ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਵਰਕਰ ਮਿਲਣੀ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਭਾਸ਼ਣ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣ ਗਿਆ। ਸਮਾਗਮ 'ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸਮੇਤ ਕਈ ਸੂਬਾਈ ਆਗੂ ਮੌਜੂਦ ਸਨ। ਆਪਣੇ ਸੰਬੋਧਨ ਦੌਰਾਨ ਕਾਲਾ ਢਿੱਲੋਂ ਨੇ ਬਿਨਾਂ ਕਿਸੇ ਦਾ ਨਾਂ ਲਏ ਪਾਰਟੀ ਅੰਦਰ ਹੋ ਰਹੀ ਦਖ਼ਲ-ਅੰਦਾਜ਼ੀ ਅਤੇ ਕੁੱਝ ਆਗੂਆਂ ਦੀ ਕਾਰਜਸ਼ੈਲੀ 'ਤੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ। ਕਾਲਾ ਢਿੱਲੋਂ ਨੇ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਵਰਕਰਾਂ 'ਤੇ ਪੂਰਾ ਭਰੋਸਾ ਕੀਤਾ ਜਾਂਦਾ ਤਾਂ ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਆਸ-ਪਾਸ ਦੀਆਂ ਕਈ ਹੋਰ ਵਿਧਾਨ ਸਭਾ ਸੀਟਾਂ 'ਤੇ ਵੀ ਕਾਂਗਰਸ ਹੋਰ ਬਿਹਤਰ ਨਤੀਜੇ ਹਾਸਲ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਬਰਨਾਲਾ ਦੀ ਜਿੱਤ ਰਾਸ ਨਹੀਂ ਆ ਰਹੀ ਅਤੇ ਉਹ ਲਗਾਤਾਰ ਉਨ੍ਹਾਂ ਦੇ ਜ਼ਿਲ੍ਹੇ ਦੇ ਮਾਮਲਿਆਂ 'ਚ ਬਿਨਾਂ ਲੋੜ ਦਖ਼ਲ ਦੇ ਰਹੇ ਹਨ।
'ਹਮੇਸ਼ਾ ਸਤਿਕਾਰ ਦੀ ਰਾਜਨੀਤੀ ਕੀਤੀ, ਪਰ ਹਰ ਗੱਲ ਦੀ ਇੱਕ ਹੱਦ ਹੁੰਦੀ ਹੈ'
ਆਪਣੇ ਸੰਬੋਧਨ ਦੌਰਾਨ ਕਾਲਾ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਮਾਜ ਅਤੇ ਪਾਰਟੀ 'ਚ ਸ਼ਰਾਫ਼ਤ, ਸਤਿਕਾਰ ਅਤੇ ਅਨੁਸ਼ਾਸਨ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਦਾ ਯਤਨ ਹਮੇਸ਼ਾ ਇਹੀ ਰਿਹਾ ਹੈ ਕਿ ਹਰ ਆਗੂ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ ਅਤੇ ਪਾਰਟੀ ਦੀ ਏਕਤਾ ਨੂੰ ਮਜ਼ਬੂਤ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਮੇਰੀ ਸ਼ਰਾਫ਼ਤ ਨੂੰ ਮੇਰੀ ਕਮਜ਼ੋਰੀ ਸਮਝਦਾ ਹੈ ਤਾਂ ਇਹ ਉਸਦੀ ਗਲਤ ਫ਼ਹਿਮੀ ਹੈ। ਚਾਹੇ ਉਹ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਹ ਮੈਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੇ।
ਇਹ ਵੀ ਪੜ੍ਹੋ : ਕਾਲਕਾ-ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਲੈਂਡ ਸਲਾਈਡ ਦੇ ਖ਼ਤਰੇ ਮਗਰੋਂ 6 ਅਗਸਤ ਤੋਂ...
'ਮੇਰੀ ਅਸਲ ਤਾਕਤ ਮੇਰੇ ਵਰਕਰ ਹਨ'
ਕਾਲਾ ਢਿੱਲੋਂ ਨੇ ਭਾਵੁਕ ਲਹਿਜ਼ੇ 'ਚ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਬਹੁਤ ਵੱਡਾ ਧਨ ਹੈ, ਨਾ ਹੀ ਕੋਈ ਵੱਡੀ ਸਿਆਸੀ ਪਹੁੰਚ ਜਾਂ ਪ੍ਰਭਾਵਸ਼ਾਲੀ ਸਹਾਰਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੇ ਸਮਰਪਿਤ ਵਰਕਰ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਨਾ ਵੱਡਾ ਪੈਸਾ ਹੈ, ਨਾ ਵੱਡੇ ਲੀਡਰਾਂ ਨਾਲ ਕੋਈ ਖ਼ਾਸ ਲਿਹਾਜ਼ ਹੈ। ਮੈਂ ਆਪਣੀ ਰਾਜਨੀਤੀ ਆਪਣੇ ਵਰਕਰਾਂ ਦੇ ਭਰੋਸੇ ਕਰਦਾ ਹਾਂ। ਜਦੋਂ ਤੱਕ ਮੇਰੇ ਵਰਕਰ ਮੇਰੇ ਨਾਲ ਖੜ੍ਹੇ ਹਨ, ਉਦੋਂ ਤੱਕ ਕੋਈ ਵੀ ਮੈਨੂੰ ਦਬਾ ਨਹੀਂ ਸਕਦਾ। ਉਨ੍ਹਾਂ ਦੇ ਇਸ ਬਿਆਨ ਨੂੰ ਵਰਕਰਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ ਅਤੇ ਸਮਾਗਮ ਦੌਰਾਨ ਕਈ ਵਾਰ ਸਮਰਥਨ ਵਿੱਚ ਨਾਅਰੇ ਵੀ ਲੱਗੇ। ਕਾਲਾ ਢਿੱਲੋਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਕਿ 2024 ਦੀ ਬਰਨਾਲਾ ਵਿਧਾਨ ਸਭਾ ਉਪ ਚੋਣ 'ਚ ਮਿਲੀ ਜਿੱਤ ਪਾਰਟੀ ਵਰਕਰਾਂ ਦੀ ਮਿਹਨਤ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਇਸ ਜਿੱਤ 'ਚ ਹਰ ਵਰਕਰ ਨੇ ਦਿਨ-ਰਾਤ ਇੱਕ ਕੀਤਾ ਅਤੇ ਇਹੀ ਕਾਰਨ ਸੀ ਕਿ ਕਾਂਗਰਸ ਪੰਜਾਬ 'ਚ ਇਕੱਲੀ ਇਹ ਸੀਟ ਜਿੱਤਣ 'ਚ ਕਾਮਯਾਬ ਰਹੀ। ਉਨ੍ਹਾਂ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ 'ਚ ਵੀ ਉਨ੍ਹਾਂ ਦੇ ਸਨਮਾਨ ਅਤੇ ਹੱਕਾਂ ਦੀ ਰੱਖਿਆ ਲਈ ਉਹ ਹਰ ਮੰਚ 'ਤੇ ਡਟ ਕੇ ਖੜ੍ਹੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ ਬਦਲੀਆਂ ਦੀ ਸੂਚੀ
ਸਿਆਸੀ ਗਲਿਆਰਿਆਂ 'ਚ ਚਰਚਾਵਾਂ ਤੇਜ਼
ਕਾਲਾ ਢਿੱਲੋਂ ਦੇ ਇਸ ਭਾਸ਼ਣ ਤੋਂ ਬਾਅਦ ਬਰਨਾਲਾ ਹੀ ਨਹੀਂ, ਸਗੋਂ ਪੰਜਾਬ ਦੀ ਸਿਆਸਤ 'ਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਚਰਚਾ ਇਹ ਵੀ ਹੈ ਕਿ ਕਾਲਾ ਢਿੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ, ਜਦੋਂ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਬਰਨਾਲਾ ਹਲਕੇ 'ਚ ਵੱਧ ਸਰਗਰਮੀ ਦਿਖਾਈ ਜਾ ਰਹੀ ਹੈ। ਅਜਿਹੇ ਹਾਲਾਤਾਂ 'ਚ ਕਾਲਾ ਢਿੱਲੋਂ ਦਾ ਇਹ ਸੰਬੋਧਨ ਪਾਰਟੀ ਅੰਦਰ ਚੱਲ ਰਹੇ ਸਮੀਕਰਨਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਕੁੱਝ ਸਮੇਂ ਦੌਰਾਨ ਜ਼ਿਲ੍ਹਾ ਇਕਾਈ ਨਾਲ ਜੁੜੇ ਕੁਝ ਆਗੂਆਂ ਨੂੰ ਸੂਬਾ ਪੱਧਰ ਦੀਆਂ ਚੇਅਰਮੈਨੀਆਂ ਦਿੱਤੇ ਜਾਣ ਨੂੰ ਵੀ ਸਿਆਸੀ ਮਾਹਰ ਇਸੇ ਪਿਛੋਕੜ ਨਾਲ ਜੋੜ ਕੇ ਦੇਖ ਰਹੇ ਹਨ। ਚਰਚਾ ਹੈ ਕਿ ਇਨ੍ਹਾਂ ਨਿਯੁਕਤੀਆਂ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨਾਲ ਕੋਈ ਵਿਸ਼ੇਸ਼ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਨਾਰਾਜ਼ਗੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਆਉਣ ਵਾਲੇ ਦਿਨਾਂ 'ਤੇ ਰਹੇਗੀ ਨਜ਼ਰ
ਵਰਕਰ ਮਿਲਣੀ 'ਚ ਕਾਲਾ ਢਿੱਲੋਂ ਦੇ ਬਿਆਨ ਤੋਂ ਬਾਅਦ ਹੁਣ ਸਿਆਸੀ ਹਲਕਿਆਂ ਦੀ ਨਜ਼ਰ ਕਾਂਗਰਸ ਦੀ ਅਗਲੀ ਰਣਨੀਤੀ ਅਤੇ ਪਾਰਟੀ ਹਾਈਕਮਾਨ ਦੇ ਰੁਖ਼ 'ਤੇ ਟਿਕੀ ਹੋਈ ਹੈ। ਹਾਲਾਂਕਿ ਕਾਲਾ ਢਿੱਲੋਂ ਨੇ ਕਿਸੇ ਵੀ ਆਗੂ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੇ ਸੰਦੇਸ਼ ਨੂੰ ਪਾਰਟੀ ਅੰਦਰ ਆਪਣੀ ਸਥਿਤੀ ਅਤੇ ਵਰਕਰਾਂ ਦੀ ਤਾਕਤ ਦਾ ਖੁੱਲ੍ਹਾ ਪ੍ਰਗਟਾਵਾ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹ ਮਾਮਲਾ ਕਾਂਗਰਸ ਦੀ ਜ਼ਿਲ੍ਹਾ ਅਤੇ ਸੂਬਾ ਇਕਾਈ ਦੀ ਰਾਜਨੀਤੀ 'ਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲਕਾ-ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਲੈਂਡ ਸਲਾਈਡ ਦੇ ਖ਼ਤਰੇ ਮਗਰੋਂ 6 ਅਗਸਤ ਤੋਂ...
NEXT STORY