ਹੁਸ਼ਿਆਰਪੁਰ, (ਘੁੰਮਣ)- ਆਡ਼੍ਹਤੀਆ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਸੁਧੀਰ ਸੂਦ ਦੀ ਅਗਵਾਈ ’ਚ ਅੱਜ ਕੈਪਟਨ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ ’ਚ ਮਨੀ ਲੈਂਡਿੰਗਐਕਟ ਅਧੀਨ ਸ਼ਾਹੂਕਾਰੀ ਲਾਇਸੈਂਸ ਲੈਣ ਅਤੇ 20 ਫੀਸਦੀ ਫਾਰਮਰ ਵੈੱਲਫੇਅਰ ਟੈਕਸ ਲਾਉਣ ਦੇ ਫੈਸਲੇ ਵਿਰੁੱਧ ਦਾਣਾ ਮੰਡੀ ਬੰਦ ਕਰ ਕੇ ਮੰਡੀ ਬੋਰਡ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਆਡ਼੍ਹਤੀ ਆਗੂਆਂ ਨੇ ਕਿਹਾ ਕਿ ਕਿਸਾਨ ਅਤੇ ਆਡ਼੍ਹਤੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਉੱਪਰੋਂ ਸਰਕਾਰ ਨੇ ਟੈਕਸਾਂ ਦਾ ਹੋਰ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਕਿਸਾਨਾਂ ਦੇ ਹਿੱਤ ’ਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੀ ਲੋਡ਼ ਹੁੰਦੀ ਹੈ ਤਾਂ ਉਨ੍ਹਾਂ ਦੀ ਸਹਾਇਤਾ ਸਭ ਤੋਂ ਪਹਿਲਾਂ ਆਡ਼੍ਹਤੀ ਹੀ ਕਰਦੇ ਹਨ।
ਟਾਂਡਾ, (ਮੋਮੀ, ਪੰਡਿਤ)-ਇਲਾਕੇ ਦੀਆਂ ਵੱਖ-ਵੱਖ ਆਡ਼੍ਹਤੀ ਐਸੋਸੀਏਸ਼ਨਾਂ ਨੇ ਸੂਬਾ ਸਰਕਾਰ ਵੱਲੋਂ ਆਡ਼੍ਹਤੀਆਂ ਖਿਲਾਫ਼ ਲਾਏ ਜਾ ਰਹੇ ਟੈਕਸ ਦੇ ਵਿਰੋਧ ’ਚ ਮਾਰਕੀਟ ਕਮੇਟੀ ਦਫ਼ਤਰ ਟਾਂਡਾ ਵਿਖੇ ਇਕ ਦਿਨਾ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਜਗਦੀਸ਼ ਆਨੰਦ ਦੀ ਅਗਵਾਈ ’ਚ ਦਿੱਤੇ ਰੋਸ ਧਰਨੇ ਦੌਰਾਨ ਟਾਂਡਾ, ਖੋਖਰ, ਨੱਥੂਪੁਰ, ਜਲਾਲਪੁਰ, ਮਿਆਣੀ ਅਤੇ ਕੰਧਾਲਾ ਜੱਟਾਂ ਮੰਡੀ ਤੋਂ ਪਹੁੰਚੇ ਆਡ਼੍ਹਤੀਆਂ ਨੇ ਸਰਕਾਰ ਵੱਲੋਂ ਲਾਏ ਜਾ ਰਹੇ ਟੈਕਸ ਨੂੰ ਉਨ੍ਹਾਂ ਨਾਲ ਧੱਕੇਸ਼ਾਹੀ ਦੱਸਿਆ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਆਡ਼੍ਹਤੀਆਂ ’ਤੇ ਇਹ ਟੈਕਸ ਲਾਇਆ ਜਾਵੇਗਾ ਤਾਂ ਉਹ ਆਪਣਾ ਕਾਰੋਬਾਰ ਛੱਡਣ ਲਈ ਮਜਬੂਰ ਹੋਣਗੇ। ਇਸ ਤੋਂ ਇਲਾਵਾ ਜੋ ਸਰਕਾਰ ਵੱਲੋਂ ਸਰ ਛੋਟੂ ਰਾਮ ਸ਼ਾਹੂਕਾਰ ਐਕਟ ਵੀ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਗਦੀਸ਼ ਆਨੰਦ ਨੇ ਦੱਸਿਆ ਕਿ ਸਰਕਾਰ ਦੇ ਇਸ ਨਾਦਰਸ਼ਾਹੀ ਐਕਟ ਖਿਲਾਫ਼ ਆਡ਼੍ਹਤੀਆਂ ਵੱਲੋਂ ਸੂਬਾ ਪੱਧਰੀ ਰੋਸ ਧਰਨਾ 28 ਅਗਸਤ ਨੂੰ ਮੁਕਤਸਰ ਵਿਖੇ ਦੇ ਕੇ ਕੁੰਭਕਰਨੀ ਨੀਂਦੇ ਸੌਂ ਰਹੀ ਸਰਕਾਰ ਨੂੰ ਜਗਾਇਆ ਜਾਵੇਗਾ।
ਮੁਕੇਰੀਆਂ, (ਨਾਗਲਾ)-ਆੜ੍ਹਤੀ ਐਸੋਸੀਏਸ਼ਨ ਸਬ ਡਵੀਜ਼ਨ ਮੁਕੇਰੀਆਂ ਦੀ ਇਕ ਬੈਠਕ ਮੈਸਰਜ਼ ਛੱਜੂ ਰਾਮ ਮੁਨੀ ਲਾਲ ਰਾਈਸ ਐਂਡ ਜਨਰਲ ਮਿੱਲ ਵਿਚ ਆਯੋਜਿਤ ਹੋਈ। ਪ੍ਰੇਮ ਚੰਦ ਸ਼ਰਮਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੀ ਪ੍ਰਧਾਨਗੀ ਵਿਚ ਆਯੋਜਿਤ ਬੈਠਕ ਦੌਰਾਨ ਮੀਡੀਆ ਵਿਚ ਇਲੈਕਟ੍ਰਾਨਿਕ ਧਰਮ ਕੰਡਾ ਲਗਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ 'ਤੇ ਮੰਗਲੇਸ਼ ਕੁਮਾਰ ਜੱਜ, ਸਾਬਕਾ ਪ੍ਰਧਾਨ ਨਗਰ ਸਲ ਮੁਕੇਰੀਆਂ, ਮਲਕੀਅਤ ਸਿੰਘ, ਸੋਹਨ ਲਾਲ, ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਟਿੱਮੀ, ਸੁਰਿੰਦਰ ਵਰਮਾ ਆਦਿ ਬੁਲਾਰਿਆਂ ਨੇ ਸ਼ਾਹੂਕਾਰ ਕਰਜ਼ਾ ਸਬੰਧੀ ਲਾਇਸੈਂਸ ਪ੍ਰਾਪਤ ਕਰਨ ਦੀ ਵਿਵਸਥਾ ਨੂੰ ਸਰਕਾਰ ਦਾ ਤੁਗਲਕੀ ਫਰਮਾਨ ਚਲਾਇਆ। ਬੁਲਾਰਿਆਂ ਨੇ ਇਸ ਸੰਦਰਭ ਵਿਚ ਜਾਰੀ ਨਿਰਦੇਸ਼ਾਂ ਦਾ ਵਿਰੋਧ ਕਰਦੇ ਹੋਏ ਸਰਕਾਰ ਤੋਂ ਬਿਨਾਂ ਦੇਰੀ ਕੀਤੇ ਪਹਿਲਾਂ ਵਰਗੀ ਵਿਵਸਥਾ ਬਣਾਈ ਰੱਖਣ ਦੀ ਮੰਗ ਕੀਤੀ। ਉਨ੍ਹਾਂ ਨੇ ਇਸ ਮੌਕੇ 'ਤੇ 28 ਅਗਸਤ ਨੂੰ ਮੁਕਤਸਰ ਵਿਚ ਹੋਣ ਵਾਲੀ ਰੈਲੀ ਸਫਲ ਬਣਾਉਣ ਲਈ ਆੜ੍ਹਤੀਆਂ ਨੂੰ ਵਧ-ਚੜ੍ਹ ਦੇ ਹਿੱਸਾ ਲੈਣ ਦੀ ਅਪੀਲ ਕੀਤੀ।
ਅੱਜ ਤੋਂ ਰੋਜ਼ਾਨਾ ਦਿੱਤਾ ਜਾਵੇਗਾ ਧਰਨਾ
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਡ਼੍ਹਤੀਆਂ ਨੇ ਕਿਹਾ ਕਿ ਸਰਕਾਰ ਨੇ ਜੋ ਆਡ਼੍ਹਤੀਆਂ ਦੇ ਕਮੀਸ਼ਨ ’ਤੇ 20 ਫੀਸਦੀ ਫਾਰਮਰ ਵੈੱਲਫੇਅਰ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ, ਉਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਨਿਰਦੇਸ਼ਾਂ ’ਤੇ ਆਡ਼੍ਹਤੀਆਂ ਨੇ ਰੋਜ਼ਾਨਾ ਧਰਨਾ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣਾ ਇਹ ਫੈਸਲਾ ਵਾਪਸ ਲਵੇ।
ਹਰ ਆਡ਼੍ਹਤੀ ਸ਼ਾਹੂਕਾਰਾਂ ਲਾਇਸੈਂਸ ਲੈਣ ਦੇ ਸਮਰੱਥ ਨਹੀਂ
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਧੀਰ ਸੂਦ, ਜਨਰਲ ਸਕੱਤਰ ਰਮੇਸ਼ ਅਗਰਵਾਲ, ਪੰਡਿਤ ਤਰਸੇਮ ਲਾਲ ਮੌਦਗਿਲ, ਲਾਲਾ ਜਨਕ ਰਾਜ ਅਗਰਵਾਲ, ਲਾਲਾ ਨਰਿੰਦਰ ਮੋਹਣ ਸ਼ਰਮਾ, ਮੁਕੇਸ਼ ਅਗਰਵਾਲ, ਦਿਨੇਸ਼ ਸੂਦ, ਵਿਪਨ ਅਗਰਵਾਲ, ਆਨੰਦ ਬਾਂਸਲ, ਪਰਮਜੀਤ ਸਿੰਘ, ਮੋਹਣ ਕੁਮਾਰ, ਨਰਿੰਦਰ, ਸੁਸ਼ੀਲ ਕੁਮਾਰ ਆਦਿ ਨੇ ਕਿਹਾ ਕਿ ਆਡ਼੍ਹਤੀ ਵਰਗ ਕਿਸਾਨਾਂ ਦਾ ਏ. ਟੀ. ਐੱਮ. ਹੈ, ਜੋ ਕਿ 24 ਘੰਟੇ ਉਨ੍ਹਾਂ ਦੇ ਦੁੱਖ-ਸੁੱਖ ਲਈ ਕਰਜ਼ਾ ਮੁਹੱਈਆ ਕਰਵਾਉਂਦਾ ਹੈ ਪਰ ਜੋ ਫੈਸਲਾ ਕੈਪਟਨ ਸਰਕਾਰ ਲਾਗੂ ਕਰਨ ਜਾ ਰਹੀ ਹੈ, ਉਸ ਨਾਲ ਦੋਵਾਂ ਵਰਗਾਂ ਦੇ ਰਿਸ਼ਤਿਆਂ ’ਚ ਆਉਣ ਵਾਲੇ ਸਮੇਂ ਵਿਚ ਤਰੇੜ ਪੈਣ ਲੱਗੇਗੀ। ਉਨ੍ਹਾਂ ਕਿਹਾ ਕਿ ਹਰ ਆਡ਼੍ਹਤੀ ਸ਼ਾਹੂਕਾਰਾਂ ਲਾਇਸੈਂਸ ਲੈਣ ਦੇ ਸਮਰੱਥ ਨਹੀਂ ਹੈ, ਜਿਸ ਕਾਰਨ ਛੋਟੇ ਆਡ਼੍ਹਤੀਆਂ ਨੂੰ ਆਪਣਾ ਇਹ ਕਾਰੋਬਾਰ ਬੰਦ ਕਰਨਾ ਪੈ ਸਕਦਾ ਹੈ।
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਆਡ਼੍ਹਤੀਆਂ ’ਚ ਰੋਸ
NEXT STORY