ਬਰਨਾਲਾ (ਪੁਨੀਤ): ਪਟਿਆਲਾ ਅਤੇ ਸੰਗਰੂਰ ਤੋਂ ਬਾਅਦ ਅੱਜ ਬਰਨਾਲਾ ਵਿਚ ਵੀ ਕਾਂਗਰਸ ਦੀ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਚੰਨੀ ਦੇ ਸਮਰਥਕਾਂ ਵੱਲੋਂ 'ਚਰਨਜੀਤ ਚੰਨੀ ਜ਼ਿੰਦਾਬਾਦ', 'ਚੰਨੀ ਲਿਆਓ, ਕਾਂਗਰਸ ਬਚਾਓ' 'ਚੰਨੀ ਲਿਆਓ, ਪੰਜਾਬ ਬਚਾਓ' ਜਿਹੇ ਨਾਅਰੇ ਲਗਾਏ ਗਏ। ਇਸ ਦੌਰਾਨ ਨਾਅਰੇਬਾਜ਼ੀ ਕਰਨ ਵਾਲਿਆਂ ਦੀ ਹੋਰ ਕਾਂਗਰਸੀ ਵਰਕਰਾਂ ਨਾਲ ਹਲਕੀ ਬਹਿਸਬਾਜ਼ੀ ਵੀ ਹੋ ਗਈ, ਪਰ ਪ੍ਰਬੰਧਕਾਂ ਵੱਲੋਂ ਬੜੀ ਸੂਝਬੂਝ ਨਾਲ ਸਥਿਤੀ ਨੂੰ ਸ਼ਾਂਤ ਕਰ ਕੇ ਸਮਾਗਮ ਮੁਕੰਮਲ ਕੀਤਾ ਗਿਆ।
ਦਰਅਸਲ, 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ "ਹਰ ਬੂਥ ਕਾਂਗਰਸ ਮਜ਼ਬੂਤ" ਮੁਹਿੰਮ ਦੇ ਤਹਿਤ ਅੱਜ ਬਰਨਾਲਾ ਵਿਚ ਮੀਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਮੰਚ 'ਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸੀਨੀਅਰ ਲੀਡਰ ਰਜ਼ੀਆ ਸੁਲਤਾਨਾ ਸਮੇਤ ਹੋਰ ਕਈ ਲੀਡਰ ਮੌਜੂਦ ਸਨ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਪਾਰਟੀ ਵਰਕਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਮੀਟਿੰਗ ਵਿੱਚ ਹੰਗਾਮਾ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਬਿਠਾ ਕੇ ਮੀਟਿੰਗ ਮੁੜ ਸ਼ੁਰੂ ਕੀਤੀ ਗਈ।
ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਬਚਾਉਣਾ ਹੈ ਅਤੇ ਸਰਕਾਰ ਬਣਾਉਣੀ ਹੈ ਤਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅਤੇ ਪ੍ਰਧਾਨ ਐਲਾਨਿਆ ਜਾਵੇ। ਉਨ੍ਹਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਵੀ ਬਦਲਣ ਦੀ ਮੰਗ ਕੀਤੀ।
ਇਸ ਮੌਕੇ ਸਮਾਗਮ ਵਿਚ ਚੰਨੀ ਦੇ ਹੱਕ ਵਿਚ ਨਾਅਰੇਬਾਜ਼ੀ ਕਰਨ ਵਾਲੇ ਅਮਰ ਸਿੰਘ ਨੇ ਕਿਹਾ ਕਿ ਉਹ ਇਕ ਕੱਟੜ ਕਾਂਗਰਸੀ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਕਾਂਗਰਸ ਇਕੱਠੀ ਹੋ ਜਾਵੇਗੀ ਅਤੇ ਕਾਂਗਰਸ ਪਾਰਟੀ ਦਾ ਸੀ.ਐੱਮ. ਜ਼ਰੂਰ ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ 100 ਸੀਟਾਂ ਆਉਣ ਦੀ ਉਮੀਦ ਹੈ।
ਅਰਮੀਨੀਆ ਤੋਂ ਪਿੰਡ ਪਹੁੰਚੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
NEXT STORY