ਜਲੰਧਰ : ਵੋਟਾਂ ਦੀ ਗਿਣਤੀ ਵਿਚਾਲੇ ਲਗਾਤਾਰ ਆ ਰਹੇ ਰੁਝਾਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੱਡੀ ਲੀਡ ਮਿਲ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਜਿੱਤ ਦੀ ਤਸਵੀਰ ਵੀ ਸਾਫ ਹੁੰਦੀ ਨਜ਼ਰ ਆ ਰਹੀ ਹੈ। ਇਸ ਸਭ ਦੇ ਵਿਚਕਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਭਗਤ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੇ ਕੰਮਾਂ 'ਤੇ ਮੋਹਰ ਲਗਾਈ ਹੈ। ਇਹ ਵੋਟਾਂ ਉਨ੍ਹਾਂ ਨੂੰ ਹੀ ਪਈਆਂ ਹਨ।ਪਿਛਲੀ ਵਾਰ ਮਿਲੀ ਹਾਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀ ਗੱਲ ਹੈ, ਜਨਤਾ ਆਪਣਾ ਫਤਵਾ ਦਿੰਦੀ ਹੈ। ਜਨਤਾ ਨੇ ਇਸ ਵਾਰ ਆਪਣਾ ਫੈਸਲਾ ਸੁਣਾਇਆ ਹੈ।
ਮਾਨ ਕੈਬਨਿਟ 'ਚ ਮੰਤਰੀ ਬਣਨ ਦੇ ਸਵਾਲ 'ਤੇ ਭਗਤ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣ ਪ੍ਰਚਾਰ ਦੌਰਾਨ ਸੀਐੱਮ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਵਿਧਾਇਕ ਬਣਾਓ ਮੈਂ ਮੰਤਰੀ ਬਣਾਵਾਂਗਾ, ਜਿਸ 'ਤੇ ਭਗਤ ਨੇ ਕਿਹਾ ਕਿ ਸੀ. ਐੱਮ. ਸਾਹਿਬ ਜੋ ਵਾਅਦਾ ਕਰਦੇ ਹਨ, ਉਹ ਉਸਨੂੰ ਜ਼ਰੂਰ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਉਮੀਦਵਾਰ ਭਗਤ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁੱਢਲਿਆਂ ਲੋੜਾਂ ਪੂਰਾ ਕਰਨ 'ਤੇ ਉਨ੍ਹਾਂ ਦਾ ਮੁੱਖ ਫੋਕਸ ਰਹੇਗਾ।
ਜਲੰਧਰ ਜ਼ਿਮਨੀ ਚੋਣ ਨਤੀਜੇ : 'ਆਪ' ਦੇ ਮੋਹਿੰਦਰ ਭਗਤ ਨੂੰ ਵੱਡੀ ਲੀਡ, ਅਕਾਲੀ ਦਲ ਦੀ ਹਾਲਤ ਪਤਲੀ (ਵੀਡੀਓ)
NEXT STORY