੀਅਨ ਸਮੇਤ ਵੱਡੀ ਗਿਣਤੀ ’ਚ ਟਰੱਕ ਆਪ੍ਰੇਟਰਜ਼ ਹਾਜ਼ਰ ਸਨ।
ਪ੍ਰਾਈਵੇਟ ਸਕੂਲ ਨੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ
NEXT STORY