ਮੋਹਾਲੀ,(ਪ੍ਰਦੀਪ) : 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ 35 ਮਰੀਜ਼ਾਂ ਨੂੰ ਸ਼ੁੱਕਰਵਾਰ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਮਰੀਜ਼ਾਂ ਨੂੰ ਛੁੱਟੀ ਦੇਣ ਸਬੰਧੀ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ੁੱਕਰਵਾਰ ਨੂੰ ਕੁੱਲ 35 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਹੁਣ 7 ਰਹਿ ਗਈ ਹੈ, ਜਦਕਿ ਕੁੱਲ 95 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ ਹੈ। ਜ਼ਿਲੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 105 ਹੈ। ਉਨ੍ਹਾਂ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਰੀਜ਼ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ 10 ਦਿਨਾਂ ਬਾਅਦ ਜੇ ਉਸ ਅੰਦਰ ਬੀਮਾਰੀ ਦਾ ਕੋਈ ਲੱਛਣ ਨਹੀਂ ਦਿਸਦਾ ਤਾਂ ਉਸ ਨੂੰ ਛੁੱਟੀ ਕੇ ਘਰ ਭੇਜ ਦਿਤਾ ਜਾਵੇ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਘਰਾਂ ਵਿਚ ਘੱਟੋ-ਘੱਟ ਸੱਤ ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਉਨ੍ਹਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰਦੀਆਂ ਰਹਿਣਗੀਆਂ। ਇਹ ਸਾਰੇ ਵਿਅਕਤੀ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਹਨ। ਪਿਛਲੇ ਦਿਨਾਂ ਦੌਰਾਨ 60 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ।
ਠੀਕ ਹੋਏ ਮਰੀਜ਼ਾਂ ਨੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗਾ ਤੇ ਮਿਆਰੀ ਇਲਾਜ ਪ੍ਰਦਾਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਵੀ ਖ਼ਿਆਲ ਰੱਖਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। ਜੇ ਚੰਗੀ ਖ਼ੁਰਾਕ ਖਾਧੀ ਜਾਵੇ ਅਤੇ ਹੋਰ ਸਾਵਧਾਨੀਆਂ ਵਰਤੀਆਂ ਜਾਣ ਤਾਂ ਬੀਮਾਰੀ ਦਾ ਸਹਿਜੇ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ ਅਤੇ ਵਿਅਕਤੀ ਬਹੁਤ ਜਲਦ ਤੰਦਰੁਸਤ ਹੋ ਜਾਂਦਾ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਜ਼ਿਲੇ ਵਿਚ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿਚ ਨਹੀਂ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦੇਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਨਿਕਲਣ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਅਤੇ ਮਾਸਕ ਪਾਉਣ ਲਈ ਵੀ ਆਖਿਆ। ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।
ਪੰਜਾਬ 'ਚ ਠੇਕਿਆਂ 'ਤੇ ਸਵੇਰੇ 10 ਤੋਂ ਰਾਤ 8 ਵਜੇ ਤਕ ਮਿਲੇਗੀ ਸ਼ਰਾਬ
NEXT STORY