ਬਠਿੰਡਾ(ਬਲਵਿੰਦਰ)-ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਤਹਿਤ ਅੱਜ ਇਥੇ ਚਾਰ ਹੋਰ ਦੁਕਾਨਾਂ ’ਤੇ ਪੀਲਾ ਪੰਜਾ ਚੱਲ ਗਿਆ। ਭਾਵੇਂ ਦੁਕਾਨਦਾਰ ਹਾਏ-ਤੋਬਾ ਮਚਾਉਂਦੇ ਰਹੇ ਪਰ ਉਨ੍ਹਾਂ ਦੀ ਇਕ ਵੀ ਨਾ ਸੁਣੀ ਗਈ, ਜਦੋਂ ਕਿ ਨਿਗਮ ਅਧਿਕਾਰੀਆਂ ’ਤੇ ਸਿਆਸੀ ਦਬਾਅ ਹੇਠ ਪੱਖਪਾਤ ਕਰਨ ਦਾ ਦੋਸ਼ ਵੀ ਲੱਗ ਰਿਹਾ ਹੈ। ਹਾਜੀ ਰਤਨ ਚੌਕ ’ਚ ਵਕਫ ਬੋਰਡ ਦੀ ਜਗ੍ਹਾ ’ਤੇ ਡੇਢ ਦਰਜਨ ਦੁਕਾਨਾਂ ਬਣੀਆਂ ਹੋਈਅਾਂ ਹਨ, ਜਿਨ੍ਹਾਂ ਨੂੰ ਅਣ-ਅਧਿਕਾਰਤ ਐਲਾਨਿਆ ਹੋਇਆ ਹੈ। ਬੀਤੇ ਦਿਨੀਂ ਇਕ ਦੁਕਾਨਦਾਰ ਨੇ ਇਹ ਦੋਸ਼ ਵੀ ਲਾਏ ਸਨ ਕਿ ਇਕ ਅਧਿਕਾਰੀ ਰਿਸ਼ਵਤ ਲੈ ਕੇ ਕੁਝ ਦੁਕਾਨਾਂ ਦੀ ਨਾਜਾਇਜ਼ ਉਸਾਰੀ ਕਰਵਾ ਰਿਹਾ ਹੈ।
ਅੱਜ ਸਵੇਰੇ ਐਕਸੀਅਨ ਦਵਿੰਦਰ ਜੌਡ਼ਾ ਦੀ ਅਗਵਾਈ ਹੇਠ ਨਿਗਮ ਦੀ ਟੀਮ ਜੇ. ਸੀ. ਬੀ. ਮਸ਼ੀਨਾਂ ਨਾਲ ਹਾਜੀ ਰਤਨ ਚੌਕ ’ਚ ਪਹੁੰਚੀ ਜਦਕਿ ਮੌਕੇ ’ਤੇ ਪੁਲਸ ਵੀ ਮੌਜੂਦ ਸੀ। ਦੁਕਾਨਦਾਰਾਂ ਨੇ ਅਧਿਕਾਰੀਆਂ ਦੇ ਮਿੰਨਤਾਂ-ਤਰਲੇ ਕੀਤੇ ਕਿ ਕੁਝ ਸਮੇਂ ਦੀ ਮੋਹਲਤ ਦਿੱਤੀ ਜਾਵੇ, ਜਿਸ ’ਤੇ ਅਧਿਕਾਰੀਅਾਂ ਨੇ ਦੁਕਾਨਦਾਰਾਂ ਨੂੰ ਚਾਰ ਦਿਨ ਦਾ ਸਮਾਂ ਦਿੱਤਾ ਤੇ ਉਥੋਂ ਚਲੇ ਗਏ ਪਰ ਨਿਗਮ ਕਮਿਸ਼ਨਰ ਨੇ ਫਰਮਾਨ ਜਾਰੀ ਕਰ ਦਿੱਤੇ ਕਿ ਦੁਕਾਨਾਂ ਅੱਜ ਹੀ ਢਾਹੀਆਂ ਜਾਣ। ਅੰਤ ਸ਼ਾਮ ਨੂੰ ਨਿਗਮ ਦੀ ਉਹੀ ਟੀਮ ਦੋਬਾਰਾ ਆਈ ਤੇ ਚਾਰ ਦੁਕਾਨਾਂ ਢਾਹ ਦਿੱਤੀਆਂ ਗਈਆਂ ਪਰ ਦਰਜਨ ਭਰ ਹੋਰ ਦੁਕਾਨਾਂ ਜਿਉਂ ਦੀਆਂ ਤਿਉਂ ਖਡ਼੍ਹੀਆਂ ਹਨ।
ਨਿਗਮ ਅਧਿਕਾਰੀਆਂ ’ਤੇ ਪੱਖਪਾਤ ਦੇ ਲਾਏ ਦੋਸ਼
ਪੀਡ਼ਤ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਦੁਕਾਨਾਂ ਨਾ ਢਾਹ ਕੇ ਕੋਈ ਹੋਰ ਰਸਤਾ ਕੱਢਿਆ ਜਾਵੇਗਾ ਪਰ ਉਨ੍ਹਾਂ ਨੂੰ ਉਜਾਡ਼ ਦਿੱਤਾ ਗਿਆ, ਜਦੋਂ ਕਿ ਕੁਝ ਸਿਆਸੀ ਪਹੁੰਚ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਨਹੀਂ ਢਾਹੀਆਂ ਗਈਆਂ, ਜਦਕਿ ਉਨ੍ਹਾਂ ਨੇ ਬਿਨਾਂ ਨਕਸ਼ਾ ਚੁਬਾਰੇ ਵੀ ਪਾ ਰੱਖੇ ਹਨ। ਸਾਰੀ ਕਾਰਵਾਈ ਕਾਨੂੰਨ ਅਨੁਸਾਰ ਹੋਈ : ਨਿਗਮ ਕਮਿਸ਼ਨਰ
ਰਿਸ਼ੀ ਪਾਲ ਕਮਿਸ਼ਨਰ ਨਗਰ ਨਿਗਮ ਬਠਿੰਡਾ ਦਾ ਕਹਿਣਾ ਹੈ ਕਿ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ। ਹਾਜੀ ਰਤਨ ਚੌਕ ’ਚ ਜਿਹਡ਼ੀਆਂ ਦੁਕਾਨਾਂ ਬਚੀਆਂ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ, ਜੋ ਜਲਦੀ ਹੀ ਢਾਹੀਆਂ ਜਾਣੀਆਂ ਹਨ। ਬੀਤੇ ਦਿਨੀਂ ਸੌ ਫੁੱਟ ਰੋਡ ’ਤੇ ਵੀ ਕੁਝ ਦੁਕਾਨਾਂ ਢਾਹੀਆਂ ਗਈਆਂ ਸਨ ਪਰ ਬਿਲਕੁਲ ਨਾਲ ਵਾਲੀ ਨਾਜਾਇਜ਼ ਉਸਾਰੀ ਗਈ ਇਮਾਰਤ ਨੂੰ ਬਖਸ਼ ਦਿੱਤਾ ਗਿਆ ਸੀ, ਜੋ ਕਿ ਇਕ ਸਾਬਕਾ ਨਿਗਮ ਅਧਿਕਾਰੀ ਦੀ ਹੈ। ਇਸ ਬਾਰੇ ਕਮਿਸ਼ਨਰ ਦਾ ਕਹਿਣਾ ਹੈ ਕਿ ਮਾਮਲਾ ਧਿਆਨ ’ਚ ਨਹੀਂ ਹੈ, ਫਿਰ ਵੀ ਉਹ ਇਸਦੀ ਪਡ਼ਤਾਲ ਕਰਵਾਉਣਗੇ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਦੀਵਾਸੀਆਂ ਦੇ ਹੱਕ ’ਚ ਡੀ. ਸੀ. ਦਫਤਰ ਅੱਗੇ ਧਰਨਾ
NEXT STORY