ਲੁਧਿਆਣਾ(ਹਿਤੇਸ਼)-ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ਲਗਾਉਣ ਬਾਰੇ ਗਲਾਡਾ ਦੀ ਸਿਫਾਰਸ਼ ਲਾਗੂ ਕਰਵਾਉਣ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਅਪਣਾਈ ਜਾ ਰਹੀ ਬਹਾਨੇਬਾਜ਼ੀ ਖਤਮ ਹੋ ਗਈ ਹੈ, ਜਿਸ ਦੇ ਤਹਿਤ ਗਲਾਡਾ ਵੱਲੋਂ ਨਾਜਾਇਜ਼ ਕਾਲੋਨੀਆਂ ਦੀ ਲਿਸਟ ਭੇਜਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਸਿਰਫ ਪਹਿਲਾਂ ਐੱਨ. ਓ. ਸੀ. ਲੈਣ ਵਾਲਿਆਂ ਨੂੰ ਹੀ ਰਾਹਤ ਮਿਲੇਗੀ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਗਲਾਡਾ ਨੇ 11 ਸਤੰਬਰ ਨੂੰ ਡੀ. ਸੀ. ਨੂੰ ਲਿਖੇ ਪੱਤਰ ਰਾਹੀਂ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਲਈ ਪੰਜਾਬ ਪ੍ਰਾਪਰਟੀ ਅਪਾਰਟਮੈਂਟ ਐਂਡ ਰੈਗੂਲੇਸ਼ਨ ਐਕਟ 1995 ਦੀਆਂ ਧਾਰਾਵਾਂ ਦਾ ਹਵਾਲਾ ਦਿੱਤਾ ਗਿਆ, ਜਿਸ ਮੁਤਾਬਕ ਮਨਜ਼ੂਰੀ ਲਈ ਜਾਂ ਰੈਗੂਲਰ ਕਰਵਾਏ ਬਿਨਾਂ ਬਣੀ ਕਿਸੇ ਵੀ ਨਾਜਾਇਜ਼ ਕਾਲੋਨੀ ਵਿਚ ਰਜਿਸਟਰੀਆਂ ਕਰਨ 'ਤੇ ਰੋਕ ਲਾਈ ਜਾ ਸਕਦੀ ਹੈ ਪਰ ਗਲਾਡਾ ਦੀ ਇਸ ਸਿਫਾਰਸ਼ 'ਤੇ ਤੁਰੰਤ ਅਮਲ ਕਰਨ ਦੀ ਜਗ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਕਾਲੋਨੀਆਂ ਦੀ ਲਿਸਟ ਮੰਗਵਾ ਕੇ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਪੱਤਰ ਦਾ ਦੋ ਦਿਨ ਦੇ ਅੰਦਰ ਹੀ ਜਵਾਬ ਦਿੰਦੇ ਹੋਏ ਗਲਾਡਾ ਨੇ ਨਾਜਾਇਜ਼ ਕਾਲੋਨੀਆਂ ਦੀ ਲਿਸਟ ਡੀ. ਸੀ. ਦਫਤਰ ਨੂੰ ਮੁਹੱਈਆ ਕਰਵਾ ਦਿੱਤੀ ਹੈ, ਜਿਸ ਵਿਚ ਇਹ ਜ਼ਰੂਰ ਸਾਫ ਕਰ ਦਿੱਤਾ ਹੈ ਕਿ ਜਿਹੜੀਆਂ ਕਾਲੋਨੀਆਂ ਮਨਜ਼ੂਰ ਹਨ ਜਾਂ ਜਿਨ੍ਹਾਂ ਪਲਾਟ ਮਾਲਕਾਂ ਨੇ ਪਹਿਲਾਂ ਐੱਨ. ਓ. ਸੀ. ਲਈ ਹੋਈ ਹੈ, ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ।
ਪ੍ਰਾਪਰਟੀ ਦੇ ਸੌਦੇ ਫਸਣ 'ਤੇ ਐੱਨ. ਓ. ਸੀ. ਲੈਣ ਪੁੱਜੇ ਲੋਕ
ਗਲਾਡ ਵੱਲੋਂ ਮਾਰਕ ਕੀਤੀਆਂ ਗਈਆਂ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ਲਗਾਉਣ ਦਾ ਫੈਸਲਾ ਲਾਗੂ ਕਰਨ ਦੇ ਹੁਕਮ ਡੀ. ਸੀ. ਦੇ ਹਵਾਲੇ ਨਾਲ ਸੰਬੰਧਿਤ ਅਫਸਰਾਂ ਨੂੰ ਜਾਰੀ ਕਰ ਦਿੱਤੇ ਗਏ ਹਨ, ਜਿਸ 'ਤੇ ਅਮਲ ਸ਼ੁਰੂ ਹੋਣ ਨਾਲ ਰਿਅਲ ਅਸਟੇਟ ਜਗਤ ਨਾਲ ਜੁੜੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਹੈ, ਕਿਉਂਕਿ ਕਈ ਲੋਕਾਂ ਵੱਲੋਂ ਕੀਤੇ ਪ੍ਰਾਪਰਟੀ ਦੇ ਸੌਦੇ ਰਜਿਸਟਰੀ ਤੋਂ ਪਹਿਲਾਂ ਐਨ ਮੌਕੇ 'ਤੇ ਫਸ ਗਏ ਹਨ। ਹੁਣ ਉਹ ਲੋਕ ਐੱਨ. ਓ. ਸੀ. ਲੈਣ ਲਈ ਗਲਾਡਾ ਜਾਂ ਨਗਰ ਨਿਗਮ ਦੇ ਦਫਤਰ ਪੁੱਜ ਰਹੇ ਹਨ ਪਰ ਉਥੋਂ ਪਾਲਿਸੀ ਦੀ ਡੈੱਡਲਾਈਨ ਖਤਮ ਹੋਣ ਦਾ ਜਵਾਬ ਮਿਲਣ 'ਤੇ ਖਾਲੀ ਹੱਥ ਮੁੜਨਾ ਪੈ ਰਿਹਾ ਹੈ।
50 ਗਜ਼ ਦੇ ਪਲਾਟਾਂ ਵਾਲੀ ਸਕੀਮ ਦੀ ਵੀ ਨਿਕਲੀ ਹਵਾ
ਨਾਜਾਇਜ਼ ਕਾਲੋਨੀਆਂ ਲਈ ਸਰਕਾਰ ਨੇ ਪਹਿਲਾਂ ਜੋ ਕੰਪਾਊਂਡਿੰਗ ਪਾਲਿਸੀ ਜਾਰੀ ਕੀਤੀ ਸੀ, ਉਸ ਵਿਚ 50 ਗਜ਼ ਤੱਕ ਦੇ ਰਹਾਇਸ਼ੀ ਪਲਾਟ ਨੂੰ ਛੋਟ ਦਿੱਤੀ ਗਈ ਸੀ, ਜਿਸ ਦੇ ਬਹਾਨੇ ਲੋਕਾਂ ਨੇ ਵੱਡੇ ਪੱਧਰ 'ਤੇ 50 ਗਜ਼ ਤੱਕ ਦੇ ਪਲਾਟਾਂ ਵਾਲੀਆਂ ਕਾਲੋਨੀਆਂ ਕੱਟ ਕੇ ਵੇਚਣ ਦੀ ਸਕੀਮ ਚਲਾਈ, ਜਦੋਂਕਿ ਉਸ ਪੂਰੀ ਜਗ੍ਹਾ ਦੇ ਬਣਦੇ ਸੀ. ਐੱਲ. ਯੂ. ਅਤੇ ਡਿਵੈੱਲਪਮੈਂਟ ਚਾਰਜਿਜ਼ ਨਹੀਂ ਜਮ੍ਹਾ ਕਰਵਾਏ। ਹੁਣ ਅਜਿਹੀਆਂ ਕਾਲੋਨੀਆਂ ਬਣਾਉਣ ਵਾਲਿਆਂ ਦੀਆਂ ਰਜਿਸਟਰੀਆਂ ਵੀ ਨਾਜਾਇਜ਼ ਕਾਲੋਨੀਆਂ ਦੀ ਕੈਟਾਗਰੀ ਵਿਚ ਆਉਣ ਕਾਰਨ ਫਸ ਗਈਆਂ ਹਨ।
ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
NEXT STORY