ਮੋਗਾ (ਰਾਕੇਸ਼, ਮੁਨੀਸ਼)-ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਮਨਾਈ ਜਾ ਰਹੀ ਜਲਿਆਂਵਾਲਾ ਖੂਨੀ ਕਾਂਡ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਇਸੇ ਲਡ਼ੀ ਤਹਿਤ ਪਿੰਡ ਵੈਰੋਕੇ ਵਿਖੇ ਨਾਟਕ ਕਰਵਾਇਆ ਗਿਆ। ਪਿੰਡਾਂ ਵੈਰੋਕੇ, ਸਮਾਲਸਰ ਤੇ ਲੰਡੇ ਵਿਖੇ ਫੰਡ ਇਕੱਤਰ ਕਰਨ ਦੀ ਮੁਹਿੰਮ ਵੀ ਜਾਰੀ ਹੈ। ਪਿੰਡ ਵੈਰੋਕੇ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਮੌਜੂਦਾ ਨਾ ਬਰਾਬਰੀ ਵਾਲੀ ਸਮਾਜਕ ਵਿਵਸਥਾ ਨੂੰ ਬਦਲ ਕੇ ਇਕ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਦਿਸ਼ਾ ਵੱਲ ਵਧਣ ਦੀ ਮੰਗ ਜ਼ੋਰ ਫਡ਼ ਰਹੀ ਹੈ। ਸਾਡੇ ਦੇਸ਼ ਦੇ ਹਾਕਮਾਂ ਦੀਆਂ ਮਾਡ਼ੀਆਂ ਨੀਤੀਆਂ ਕਾਰਨ ਲੋਕ ਵੱਡੇ ਆਰਥਕ ਸੰਕਟ ਨਾਲ ਜੂਝ ਰਹੇ ਹਨ। ਬੇਰੋਜ਼ਗਾਰ ਨੌਜਵਾਨ ਦਿਸ਼ਾ ਭਟਕ ਕੇ ਗਲਤ ਰਸਤੇ ਤੁਰ ਪਏ ਹਨ, ਨਸ਼ਾ ਤੇ ਗੈਂਗਵਾਰ ਦਾ ਅਸਰ ਵਧ ਰਿਹਾ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਜਿੰਦਰ ਵੈਰੋਕੇ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਟੀਮ ਸਾਂਝੇ ਤੌਰ ’ਤੇ 13 ਅਪ੍ਰੈਲ ਨੂੰ ਸ਼ਹੀਦਾਂ ਦੀ ਯਾਦ ’ਚ ਅੰਮ੍ਰਿਤਸਰ ਦੀ ਧਰਤੀ ’ਤੇ ਇਕ ਵਿਸ਼ਾਲ ਇਕੱਠ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਮਰਾਜ ਵਿਰੁੱਧ ਲੜਾਈ ਜਾਰੀ ਰੱਖਣ ਦਾ ਜਲਿਆਂਵਾਲਾ ਬਾਗ ਹੋਕਾ ਦਿੰਦਾ ਹੈ। ਹਾਕਮ ਆਪਣਾ ਰਾਜ-ਭਾਗ ਕਾਇਮ ਕਰਨ ਲਈ ਪੁਲਵਾਮਾ ਵਰਗੀਆਂ ਘਟਨਾਵਾਂ ਪਿੱਛੇ ਲੁਕ ਰਹੇ ਹਨ ਅਤੇ ਅਜਿਹਾ ਜੰਗ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਵਿਚ ਅਸਲ ਸਮਾਜਕ ਮੁੱਦੇ ਗਾਇਬ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 13 ਅਪ੍ਰੈਲ ਨੂੰ ਵੱਡੀ ਗਿਣਤੀ ’ਚ ਅੰਮ੍ਰਿਤਸਰ ਪਹੁੰਚ ਕੇ ਹਾਕਮਾਂ ਨੂੰ ਸਖਤ ਸੰਦੇਸ਼ ਦੇਣ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚਡ਼ਿੱਕ ਵੱਲੋਂ ਇਨਕਲਾਬੀ ਨਾਟਕ ‘ਲੀਰਾਂ’ ਵੀ ਪੇਸ਼ ਕੀਤਾ ਗਿਆ। ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਰਜਿੰਦਰ ਰਾਜੇਆਣਾ, ਗਗਨ ਸਮਾਲਸਰ, ਸੁਖਚੈਨ ਸਿੰਘ ਰਾਜੇਆਣਾ, ਕਾਲਾ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਬਰਿਜ ਲਾਲ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ ਲੰਡੇ, ਬੂਟਾ ਸਿੰਘ, ਦਲਵੀਰ ਸਿੰਘ ਆਦਿ ਹਾਜ਼ਰ ਸਨ।
ਅਧਿਕਾਰੀ ਦਫਤਰਾਂ ’ਚ ਸਮੇਂ ਸਿਰ ਪੁੱਜਣ ਲਈ ਪ੍ਰਤੀਬੰਦ ਰਹਿਣ : ਵਿਧਾਇਕ ਬਰਾਡ਼
NEXT STORY