ਲੁਧਿਆਣਾ(ਹਿਤੇਸ਼)- ਇਕ ਪਾਸੇ ਜਿੱਥੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੇ ਆਦੇਸ਼ਾਂ ’ਤੇ ਨਗਰ ਨਿਗਮ ਕਮਿਸ਼ਨਰ ਨੇ ਸਾਰੇ ਸੁਪਰਡੈਂਟਾਂ ਨੂੰ ਰੈਗੂਲਰ ਰਿਟਰਨ ਨਾ ਭਰਨ ਵਾਲੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਿਕੰਜ਼ਾ ਤੇਜ਼ ਕਰਨ ਲਈ ਕਹਿ ਦਿੱਤਾ ਹੈ, ਉਥੇ, ਨਗਰ ਨਿਗਮ ਪ੍ਰਸ਼ਾਸਨ ਨੇ ਕਦੇ ਵੀ ਪ੍ਰਾਪਰਟੀ ਟੈਕਸ ਨਾ ਭਰਨ ਜਾਂ ਗਲਤ ਜਾਣਕਾਰੀ ਦੇ ਕੇ ਰੈਵੇਨਿਊ ਦੀ ਚੋਰੀ ਕਰਨ ਵਾਲਿਆਂ ਨੂੰ ਫਡ਼ਨ ਦੀ ਚਲਾਈ ਮੁਹਿੰਮ ਤਹਿਤ 25 ਹਜ਼ਾਰ ਤੋਂ ਘੱਟ ਹਾਊਸ ਟੈਕਸ ਦੇਣ ਵਾਲੇ ਯੂਨਿਟਾਂ ਦੀ ਕਰਾਸ ਚੈਕਿੰਗ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਵਲੋਂ ਹੁਣ ਤੱਕ ਉਨ੍ਹਾਂ ਲੋਕਾਂ ਨੂੰ ਹੀ ਪ੍ਰਾਪਰਟੀ ਟੈਕਸ ਵਸੂਲੀ ਦੇ ਨੋਟਿਸ ਜਾਰੀ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਨੇ ਇਕ ਵਾਰ ਦੇ ਬਾਅਦ ਰੈਗੂਲਰ ਰਿਟਰਨ ਨਹੀਂ ਭਰੀ ਹੈ ਪਰ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਨੂੰ ਹਾਊਸ ਟੈਕਸ ਰਿਕਾਰਡ ਦੇ ਜ਼ਰੀਏ ਉਨ੍ਹਾਂ ਲੋਕਾਂ ਦੀ ਸ਼ਨਾਖਤ ਕਰਨ ਦੀ ਯਾਦ ਵੀ ਆ ਗਈ ਹੈ, ਜੋ 2013 ਤੋਂ ਪਹਿਲਾਂ ਤੱਕ ਹਾਊਸ ਟੈਕਸ ਜਮ੍ਹਾ ਕਰਵਾ ਰਹੇ ਸਨ, ਜਦੋੰਕਿ ਇਕ ਵਾਰ ਵੀ ਪ੍ਰਾਪਰਟੀ ਟੈਕਸ ਭਰਨ ਨਹੀਂ ਆਏ। ਇਸ ਯੋਜਨਾ ਤਹਿਤ ਪਹਿਲਾਂ ਚਾਰੇ ਜ਼ੋਨਾਂ ’ਚ 25 ਹਜ਼ਾਰ ਤੋਂ ਉਪਰ ਹਾਊਸ ਟੈਕਸ ਜਮ੍ਹਾ ਕਰਵਾਉਣ ਵਾਲੇ ਯੂਨਿਟਾਂ ਦੀ ਲਿਸਟ ਤਿਆਰ ਕੀਤੀ ਗਈ। ਜਿੱਥੇ ਅਫਸਰਾਂ ਨੇ ਮੌਕੇ ’ਤੇ ਵਿਜ਼ਟ ਕਰ ਕੇ ਪ੍ਰਾਪਰਟੀ ਟੈਕਸ ਜਮ੍ਹਾ ਹੋਣ ਬਾਰੇ ਚੈਕਿੰਗ ਕੀਤੀ ਅਤੇ ਜੇਕਰ ਪ੍ਰਾਪਰਟੀ ਟੈਕਸ ਜਮ੍ਹਾ ਸੀ ਤਾਂ ਰੈਵੇਨਿਊ ਦੀ ਚੋਰੀ ਕਰਨ ਵਾਲਿਆਂ ਨੂੰ ਫਡ਼ਨ ਲਈ ਵੈਰੀਫਿਕੇਸ਼ਨ ਵੀ ਕੀਤੀ ਗਈ, ਜਿਸ ਦੇ ਤਹਿਤ ਕਵਰੇਜ ਇਲਾਕਾ ਅਤੇ ਲੈਂਡ ਯੂਜ਼ ਦੀ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਸੌ ਫੀਸਦੀ ਪੈਨਲਟੀ ਦੇ ਨਾਲ ਬਕਾਇਆ ਟੈਕਸ ਦੀ ਵਸੂਲੀ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਹ ਕੰਮ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਨੇ ਹੁਣ ਦੂਜੇ ਪਡ਼ਾਅ ਵਿਚ 2013 ਤੋਂ ਪਹਿਲਾਂ ਚਾਰੇ ਜ਼ੋਨਾਂ ’ਚ 25 ਹਜ਼ਾਰ ਤੋਂ ਘੱਟ ਹਾਊਸ ਟੈਕਸ ਭਰਨ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਚੈਕਿੰਗ ਕਰਵਾਉਣ ਦੀ ਯੋਜਨਾ ਬਣਾਈ ਹੈ, ਕਿਉਂਕਿ ਸਿੱਧੂ ਨੇ ਨਗਰ ਨਿਗਮ ਤੋਂ ਮੰਗੀ ਰਿਪੋਰਟ ’ਚ 5 ਤੋਂ 50 ਹਜ਼ਾਰ ਤੱਕ ਦੀਆਂ 4 ਕੈਟੇਗਰੀ ਬਣਾ ਕੇ ਪ੍ਰਾਪਰਟੀ ਟੈਕਸ ਨਾ ਭਰਨ ਅਤੇ ਗਲਤ ਰਿਟਰਨ ਦਾਖਲ ਕਰਨ ਵਾਲਿਆਂ ਖਿਲਾਫ ਕੀਤੀ ਗਈ ਕਾਰਵਾਈ ਦੇ ਤਹਿਤ ਉਨ੍ਹਾਂ ਤੋਂ ਹੋਈ ਵਸੂਲੀ ਦਾ ਬਿਊਰਾ ਵੀ ਭੇਜਣ ਦੇ ਲਈ ਕਿਹਾ ਹੈ।
ਹੈਰੋਇਨ ਸਮੇਤ ਮਾਂ-ਪੁੱਤ ਕਾਬੂ
NEXT STORY