ਮੁਕੇਰੀਆਂ, (ਝਾਵਰ)- ਪੰਜਾਬ ਕੇਸਰੀ ਗਰੁੱਪ 'ਤੇ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ SGST ਰੇਡ ਦੇ ਵਿਰੋਧ ਦੀ ਅੱਗ ਹੁਣ ਪੂਰੇ ਸੂਬੇ ਵਿੱਚ ਫੈਲਣੀ ਸ਼ੁਰੂ ਹੋ ਗਈ ਹੈ। ਮੁਕੇਰੀਆਂ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਸੁਮਿਤ ਡਡਵਾਲ, ਕਰਨੀ ਸੈਨਾ ਪੰਜਾਬ ਦੇ ਪ੍ਰਧਾਨ ਠਾਕੁਰ ਨਰੋਤਮ ਸਿੰਘ ਸਾਬਾ ਅਤੇ ਐੱਸ.ਸੀ. ਸੈੱਲ ਕਾਂਗਰਸ ਦੇ ਜ਼ਿਲਾ ਵਾਈਸ ਪ੍ਰਧਾਨ ਗੁਰਮੀਤ ਸਿੱਧੂ ਨਲੋਈਆਂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਹੀ ਸਮਾਜ ਵਿੱਚ ਲੋਕਾਂ ਦੀ ਰਾਏ ਅਤੇ ਆਵਾਜ਼ ਨੂੰ ਬੁਲੰਦ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਵਿਰੁੱਧ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਰੋਸ ਨੂੰ ਅਖ਼ਬਾਰ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਸੀ, ਜਿਸ ਕਾਰਨ ਸਰਕਾਰ ਨੇ ਇਹ ਬੌਖਲਾਹਟ ਭਰੀ ਕਾਰਵਾਈ ਕੀਤੀ ਹੈ।
ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਕਤਲੇਆਮ, ਲੁੱਟਾਂ-ਖੋਹਾਂ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਖ਼ਬਾਰਾਂ ਨੂੰ ਡਰਾਉਣ ਦੀ ਬਜਾਏ ਅਮਨ-ਕਾਨੂੰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੁਮਿਤ ਡਡਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹਾਲਾਤ ਨਾ ਸੁਧਾਰੇ ਤਾਂ ਲੋਕ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕਰ ਸਕਦੇ ਹਨ।
ਵਿਰੋਧ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਨੂੰ ਰੋਕਣ ਦਾ ਕੋਈ ਵੀ ਕਦਮ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਸ ਧੱਕੇਸ਼ਾਹੀ ਦਾ ਮੂੰਹ-ਤੋੜ ਜਵਾਬ ਦੇਣਗੇ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੌਹਲ 'ਚ ਸਜਾਇਆ ਗਿਆ ਨਗਰ ਕੀਰਤਨ
NEXT STORY