ਬਠਿੰਡਾ(ਸੁਖਵਿੰਦਰ)-ਨਗਰ ਨਿਗਮ ਦੇ ਇਕ ਠੇਕੇਦਾਰ ਵੱਲੋਂ ਧੱਕੇਸ਼ਾਹੀ ਨਾਲ ਰੇਹੜੀਆਂ ਤੋਂ ਪੈਸੇ ਵਸੂਲ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆ ਉਡਾਈਆਂ ਜਾ ਰਹੀਆਂ ਹਨ। ਇਸ ਕਾਰਨ ਰੇਹੜੀ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਕੁਝ ਸਾਲ ਪਹਿਲਾਂ ਬਾਜ਼ਾਰ ਦੀਆਂ ਲਗਭਗ 7 ਪਾਰਕਿੰਗਾਂ ਦਾ ਠੇਕਾ ਦਿੱਤਾ ਗਿਆ ਸੀ। ਇਸ ਅਨੁਸਾਰ ਉਕਤ ਠੇਕੇਦਾਰ ਵੱਲੋਂ ਪਾਰਕਿੰਗ 'ਚ ਖੜ੍ਹਨ ਵਾਲੇ ਵਾਹਨਾਂ ਦੀ ਪਰਚੀ ਕੱਟਣ ਦਾ ਅਧਿਕਾਰ ਸੀ ਪਰ ਉਕਤ ਠੇਕੇਦਾਰ ਵੱਲੋਂ ਕਈ ਸਾਲਾਂ ਤੋਂ ਬਾਜ਼ਾਰ ਦੀਆਂ ਸੜਕਾਂ ਤੋਂ ਲੰਘਣ ਵਾਲੀਆਂ ਅਤੇ ਪਾਰਕਿੰਗ 'ਚ ਖੜ੍ਹਨ ਵਾਲੀ ਹਰ ਰੇਹੜੀ ਤੋਂ ਧੱਕੇਸ਼ਾਹੀ ਨਾਲ ਪੈਸੇ ਵਸੂਲੇ ਜਾ ਰਹੇ ਹਨ। ਨਾਮ ਨਾ ਦੱਸਣ ਦੀ ਸ਼ਰਤ 'ਤੇ ਇਕ ਰੇਹੜੀ ਵਾਲੇ ਨੇ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਤੋਂ 50 ਤੋਂ 150 ਰੁਪਏ ਪ੍ਰਤੀ ਦਿਨ ਦੇ ਲਏ ਜਾਂਦੇ ਹਨ, ਜਿਸ ਦੀ ਕੋਈ ਪਰਚੀ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਰੋਸ ਜਤਾਇਆ ਕਿ ਉਹ ਕਈ ਵਾਰ ਇਸ ਦੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਰ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਉਕਤ ਠੇਕੇਦਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਉਲਟ ਉਨ੍ਹਾਂ ਨੂੰ ਹੀ ਉਕਤ ਜਗ੍ਹਾ ਤੋਂ ਹਟਾ ਦਿੱਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਠੇਕੇਦਾਰ ਸੱਤਾਧਾਰੀ ਪਾਰਟੀ ਦਾ ਆਗੂ ਹੈ ਅਤੇ ਸੱਤਾਧਾਰੀ ਪਾਰਟੀ ਦੇ ਨਾਮਵਰ ਆਗੂ ਦੇ ਨਾਮ 'ਤੇ ਹੀ ਰੇਹੜੀ ਸੰਚਾਲਕਾਂ ਨੂੰ ਧੌਂਸ ਦਿਖਾÀੁਂਦਾ ਆ ਰਿਹਾ ਹੈ। ਇਸ ਕਾਰਨ ਨਿਗਮ ਅਧਿਕਾਰੀ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ। ਬਾਜ਼ਾਰ 'ਚੋਂ ਲੰਘਦੀਆਂ ਰੇਹੜੀਆਂ ਤੋਂ ਪੈਸੇ ਵਸੂਲਣ ਕਾਰਨ ਜ਼ਿਆਦਾਤਰ ਰੇਹੜੀ ਵਾਲੇ ਉਕਤ ਬਾਜ਼ਾਰ 'ਚੋਂ ਲੰਘਣਾ ਹੀ ਨਹੀਂ ਚਾਹੁੰਦੇ ਅਤੇ ਕੁਝ ਰੇਹੜੀਆਂ ਲਾਉਣਾ ਹੀ ਛੱਡ ਚੁੱਕੇ ਹਨ। ਉਨ੍ਹਾਂ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਠੇਕੇਦਾਰ ਦੀ ਉਕਤ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ।
ਡਾਕਟਰ ਦੀ ਗੈਰ-ਮੌਜੂਦਗੀ 'ਚ ਅਸਿਸਟੈਂਟ ਨੇ ਕਰ ਦਿੱਤਾ ਔਰਤ ਦੀ ਅੱਖ ਦਾ ਆਪ੍ਰੇਸ਼ਨ
NEXT STORY