ਮੋਗਾ (ਬਾਵਾ/ਜਗਸੀਰ)-ਲੋਕ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਜਿਥੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ’ਚ ਵਫਾਦਾਰੀਆ ਬਦਲ ਦਾ ਦੌਰ ਜੋਬਨ ’ਤੇ ਹੈ। ਲੋਕ ਸਭਾ ਹਲਕਾ ਫਰੀਦਕੋਟ ਸੀਟ ’ਤੇ ਆਪਣਾ ਦਾਅਵਾ ਜਤਾਉਣ ਲਈ ਪ੍ਰਮੁੱਖ ਲੀਡਰਾਂ ਵਲੋਂ ਘਰ ਵਾਪਸੀ ਅਤੇ ਪਾਰਟੀਆਂ ਬਦਲਣ ਦਾ ਦੌਰ ਜਾਰੀ ਹੈ। ਕਿਸੇ ਸਮੇਂ ਅਕਾਲੀ ਪੱਖੀ ਸਮਝੀ ਜਾਂਦੀ ਲੋਕ ਸਭਾ ਹਲਕਾ ਫਰੀਦਕੋਟ ਦੀ ਪਾਰਲੀਮਾਨੀ ਸੀਟ ’ਤੇ ਇਸ ਵਾਰ ਬੇਅਦਬੀ ਕਾਂਡ ਦਾ ਪਰਛਾਵਾ ਪੈਣ ਕਾਰਨ ਇਸ ਸੀਟ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਗੱਡੀਆਂ ਹੋਈਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਵਿਧਾਨ ਸਭਾ ਚੋਣਾਂ ਦੌਰਾਨ ਇਸ ਪਾਰਲੀਮੈਂਟ ਹਲਕੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਬੇਅਦਬੀ ਦਾ ਸੇਕ ਆਪਣੇ ਪਿੰਡੇ ’ਤੇ ਹੰਢਾ ਚੁੱਕਾ ਹੈ ਇਸ ਪਰਲੀਮਾਨੀ ਹਲਕੇ ਦੀਆਂ ਸਾਰੀਆਂ ਸੀਟਾਂ ਤੋਂ ਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਬਹਿਬਲ ਕਲਾਂ, ਬਰਗਾਡ਼ੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਕੋਟਕਪੂਰਾ ਇਸੇ ਲੋਕ ਸਭਾ ਹਲਕੇ ਦੇ ਪਿੰਡ ਹਨ, ਜਿਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਨ੍ਹਾਂ ਘਟਨਾਵਾਂ ਨੇ ਦੁਨੀਆਂ ਭਰ ’ਚ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਦਿੱਤੇ ਸਨ। ਬੇਅਦਬੀ ਕਾਂਡ ਨਾਲ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਖੁਰ ਚੁੱਕੀ ਸਿਆਸੀ ਸ਼ਾਖ ਦੀ ਬਹਾਲੀ ਲਈ ਕੁਝ ਦਿਨ ਪਹਿਲਾ ਸਾਬਕਾ ਕਾਂਗਰਸੀ ਵਿਧਾਇਕ ਤੇ 2014 ’ਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ’ਤੇ ਪਾਰਲੀਮੈਂਟ ਚੋਣ ਲਡ਼ਨ ਵਾਲੇ ਜੋਗਿੰਦਰ ਸਿੰਘ ਪੰਜਗਰਾਈਆਂ ਨੂੰ ਦਲ ’ਚ ਸ਼ਾਮਲ ਕਰ ਲਿਆ ਸੀ ਤੇ ਪੰਜਗਰਾਈਆਂ ਨੂੰ ਹੀ ਦਲ ਵੱਲੋਂ ਲੋਕ ਸਭਾ ਚੋਣ ਲਡ਼ਾਉਣ ਦੇ ਅੰਦਾਜ਼ੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਪਛਾਡ਼ ਕਿ ਜਿੱਤ ਦਰਜ ਕਰਨ ਵਾਲੇ ਮੌਜੂਦਾ ਸੰਸਦ ਸਾਧੂ ਸਿੰਘ ਨੂੰ ਆਮ ਆਦਮੀ ਪਾਰਟੀ ਪਹਿਲਾ ਹੀ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਦੂਸਰੇ ਪਾਸੇ ਆਮ ਆਦਮੀ ਤੋਂ ਬਾਗੀ ਹੋ ਕੇ ਪੰਜਾਬੀ ਏਕਤਾ ਬਣਾਉਣ ਸੁਖਪਾਲ ਸਿੰਘ ਖਹਿਰਾ ਧਡ਼ੇ ਵਲੋਂ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਕੇਤ ਹਨ। ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਸੀਟ ਜਿੱਤਣ ਲਈ ਜੋਡ਼-ਤੋਡ਼ ਦੀ ਰਾਜਨੀਤੀ ਸ਼ੁਰੂ ਹੈ, ਭਾਵੇਂ ਇਸ ਸੀਟ ਤੋਂ ਕਾਂਗਰਸ ਵਲੋਂ ਸਾਬਕਾ ਵਿਧਾਇਕ ਤੇ ਗਾਇਕ ਮੁਹੰਮਦ ਸਦੀਕ ਮਜਬੂਰ ਦਾਅਵੇ ਮੰਨੇ ਜਾਂਦੇ ਹਨ ਪਰ ਦੂਸਰੇ ਪਾਸੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਜਿਸ ਨੇ ਕਾਂਗਰਸ ਨੂੰ ਅਲਵਿਦਾ ਕਹਿ ਕਿ ਇਸ ਵਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲਡ਼ੀ ਸੀ ਜੋ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਸੂਤਰਾਂ ਅਨੁਸਾਰ ਹੁਣ ਕਾਂਗਰਸ ਦੇ ਕਈ ਵੱਡੇ ਆਗੂਆਂ ਵਲੋਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਨੂੰ ਲੋਕ ਸਭਾ ਦੀ ਟਿਕਟ ਦਿਵਾਉਣ ਲਈ ਜੋਰ ਅਜ਼ਮਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਅਹਿਮ ਹਲਕਾ ਨਿਹਾਲ ਸਿੰਘ ਵਾਲਾ ’ਚ ਅਜੀਤ ਸਿੰਘ ਸ਼ਾਂਤ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਜਾਂ ਸਕਦੀ ਹੈ ਕਿਉਂਕਿ ਕਿ ਸ਼੍ਰੋਮਣੀ ਅਕਾਲੀ ਦਲ ’ਚੋਂ ਕਾਂਗਰਸ ’ਚ ਸ਼ਾਮਲ ਹੋਈ ਕਾਂਗਰਸ ਦੀ ਟਿਕਟ ’ਤੇ ਲਡ਼ਨ ਵਾਲੀ ਹਲਕਾ ਇੰਚਾਰਜ ਵਜੋਂ ਵਿਚਰ ਰਹੀ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕਾਂਗਰਸੀ ਵਰਕਰਾਂ ਨਾਲ ਸੱਤੀ ਦਾ ਅੰਕਡ਼ਾ ਰਹਿੰਦਾ ਹੈ। ਲੋਕਾਂ ’ਚ ਚਰਚਾ ਹੈ ਕਿ ਕੀ ਆਉਣ ਵਾਲੇ ਦਿਨਾਂ ’ਚ ਕਾਂਗਰਸ ਹਾਈਕਮਾਨ ਹਲਕਾ ਨਿਹਾਲ ਸਿੰਘ ਵਾਲਾ ’ਚ ਆਪਣੀ ਖਿੱਡੀ ਪੁਡੀ ਸ਼ਕਤੀ ਨੂੰ ਇਕੱਠਾ ਕਰਨ ਲਈ ਹਲਕਾ ਨਿਹਾਲ ਸਿੰਘ ਵਾਲਾ ਦੀ ਜ਼ਿੰਮੇਵਾਰੀ ਨਵੇਂ ਆਏ ਆਗੂ ਸਾਬਕਾ ਵਿਧਾਇਕ ਸ਼ਾਂਤ ਦੇ ਮੋਢਿਆਂ ’ਤੇ ਪਾਏਗੀ? ਦੂਸਰੇ ਪਾਸੇ ਲੋਕ ਸਭਾ ਚੋਣਾਂ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਵੀ ਹਲਕਾ ਨਿਹਾਲ ਸਿੰਘ ਵਾਲਾ ’ਚ ਵੱਡੇ ਰਾਜਨੀਤਕ ਆਗੂਆਂ ਨੂੰ ਘਰ ਵਾਪਸੀ ਕਰਵਾ ਕੇ ਜਾਂ ਪਾਰਟੀ ’ਚ ਸ਼ਾਮਲ ਕਰ ਕੇ ਨਵੀਂ ਚਰਚਾ ਛੇਡ਼ ਸਕਦਾ ਹੈ। ਬਾਕੀ ਸਾਰਾ ਭਵਿੱਖ ਦੇ ਗਰਭ ’ਚ ਪਰ ਇਹ ਤਹਿ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਸਿਆਸੀ ਆਗੂਆਂ ਵਲੋਂ ਪਾਲੇ ਬਦਲੇ ਜਾਣਗੇ।
ਵਿਧਾਇਕ ਬਰਾਡ਼ ਵਲੋਂ ਪੰਚਾਇਤਾਂ ਨੂੰ 76 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ
NEXT STORY