ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਅਨਾਜ ਮੰਡੀ ਵਿਖੇ ਚੱਲ ਰਹੇ ਸਵਦੇਸ਼ੀ ਮੇਲੇ ਵਿੱਚ ਸਾਹਮਣੇ ਆਈਆਂ ਬੇਨਿਯਮੀਆਂ ਅੱਜ ਸ਼ਹਿਰ ਦੇ ਇੱਕ ਕਲੱਬ ਵਿਖੇ ਲੱਗੀ ਮੌਰਨਿੰਗ ਟੇਬਲ ਦੀ ਚਰਚਾ ਦਾ ਮੁੱਖ ਵਿਸ਼ਾ ਬਣੀਆਂ ਰਹੀਆਂ। ਸਵੇਰ ਦੀ ਸੈਰ ਪਿੱਛੋਂ ਇਕੱਠੇ ਹੋਏ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮੇਲੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ, ਖੇਡਾਂ ਵਿੱਚ ਨਗਦ ਇਨਾਮਾਂ ਦੇ ਵਟਾਂਦਰੇ ਅਤੇ ਨੌਜਵਾਨਾਂ ਦੀ ਹੁੱਲੜਬਾਜ਼ੀ ਵਰਗੇ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ।
ਸੁਰੱਖਿਆ ਤੇ ਪ੍ਰਬੰਧਾਂ ਦੀ ਘਾਟ ’ਤੇ ਜਤਾਈ ਚਿੰਤਾ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਸਭ ਤੋਂ ਵੱਡੇ ਮੇਲੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ, ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਪਰਿਵਾਰਾਂ ਸਮੇਤ ਇੱਥੇ ਪੁੱਜਦੇ ਹਨ। ਨਗਰ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਕਿ ਵਿਭਾਗ ਨੂੰ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਸਟਾਲ ਦੀ ਜਾਂਚ ਕਰਨੀ ਚਾਹੀਦੀ ਸੀ, ਨਾ ਕਿ ਸ਼ਿਕਾਇਤਾਂ ਆਉਣ ਮਗਰੋਂ।
ਵਪਾਰੀ ਵਰਗ ਨੇ ਕਿਹਾ, ਨਿਗਰਾਨੀ ਪ੍ਰਣਾਲੀ ਹੋਵੇ ਮਜ਼ਬੂਤ
ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਮੇਲੇ ਵਰਗੇ ਵੱਡੇ ਆਯੋਜਨਾਂ ਵਿੱਚ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਬੇਨਿਯਮੀਆਂ ਸਾਹਮਣੇ ਹੀ ਨਾ ਆਉਣ। ਅਜੈ ਮਿੱਤਲ ਪੱਪੂ ਟੱਲੇਵਾਲੀਆ ਨੇ ਕਿਹਾ ਕਿ ਵਪਾਰੀ ਵਰਗ ਹਮੇਸ਼ਾ ਮੇਲੇ ਦੀ ਸਫ਼ਲਤਾ ਲਈ ਸਹਿਯੋਗ ਦਿੰਦਾ ਹੈ, ਪਰ ਕੁਝ ਸਟਾਲਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰਨ ਨਾਲ ਪੂਰੇ ਮੇਲੇ ਦੀ ਸਾਖ ’ਤੇ ਅਸਰ ਪੈਂਦਾ ਹੈ।
ਨਗਦ ਇਨਾਮਾਂ ਦੇ ਮੁੱਦੇ ’ਤੇ ਵੀ ਹੋਈ ਗੱਲ
ਸਿਗਮਾ ਕਲੋਨੀ ਦੇ ਪ੍ਰਧਾਨ ਸੰਜੇ ਕੁਮਾਰ ਨੇ ਖੇਡਾਂ ਵਿੱਚ ਨਗਦੀ ਦੇ ਰੂਪ ਵਿੱਚ ਇਨਾਮ ਦਿੱਤੇ ਜਾਣ ਦੇ ਮੁੱਦੇ ’ਤੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਗ਼ਲਤ ਦਿਸ਼ਾ ਵੱਲ ਲਿਜਾਣ ਵਾਲੀ ਗੱਲ ਹੈ ਅਤੇ ਸਬੰਧਤ ਵਿਭਾਗਾਂ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸੁਖਦੇਵ ਲੁਟਾਵਾ ਨੇ ਵੀ ਇਸ ਲ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਦਾ ਚੁੱਪ ਰਹਿਣਾ ਹੈਰਾਨੀਜਨਕ ਹੈ। ਵਿਨੋਦ ਦੂਆ ਨੇ ਕਿਹਾ ਕਿ ਮੇਲੇ ਦੇ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗ਼ਲਤੀਆਂ ਨਾ ਦੁਹਰਾਈਆਂ ਜਾਣ।
ਪਰਿਵਾਰਕ ਮਾਹੌਲ ਨਾ ਹੋਣ ’ਤੇ ਵੀ ਉੱਠੀ ਆਵਾਜ਼
ਅਗਰਵਾਲ ਸਭਾ ਦੇ ਸਰਪ੍ਰਸਤ ਪਿਆਰਾ ਲਾਲ ਰਾਏਸਰੀਆ ਨੇ ਕਿਹਾ ਕਿ ਮੇਲਾ ਹਮੇਸ਼ਾ ਤੋਂ ਪਰਿਵਾਰਾਂ ਲਈ ਮਨੋਰੰਜਨ ਦਾ ਸਾਧਨ ਰਿਹਾ ਹੈ, ਪਰ ਹੁਣ ਨੌਜਵਾਨਾਂ ਦੀ ਹੁੱਲੜਬਾਜ਼ੀ ਕਾਰਨ ਪਰਿਵਾਰ ਇੱਥੇ ਆਉਣ ਤੋਂ ਝਿਜਕਣ ਲੱਗੇ ਹਨ। ਕ੍ਰਿਸ਼ਨ ਕੁਮਾਰ ਬਿੱਟੂ ਨੇ ਕਿਹਾ ਕਿ ਗਾਇਕ ਨਾਈਟਾਂ ਦੌਰਾਨ ਹੋਈ ਧੱਕਾ-ਮੁੱਕੀ ਦੀਆਂ ਘਟਨਾਵਾਂ ਪ੍ਰਬੰਧਕਾਂ ਦੀ ਨਾਕਾਮੀ ਨੂੰ ਦਰਸਾਉਂਦੀਆਂ ਹਨ। ਸਤੀਸ਼ ਚੀਮਾ ਨੇ ਕਿਹਾ ਕਿ ਪੁਲੀਸ ਦੀ ਤਾਇਨਾਤੀ ਹੋਰ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਮੇਲੇ ਵਿੱਚ ਆਉਣ ਵਾਲੇ ਹਰ ਵਰਗ ਦੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।
ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ
ਸੰਜੀਵ ਸ਼ੈਲੀ,ਗਗਨ ਸੋਹਲ, ਉਮੇਸ਼ ਬੰਸਲ ਅਤੇ ਈਸ਼ਾਨ ਗੋਇਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਮੇਲੇ ਦੀ ਬਾਕੀ ਬਚੀ ਮਿਆਦ ਦੌਰਾਨ ਪ੍ਰਸ਼ਾਸਨ ਨੂੰ ਹਰ ਸਟਾਲ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਸੁਰੱਖਿਆ ਇੰਤਜ਼ਾਮ ਹੋਰ ਸਖ਼ਤ ਕੀਤੇ ਜਾਣ। ਜੀਵਨ ਬਾਂਸਲ ਗੋਲਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਰਾਜੂ ਵਾਲੀਆ ਨੇ ਕਿਹਾ ਕਿ ਵਿਭਾਗਾਂ ਵੱਲੋਂ ਸਿਰਫ਼ ਖਾਨਾਪੂਰਤੀ ਦੀ ਕਾਰਵਾਈ ਨਾ ਕੀਤੀ ਜਾਵੇ, ਸਗੋਂ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇ।
ਰਾਜੀਵ ਜੈਨ ਨੇ ਕਿਹਾ ਕਿ ਮੇਲੇ ਦੀ ਆਮਦਨ ਸ਼ਹਿਰ ਦੇ ਵਿਕਾਸ ਲਈ ਵਰਤੀ ਜਾਂਦੀ ਹੈ, ਇਸ ਲਈ ਇਸ ਦਾ ਸੁਚੱਜਾ ਪ੍ਰਬੰਧਨ ਹੋਣਾ ਬਹੁਤ ਜ਼ਰੂਰੀ ਹੈ। ਕੁਲਤਾਰ ਤਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਦਿਖਾਈ ਢਿੱਲ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਭਰਪਾਈ ਬਾਕੀ ਦਿਨਾਂ ਵਿੱਚ ਸਖ਼ਤੀ ਵਰਤ ਕੇ ਕੀਤੀ ਜਾਣੀ ਚਾਹੀਦੀ ਹੈ। ਅੰਤ ਵਿੱਚ ਵਿਜੇ ਗੋਇਲ ਨੇ ਕਿਹਾ ਕਿ ਸ਼ਹਿਰ ਵਾਸੀ ਮੇਲੇ ਦੇ ਸਫ਼ਲ ਆਯੋਜਨ ਲਈ ਹਮੇਸ਼ਾ ਸਹਿਯੋਗ ਦੇਣ ਲਈ ਤਿਆਰ ਹਨ, ਪਰ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।
ਮੌਰਨਿੰਗ ਟੇਬਲ ਵਿੱਚ ਹਾਜ਼ਰ ਸਾਰੇ ਪਤਵੰਤਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਵਦੇਸ਼ੀ ਮੇਲਾ ਸ਼ਹਿਰ ਦੀ ਸ਼ਾਨ ਹੈ ਅਤੇ ਇਸ ਦੀ ਮਰਿਆਦਾ ਬਣਾਈ ਰੱਖਣ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਵੀ ਇਹ ਮੇਲਾ ਸ਼ਹਿਰ ਦੀ ਪਛਾਣ ਬਣਿਆ ਰਹੇ।
ਭੋਗ ਤੋਂ ਪਰਤਦਿਆਂ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ
NEXT STORY