ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)— ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵਿਰੁੱਧ ਕਾਂਗਰਸੀ, ਅਕਾਲੀ ਅਤੇ ਆਜ਼ਾਦ ਤੌਰ 'ਤੇ ਜਿੱਤੇ ਹੋਏ ਕੌਂਸਲਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਕੌਂਸਲਰਾਂ ਨੂੰ ਵੀ ਸੂਚਨਾ ਦੇਣ ਤੋਂ ਪਾਸਾ ਵੱਟ ਰਹੀ ਹੈ। ਇਹ ਦੋਸ਼ ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ, ਕੁਲਦੀਪ ਧਰਮਾ, ਅਕਾਲੀ ਕੌਂਸਲਰ ਰਵਿੰਦਰ ਸਿੰਘ ਰੰਮੀ ਢਿੱਲੋਂ ਅਤੇ ਆਜ਼ਾਦ ਕੌਂਸਲਰ ਪ੍ਰਵੀਨ ਕੁਮਾਰ ਬਬਲੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਹੋਇਆਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ 'ਤੇ ਲਾਏ।
ਉਨ੍ਹਾਂ ਦੱਸਿਆ ਕਿ 13.6.2017 ਆਰ.ਟੀ.ਆਈ. ਤਹਿਤ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਤੋਂ ਜਾਣਕਾਰੀ ਮੰਗੀ ਗਈ ਸੀ। ਸ਼ਹਿਰ 'ਚ ਨਗਰ ਕੌਂਸਲ ਦੀ ਹੱਦ 'ਚ ਸੀਵਰੇਜ ਦਾ ਕੰਮ ਦੋ ਪੜਾਵਾਂ 'ਚ ਹੋਇਆ ਹੈ। ਪਹਿਲੇ ਪੜਾਅ 'ਚ ਟੈਂਡਰਾਂ ਮੁਤਾਬਿਕ ਲੱਗਭਗ 27 ਕਰੋੜ ਰੁ. ਦੇ ਕੰਮ ਕੀਤੇ ਜਾਣੇ ਸਨ ਅਤੇ ਦੂਜੇ ਪੜਾਅ 'ਚ 125 ਕਰੋੜ ਰੁਪਏ ਦੇ ਕੰਮ ਕੀਤੇ ਜਾਣੇ ਸਨ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਮੰਗੀ ਗਈ ਸੀ ਕਿ ਸੀਵਰੇਜ ਬੋਰਡ ਦੇ ਠੇਕੇਦਾਰ ਵੱਲੋਂ ਨਗਰ ਕੌਂਸਲ ਦੀ ਹੱਦ 'ਚ ਪੈਂਦੀਆਂ ਕਿਹੜੀਆਂ-ਕਿਹੜੀਆਂ ਗਲੀਆਂ ਪੁੱਟੀਆਂ ਗਈਆਂ ਹਨ ਅਤੇ ਕਿਹੜੀਆਂ-ਕਿਹੜੀਆਂ ਗਲੀਆਂ 'ਚ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਹਨ। ਜਿਨ੍ਹਾਂ ਗਲੀਆਂ 'ਚ ਸੀਵਰੇਜ ਪੈ ਚੁੱਕਾ ਹੈ ਕੀ ਉਨ੍ਹਾਂ ਗਲੀਆਂ 'ਚ ਸੜਕਾਂ ਦੀ ਉਸਾਰੀ ਜਾਂ ਇੰਟਰਲਾਕਿੰਗ ਟਾਇਲਾਂ ਲਾ ਦਿੱਤੀਆਂ ਗਈਆਂ ਹਨ? ਇਨ੍ਹਾਂ ਦੋ ਪੜਾਵਾਂ 'ਚ ਕਿੰਨਾ-ਕਿੰਨਾ ਕੰਮ ਹੋਇਆ ਹੈ ਅਤੇ ਠੇਕੇਦਾਰ ਨੂੰ ਕਿੰਨੀ ਅਦਾਇਗੀ ਕੀਤੀ ਗਈ ਹੈ।
ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਦੋਵਾਂ ਪੜਾਵਾਂ 'ਚ ਕਿੰਨਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਕਿੰਨੀ ਅਦਾਇਗੀ ਠੇਕੇਦਾਰ ਨੂੰ ਕੀਤੀ ਗਈ ਹੈ। ਨਗਰ ਕੌਂਸਲ ਵੱਲੋਂ ਠੇਕੇਦਾਰ ਨੂੰ ਇੱਟਾਂ ਦੀ ਅਦਾਇਗੀ ਕਿਸ ਹਿਸਾਬ ਨਾਲ ਕੀਤੀ ਜਾਂਦੀ ਹੈ, ਬਾਰੇ ਵੀ ਸਪੱਸ਼ਟ ਨਹੀਂ ਕੀਤਾ ਗਿਆ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਮੰਗੀਆਂ ਗਈਆਂ ਸਾਰੀਆਂ ਸੂਚਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਇੰਨਾ ਹੀ ਨਹੀਂ ਨਗਰ ਕੌਂਸਲ ਦੀਆਂ ਇੱਟਾਂ, ਜੋ ਕਿ ਵੱਖ-ਵੱਖ ਗਲੀਆਂ 'ਚ ਲਾਈਆਂ ਗਈਆਂ ਸਨ, ਉਹ ਚੋਰੀ ਹੋ ਗਈਆਂ। ਇਸ ਬਾਬਤ ਨਗਰ ਕੌਂਸਲ ਦੇ ਈ.ਓ. ਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਵੱਲੋਂ ਚੋਰਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਉਣ ਦਾ ਪੱਤਰ ਵੀ ਲਿਖਿਆ ਗਿਆ ਸੀ। ਅਜੇ ਤੱਕ ਇੱਟਾਂ ਚੋਰੀ ਕਰਨ ਵਾਲਿਆਂ ਵਿਰੁੱਧ ਐੱਫ.ਆਈ.ਆਰ. ਵੀ ਦਰਜ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੂਚਨਾ ਮੁਤਾਬਿਕ ਨਗਰ ਕੌਂਸਲ ਵੱਲੋਂ ਠੇਕੇਦਾਰ ਨੂੰ ਇੱਟਾਂ ਦੀ ਅਦਾਇਗੀ 4000 ਤੋਂ 4500 ਰੁ. ਤੱਕ ਕੀਤੀ ਜਾਂਦੀ ਹੈ। ਜਦੋਂ ਕਿ ਸੀਵਰੇਜ ਬੋਰਡ ਦੇ ਠੇਕੇਦਾਰ ਸਬੰਧੀ ਸਿਰਫ 2200 ਅਤੇ 2300 ਰੁਪਏ ਅਦਾਇਗੀ ਹੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਰਕਾਰ ਨੂੰ ਲੱਖਾਂ ਕਰੋੜਾਂ ਰੁ. ਦਾ ਚੂਨਾ ਲੱਗਦਾ ਹੈ। ਨਗਰ ਕੌਂਸਲ ਵੱਲੋਂ ਇਹ ਵੀ ਸੂਚਨਾ ਨਹੀਂ ਦਿੱਤੀ ਗਈ ਕਿ ਕਿੰਨੀਆਂ ਪੁਰਾਣੀਆਂ ਇੱਟਾਂ ਦੀ ਅਦਾਇਗੀ 2200 ਜਾਂ 2300 ਰੁ. ਤੱਕ ਦੀ ਕੀਤੀ ਜਾਂਦੀ ਹੈ। ਚੋਰੀ ਹੋਈਆਂ ਇੱਟਾਂ ਦੀ ਅਦਾਇਗੀ ਅਜੇ ਤੱਕ ਠੇਕੇਦਾਰਾਂ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਜਲਦ ਹੀ ਸੂਚਨਾ ਮੁਹੱਈਆ ਨਾ ਕਰਵਾਈ ਗਈ ਤਾਂ ਉਹ ਆਪਣੇ ਸਾਥੀ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਸੰਘਰਸ਼ ਵਿੱਢਣਗੇ।
ਇਕ ਸਾਲ ਹੋ ਗਿਐ ਗਲੀਆਂ ਪੁੱਟਿਆਂ ਨੂੰ : ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਮੈਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਤੋਂ ਇਹ ਵੀ ਸੂਚਨਾ ਮੰਗੀ ਸੀ ਕਿ ਦੋ ਫੇਸਾਂ ਦਾ ਕੰਮ ਕਦੋਂ ਪੂਰਾ ਹੋਵੇਗਾ। ਟੈਂਡਰਾਂ ਦੀ ਸ਼ਰਤ ਮੁਤਾਬਿਕ ਠੇਕੇਦਾਰ ਨੇ ਕਿੰਨੇ ਸਮੇਂ 'ਚ ਕੰਮ ਪੂਰਾ ਕਰਨਾ ਸੀ ਪਰ ਦੋਵੇਂ ਮਹਿਕਮਿਆਂ ਵੱਲੋਂ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਕਈ ਗਲੀਆਂ ਨੂੰ ਪੁੱਟਿਆਂ ਹੋਇਆਂ ਇਕ ਸਾਲ ਤੋਂ ਉਪਰ ਹੋ ਚੁੱਕਾ ਹੈ, ਜਿਸ ਕਾਰਨ ਲੋਕ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ।
ਸੀਵਰੇਜ ਪਾਉਣ ਦਾ ਕੰਮ ਬੋਰਡ ਦਾ : ਈ.ਓ. : ਇਸ ਸਬੰਧ 'ਚ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਨਗਰ ਕੌਂਸਲ ਦੀ ਹੱਦ 'ਚ ਸੀਵਰੇਜ ਪੈ ਰਿਹਾ ਹੈ, ਉਹ ਸੀਵਰੇਜ ਬੋਰਡ ਵੱਲੋਂ ਪਾਇਆ ਜਾ ਰਿਹਾ ਹੈ। ਨਗਰ ਕੌਂਸਲ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ। ਮੈਂ ਆਰ. ਟੀ. ਆਈ. ਦਾ ਜਵਾਬ ਦੇਣ ਲਈ ਸੀਵਰੇਜ ਬੋਰਡ ਨੂੰ ਲਿਖ ਦਿੱਤਾ ਹੈ।
ਚੋਣਾਂ ਕਾਰਨ ਠੇਕੇਦਾਰ ਦੀ ਅਦਾਇਗੀ ਰੁਕ ਗਈ ਸੀ : ਐੈੱਸ. ਡੀ.ਓ. : ਜਦੋਂ ਇਸ ਸਬੰਧ 'ਚ ਸੀਵਰੇਜ ਬੋਰਡ ਦੇ ਐੈੱਸ. ਡੀ. ਓ. ਰਾਜਿੰਦਰ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਕਾਰਨ ਠੇਕੇਦਾਰ ਦੀ ਅਦਾਇਗੀ ਰੁਕ ਗਈ ਸੀ। ਹੁਣ ਪੇਮੈਂਟ ਆ ਗਈ ਹੈ। ਜਲਦੀ ਹੀ ਗਲੀਆਂ 'ਚ ਇੰਟਰਲਾਕਿੰਗ ਟਾਇਲਾਂ ਅਤੇ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜੇਕਰ ਸਾਡੇ ਤੋਂ ਕੋਈ ਸੂਚਨਾ ਲੈਣੀ ਚਾਹੁੰਦਾ ਹੈ ਤਾਂ ਸਾਡੇ ਮਹਿਕਮੇ ਵੱਲੋਂ ਸੂਚਨਾ ਮੁਹੱਈਆ ਕਰਵਾਈ ਜਾਵੇਗੀ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਨਗਰ ਕੌਂਸਲ ਦੇ ਈ.ਓ. ਵੱਲੋਂ ਇੱਟ ਚੋਰਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਉਣ ਦਾ ਤੁਹਾਡੇ ਮਹਿਕਮੇ ਨੂੰ ਪੱਤਰ ਲਿਖਿਆ ਹੋਇਆ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ।
400 ਨਸ਼ੀਲੀਆਂ ਗੋਲੀਆਂ ਬਰਾਮਦ
NEXT STORY