ਮੋਗਾ (ਸੰਦੀਪ)-ਸ਼ਹਿਰ ਵਾਸੀਆਂ ਨੇ ਆਪਣੇ ਮਨਾਂ ’ਚ ਲੁਧਿਆਣਾ-ਮੋਗਾ-ਫਿਰੋਜ਼ਪੁਰ ਹਾਈਵੇ ਦੀ ਉਸਾਰੀ ਨੂੰ ਲੈ ਕੇ ਅਤੇ ਇਸ ਹਾਈਵੇ ’ਤੇ ਬਣ ਰਹੇ ਪੁਲਾਂ ਨਾਲ ਹੈਵੀ ਟਰੈਫਿਕ ਤੋਂ ਰਾਹਤ ਪਾਉਣ ਬਾਰੇ ਬਹੁਤ ਵੱਡੀਆਂ ਉਮੀਦਾਂ ਪਾਲ ਰੱਖੀਆਂ ਸਨ ਪਰ ਪਹਿਲਾਂ ਤਾਂ ਹਾਈਵੇ ਦੀ ਕਛੂਆ ਚਾਲ ਉਸਾਰੀ ਨੇ ਲੋਕਾਂ ਦੇ ਦਿਲ ਤੋਡ਼ ਦਿੱਤੇ ਸਨ ਅਤੇ ਹੁਣ ਇਸ ਦੇ ਉਸਾਰੀ ਦੇ ਕੰਮ ਲਗਭਗ ਮੁਕੰਮਲ ਹੋਣ ਤੋਂ ਬਾਅਦ ਇਸ ਦੀ ਉਸਾਰੀ ’ਚ ਵਰਤੀਆਂ ਗਈਆਂ ਬੇਨਿਯਮੀਆਂ ਅਤੇ ਸਰਵਿਸ ਮਾਰਗਾਂ ਦੀ ਖਸਤਾ ਹਾਲਤ ਕਾਰਨ ਹੁੰਦੇ ਹਾਦਸਿਆਂ ਨਾਲ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾ ਨੇ ਸਮੇਤ ਵਕੀਲ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੋਗਾ-ਲੁਧਿਆਣਾ-ਫਿਰੋਜ਼ਪੁਰ ’ਤੇ ਗਲਤ ਢੰਗਾਂ ਅਤੇ ਘਟੀਆ ਮਟੀਰੀਅਲ ਦੀ ਵਰਤੋਂ ਨਾਲ ਉਸਾਰੇ ਗਏ ਹਾਈਵੇ ਪੁਲਾਂ ਨੇ ਜਿਥੇ ਲੋਕਾਂ ਦੀਆਂ ਉਮੀਦਾ ’ਤੇ ਪਾਣੀ ਫੇਰ ਦਿੱਤਾ ਹੈ, ਉਥੇ ਹੀ ਇਸ ਹਾਈਵੇ ਦੀ ਉਸਾਰੀ ਦੌਰਾਨ 5 ਲੱਖ ਆਬਾਦੀ ਵਾਲੇ ਮੋਗਾ ਸ਼ਹਿਰ ਨੂੰ ਵੀ ਦੋ ਭਾਗਾਂ ’ਚ ਵੰਡ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਦੇ ਧਿਆਨ ’ਚ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲ ਰਿਹਾ, ਜਿਸ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੇ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ’ਚ ਵਕੀਲ ਭਾਈਚਾਰਾ, ਮੋਟਰ ਮਕੈਨੀਕਲ ਯੂਨੀਅਨ, ਕਾਰ ਬਾਜ਼ਾਰ ਯੂਨੀਅਨ, ਵਿਸ਼ਵਕਰਮਾ ਆਟੋ ਯੂਨੀਅਨ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਇਸ ਖਿਲਾਫ ਇਕ ਪਲੇਟਫਾਰਮ ’ਤੇ ਇਕਜੁੱਟ ਹੋਣ ਦਾ ਫੈਸਲਾ ਕੀਤਾ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਅਧੀਨ ਸਮੂਹ ਸ਼ਹਿਰ ਵਾਸੀਆਂ ਵੱਲੋਂ 8 ਫਰਵਰੀ ਨੂੰ ਜਿਥੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਉਥੇ ਹੀ ਜੇਕਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਖਡ਼੍ਹੀ ਕਰ ਰਹੇ ਸ਼ਹਿਰ ਦੇ ਦੋ ਭਾਗਾਂ ਨੂੰ ਇਕ ਕਰਨ ਲਈ ਰਸਤੇ ਨਾ ਦੇਣ ਲਈ ਸਹਿਯੋਗ ਕੀਤਾ ਗਿਆ ਤਾਂ ਸ਼ਹਿਰ ਵਾਸੀ ਇਸ ਲਈ ਖੁਦ ਹੀ ਇਕੱਠੇ ਹੋ ਕੇ ਹਾਈਵੇ ਸਡ਼ਕ ’ਤੇ ਆਪਣੀ ਸਹੂਲਤ ਨੂੰ ਦੇਖਦੇ ਹੋਏ ਸਥਾਨਕ ਦੱਤ ਰੋਡ ਅਤੇ ਸਮਰਾਟ ਹੋਟਲ ਦੇ ਸਾਹਮਣੇ ਹਾਈਵੇ ’ਤੇ ਬਣੇ ਡਿਵਾਈਡਰ ਤੋਡ਼ ਕੇ ਰਸਤਾ ਬਣਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਐੱਸ.ਐੱਲ. ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਦੇ ਸਿਆਸੀ ਰਸੂਖ ਕਰਕੇ ਜ਼ਿਲਾ ਪ੍ਰਸ਼ਾਸਨ ਵੀ ਕੋਈ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਮਜਬੂਰੀਵੱਸ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਿਵਲ ਪਟੀਸ਼ਨ ਵੀ ਕੀਤੀ ਜਾਵੇਗੀ ਦਾਇਰ ਇਸ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਖਿਲਾਫ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸ਼ਹਿਰ ਦੇ ਨਾਮੀ ਵਕੀਲ ਸੁਨੀਲ ਜੈਸਵਾਲ ਰਾਹੀਂ ਇਸ ਖਿਲਾਫ ਸਿਵਲ ਪਟੀਸ਼ਨ ਵੀ ਦਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ।ਐਡਵੋਕੇਟ ਰਾਜਪਾਲ ਸ਼ਰਮਾ ਵੱਲੋਂ ਵਕੀਲ ਭਾਈਚਾਰੇ ਨਾਲ ਮਿਲ ਕੇ ਸਿਆਸੀ, ਗੈਰ ਸਿਆਸੀ, ਸਮਾਜ ਸੇਵੀ ਅਤੇ ਸਾਰੇ ਸ਼ਹਿਰ ਵਾਸੀ, ਸਮੂਹ ਕੌਂਸਲਰਾਂ ਨੂੰ ਸਾਂਝੇ ਤੌਰ ’ਤੇ ਇਸ ਮਸਲੇ ਦੇ ਹੱਲ ਲਈ ਇਕ ਪਲੇਟ ਫਾਰਮ ’ਤੇ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਨੂੰ ਸ਼ਹਿਰ ਵਾਸੀਆਂ ਦੇ ਹੱਕ ’ਚ ਸਟੈਂਡ ਲੈਣ ਅਤੇ ਇਸ ਮੁਹਿੰਮ ’ਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਐਡਵੋਕੇਟ ਪ੍ਰਧਾਨ ਰਾਜਪਾਲ ਸ਼ਰਮਾ, ਐਡਵੋਕੇਟ ਚੰਦਰ ਪ੍ਰਕਾਸ਼, ਐਡਵੋਕੇਟ ਵਾਸੂਦੇਵ ਇੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਪਾਸੀ, ਐਡਵੋਕੇਟ ਜਗਦੇਵ ਸਿੰਘ ਗਿੱਲ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਐਡਵੋਕੇਟ ਪਵਨ ਸ਼ਰਮਾ, ਐਡਵੋਕੇਟ ਰਾਜੇਸ਼ ਰਿਹਾਨ, ਐਡਵੋਕੇਟ ਐੱਸ.ਐੱਸ. ਸਿੱਧੂ, ਐਡਵੋਕੇਟ ਜਤਿੰਦਰ ਕਿੰਗਰਾ, ਐਡਵੋਕੇਟ ਹਰਦੀਪ ਸਿੰਘ ਲੋਧੀ, ਐਡਵੋਕੇਟ ਵਿਕਰਾਂਤ ਸ਼ਰਮਾ, ਐਡਵੋਕੇਟ ਗਗਨਦੀਪ ਸਿੰਘ ਬਰਾਡ਼, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਮੋਗਾ ਮੋਟਰ ਮਕੈਨੀਕਲ ਯੂਨੀਅਨ ਦੇ ਪ੍ਰਧਾਨ ਸਰੂਪ ਸਿੰਘ ਤੋਂ ਇਲਾਵਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਕੀਲ ਭਾਈਚਾਰਾ ਹਾਜ਼ਰ ਸੀ।
ਲਾਪਤਾ ਨੌਜਵਾਨ ਦਾ ਨਹੀਂ ਲੱਗਾ ਕੋਈ ਸੁਰਾਗ
NEXT STORY