ਜਲੰਧਰ (ਚੋਪੜਾ)— ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ ਦੌਰਾਨ ਸਿੱਖ ਤਾਲਮੇਲ ਕਮੇਟੀ ਦੇ ਭੁਪਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਿੰਦਰ ਸਿੰਘ ਦਸਮੇਸ਼ ਨਗਰ ਅਤੇ ਹੋਰਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਨਗਰ ਨਿਗਮ ਦਾ ਮੇਅਰ ਕਿਸੇ ਸਿੱਖ ਕੌਂਸਲਰ ਨੂੰ ਬਣਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਨਿਗਮ ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਨਕਾਰਦੇ ਹੋਏ ਕਾਂਗਰਸ ਦੀ ਮਦਦ ਕੀਤੀ ਹੈ। ਸ਼ਹਿਰ ਵਿਚ 40 ਫੀਸਦੀ ਆਬਾਦੀ ਸਿੱਖ ਵਰਗ ਨਾਲ ਸਬੰਧਤ ਹੈ ਜਿਸ ਦੀ ਮਦਦ ਨਾਲ ਕਈ ਸਿੱਖ ਔਰਤਾਂ ਅਤੇ ਮਰਦ ਕੌਂਸਲਰ ਬਣ ਕੇ ਨਗਰ ਨਿਗਮ ਦੇ ਮੈਂਬਰ ਬਣੇ ਹਨ। ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ ਨੇ ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਦੇ ਅਹੁਦਿਆਂ 'ਤੇ ਸਿੱਖ ਚਿਹਰੇ ਅੱਗੇ ਲਿਆਂਦੇ ਸਨ। ਇਸ ਤੋਂ ਇਲਾਵਾ ਕਈ ਹੋਰ ਵਿਭਾਗਾਂ ਅਤੇ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਸਿੱਖ ਵਰਗ ਨਾਲ ਸਬੰਧਤ ਬਣਾਏ ਜਾਂਦੇ ਰਹੇ।
ਇਸ ਮੌਕੇ ਸਤਪਾਲ ਸਿੰਘ ਸਿਦਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਕਿਸੇ ਭਾਈਚਾਰੇ ਦੇ ਖਿਲਾਫ ਨਹੀਂ ਹਨ, ਪਰ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਮੇਅਰ ਦਾ ਅਹੁਦਾ ਕਿਸੇ ਸਿੱਖ ਨੂੰ ਮਿਲਣ ਨਾਲ ਸਿੱਖਾਂ ਦਾ ਕਾਂਗਰਸ ਪ੍ਰਤੀ ਵਿਸ਼ਵਾਸ ਵਧੇਗਾ। ਮੀਟਿੰਗ ਵਿਚ ਸਿੱਖ ਕੌਂਸਲਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨਾਲ ਸਬੰਧਤ ਮੁੱਦਿਆਂ ਨੂੰ ਵਧ-ਚੜ੍ਹ ਕੇ ਉਠਾਇਆ ਕਰਨ। ਇਸ ਮੌਕੇ ਭੁਪਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ, ਨਿਰਮਲ ਸਿੰਘ, ਪ੍ਰਭਜੋਤ ਸਿੰਘ ਤੇ ਹੋਰ ਵੀ ਮੌਜੂਦ ਸਨ।
ਆਵਾਰਾ ਪਸ਼ੂਆਂ ਦੇ ਮਾਮਲੇ 'ਤੇ ਕਿਸਾਨ ਹੋਣ ਲੱਗੇ 'ਆਹਮੋ-ਸਾਹਮਣੇ'
NEXT STORY